ਮੋਦੀ-ਟਰੰਪ ਮੁਲਾਕਾਤ ਦੌਰਾਨ ਲਏ ਗਏ 10 ਇਤਿਹਾਸਕ ਫੈਸਲੇ, ਦੁਨੀਆ ਦੇਖੇਗੀ ਭਾਰਤ-ਅਮਰੀਕਾ ਦੀ ਨਵੀਂ ਤਾਕਤ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਈ ਇਤਿਹਾਸਕ ਮੁਲਾਕਾਤ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਭਾਰਤ ਅਤੇ ਅਮਰੀਕਾ ਵਿਚਕਾਰ ਇਸ ‘ਮੈਗਾ ਪਾਰਟਨਰਸ਼ਿਪ’ ਦੇ ਕੀ ਮਾਇਨੇ ਹੋ ਸਕਦੇ ਹਨ? ਕੀ ਭਾਰਤ ਨੂੰ F-35 ਲੜਾਕੂ ਜਹਾਜ਼ ਮਿਲਣਗੇ? ਕੀ 2030 ਤੱਕ ਭਾਰਤ-ਅਮਰੀਕਾ ਵਪਾਰ 500 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ? ਪ੍ਰਮਾਣੂ ਤਕਨਾਲੋਜੀ ਤੋਂ ਲੈ ਕੇ 26/11 ਹਮਲਿਆਂ ਦੇ ਦੋਸ਼ੀਆਂ ਦੀ ਹਵਾਲਗੀ ਤੱਕ। ਆਓ ਜਾਣਦੇ ਹਾਂ ਇਸ ਮਿਟਿੰਗ ਦੇ ਮੁੱਖ ਪਹਿਲੁਆਂ ਬਾਰੇ…
2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨਾ..
ਮੋਦੀ ਅਤੇ ਟਰੰਪ 2030 ਤੱਕ ਭਾਰਤ-ਅਮਰੀਕਾ ਦੁਵੱਲੇ ਵਪਾਰ ਨੂੰ 500 ਬਿਲੀਅਨ ਡਾਲਰ ਤੱਕ ਵਧਾਉਣ ਲਈ ਸਹਿਮਤ ਹੋਏ ਹਨ। ਇਸ ਤੋਂ ਇਲਾਵਾ, ਮੋਦੀ ਨੇ ਅਮਰੀਕਾ ਦੀ ਮਿੱਟੀ ਤੋਂ MAGA + MIGA = MEGA ਦਾ ਨਵਾਂ ਫਾਰਮੂਲਾ ਵੀ ਦਿੱਤਾ। MAGA ਦਾ ਅਰਥ ਹੈ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ ਅਤੇ MIGA ਦਾ ਅਰਥ ਹੈ ਭਾਰਤ ਨੂੰ ਫਿਰ ਤੋਂ ਮਹਾਨ ਬਣਾਓ। ਮੋਦੀ ਨੇ ਕਿਹਾ ਕਿ ਇਹ ਦੋਵੇਂ ਮਿਲ ਕੇ ਇੱਕ ਵੱਡੀ ਭਾਈਵਾਲੀ ਬਣਾ ਸਕਦੇ ਹਨ, ਜੋ ਪੂਰੀ ਦੁਨੀਆ ਨੂੰ ਇੱਕ ਨਵਾਂ ਰੂਪ ਦੇ ਸਕਦੀ ਹੈ। ਦੋਵਾਂ ਦੇਸ਼ਾਂ ਦੀਆਂ ਟੀਮਾਂ ਜਲਦੀ ਹੀ ਇਸ ਦਿਸ਼ਾ ਵਿੱਚ ਇੱਕ ਵਿਆਪਕ ਵਪਾਰ ਸਮਝੌਤੇ ‘ਤੇ ਕੰਮ ਕਰਨਾ ਸ਼ੁਰੂ ਕਰਨਗੀਆਂ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ 2008 ਦੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੂੰ ਭਾਰਤ ਦੇ ਹਵਾਲੇ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ, “ਅਸੀਂ ਉਸ ਨੂੰ ਭਾਰਤ ਦੇ ਹਵਾਲੇ ਕਰ ਰਹੇ ਹਾਂ, ਜਿੱਥੇ ਉਸਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ ਅਤੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।”
ਭਾਰਤ ਵਿੱਚ ਅਮਰੀਕੀ ਪ੍ਰਮਾਣੂ ਤਕਨਾਲੋਜੀ ਲਈ ਨਵਾਂ ਅਧਿਆਇ…
ਟਰੰਪ ਨੇ ਐਲਾਨ ਕੀਤਾ ਕਿ ਭਾਰਤ ਆਪਣੇ ਕਾਨੂੰਨਾਂ ਵਿੱਚ ਸੁਧਾਰ ਕਰ ਰਿਹਾ ਹੈ ਤਾਂ ਜੋ ਭਾਰਤੀ ਬਾਜ਼ਾਰ ਵਿੱਚ ਅਮਰੀਕੀ ਪ੍ਰਮਾਣੂ ਤਕਨਾਲੋਜੀ ਤੱਕ ਵਧੇਰੇ ਪਹੁੰਚ ਮਿਲ ਸਕੇ। ਇਸ ਨਾਲ ਭਾਰਤ ਦੇ ਲੱਖਾਂ ਲੋਕਾਂ ਨੂੰ ਸੁਰੱਖਿਅਤ, ਸਾਫ਼ ਅਤੇ ਕਿਫਾਇਤੀ ਬਿਜਲੀ ਮਿਲੇਗੀ। ਇਸ ਦੇ ਨਾਲ ਹੀ, ਅਮਰੀਕੀ ਸਿਵਲ ਪ੍ਰਮਾਣੂ ਉਦਯੋਗ ਨੂੰ ਅਰਬਾਂ ਡਾਲਰ ਦਾ ਫਾਇਦਾ ਹੋਵੇਗਾ।
ਭਾਰਤ ਨੂੰ ਆਧੁਨਿਕ F-35 ਲੜਾਕੂ ਜਹਾਜ਼ ਮਿਲਣਗੇ…
ਅਮਰੀਕਾ ਨੇ ਰੱਖਿਆ ਖੇਤਰ ਵਿੱਚ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਦੇ ਹੋਏ ਭਾਰਤ ਨੂੰ F-35 ਸਟੀਲਥ ਲੜਾਕੂ ਜਹਾਜ਼ ਦੇਣ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ, “ਇਸ ਸਾਲ ਦੀ ਸ਼ੁਰੂਆਤ ਤੋਂ, ਅਸੀਂ ਭਾਰਤ ਨੂੰ ਅਰਬਾਂ ਡਾਲਰ ਦੀ ਰੱਖਿਆ ਤਕਨਾਲੋਜੀ ਵੇਚਣ ਜਾ ਰਹੇ ਹਾਂ ਅਤੇ ਭਵਿੱਖ ਵਿੱਚ ਭਾਰਤ ਨੂੰ F-35 ਲੜਾਕੂ ਜਹਾਜ਼ ਦੇਣ ਦਾ ਰਾਹ ਵੀ ਪੱਧਰਾ ਕਰ ਰਹੇ ਹਾਂ।”
ਆਟੋਨੋਮਸ ਸਿਸਟਮ ਇੰਡਸਟਰੀ ਅਲਾਇੰਸ (ਏਐਸਆਈਏ) ਦੀ ਸ਼ੁਰੂਆਤ…
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਮਿਲ ਕੇ ‘ਆਟੋਨੋਮਸ ਸਿਸਟਮ ਇੰਡਸਟਰੀ ਅਲਾਇੰਸ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜੋ ਅਗਲੇ ਦਹਾਕੇ ਵਿੱਚ ਰੱਖਿਆ ਅਤੇ ਆਟੋਨੋਮਸ ਸਿਸਟਮ ਦੇ ਖੇਤਰ ਵਿੱਚ ਨਵੇਂ ਮੌਕੇ ਪੈਦਾ ਕਰੇਗਾ।
ਅਮਰੀਕਾ IMEC ਕੋਰੀਡੋਰ ਬਣਾਉਣ ਵਿੱਚ ਸਹਿਯੋਗ ਕਰੇਗਾ…
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਆਈਐਮਈਸੀ ਕੋਰੀਡੋਰ ਦੇ ਨਿਰਮਾਣ ਵਿੱਚ ਮਿਲ ਕੇ ਕੰਮ ਕਰਨਗੇ। ਇਹ ਆਰਥਿਕ ਲਾਂਘਾ ਭਾਰਤ ਤੋਂ ਮੱਧ ਪੂਰਬ ਰਾਹੀਂ ਯੂਰਪ ਤੱਕ ਜਾਵੇਗਾ। ਬਾਅਦ ਵਿੱਚ, ਇਸਨੂੰ ਅਮਰੀਕਾ ਨਾਲ ਵੀ ਜੋੜਨ ਦੀ ਯੋਜਨਾ ਹੈ। ਟਰੰਪ ਨੇ ਕਿਹਾ ਕਿ ਇਹ ਇਤਿਹਾਸ ਦਾ ਸਭ ਤੋਂ ਵੱਡਾ ਆਰਥਿਕ ਗਲਿਆਰਾ ਹੋਵੇਗਾ, ਜੋ ਭਾਰਤ ਤੋਂ ਇਜ਼ਰਾਈਲ, ਇਟਲੀ ਅਤੇ ਅਮਰੀਕਾ ਤੱਕ ਵਪਾਰ ਅਤੇ ਸੰਪਰਕ ਵਧਾਏਗਾ।
ਅਮਰੀਕਾ ਭਾਰਤ ਨੂੰ ਤੇਲ ਅਤੇ ਗੈਸ ਦਾ ਸਭ ਤੋਂ ਵੱਡਾ ਸਪਲਾਇਰ ਬਣ ਜਾਵੇਗਾ…
ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਕਾਰ ਊਰਜਾ ਸਮਝੌਤਾ ਇੱਕ ਮਹੱਤਵਪੂਰਨ ਮੋੜ ‘ਤੇ ਪਹੁੰਚ ਗਿਆ ਹੈ। ਇਸ ਸਮਝੌਤੇ ਤੋਂ ਬਾਅਦ, ਅਮਰੀਕਾ ਫਿਰ ਤੋਂ ਭਾਰਤ ਨੂੰ ਤੇਲ ਅਤੇ ਗੈਸ ਦਾ ਸਭ ਤੋਂ ਵੱਡਾ ਨਿਰਯਾਤਕ ਬਣ ਜਾਵੇਗਾ। ਟਰੰਪ ਨੇ ਕਿਹਾ, “ਇਸ ਸਾਲ ਤੋਂ, ਅਸੀਂ ਭਾਰਤ ਨੂੰ ਅਰਬਾਂ ਡਾਲਰ ਦੀ ਰੱਖਿਆ ਤਕਨਾਲੋਜੀ ਦੇਣ ਜਾ ਰਹੇ ਹਾਂ, ਜਿਸ ਨਾਲ ਭਾਰਤੀ ਫੌਜ ਹੋਰ ਵੀ ਮਜ਼ਬੂਤ ਹੋਵੇਗੀ।”
ਭਾਰਤ ਅਤੇ ਅਮਰੀਕਾ ਅੱਤਵਾਦ ਵਿਰੁੱਧ ਇਕੱਠੇ ਲੜਨਗੇ…
ਟਰੰਪ ਨੇ ਕਿਹਾ ਕਿ ਅੱਤਵਾਦ ਭਾਰਤ ਅਤੇ ਅਮਰੀਕਾ ਦਾ ਸਾਂਝਾ ਦੁਸ਼ਮਣ ਹੈ। ਉਨ੍ਹਾਂ ਕਿਹਾ, “ਅਮਰੀਕਾ ਅਤੇ ਭਾਰਤ ਕੱਟੜਪੰਥੀ ਇਸਲਾਮੀ ਅੱਤਵਾਦ ਦਾ ਮੁਕਾਬਲਾ ਕਰਨ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਿਲ ਕੇ ਕੰਮ ਕਰਨਗੇ। ਕੱਟੜਪੰਥੀ ਇਸਲਾਮੀ ਅੱਤਵਾਦ ਪੂਰੀ ਦੁਨੀਆ ਲਈ ਖ਼ਤਰਾ ਹੈ।”
ਭਾਰਤ ਅਤੇ ਅਮਰੀਕਾ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਲਈ ਕੰਮ ਕਰਨਗੇ…
ਪ੍ਰਧਾਨ ਮੰਤਰੀ ਮੋਦੀ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ਅਤੇ ਅਮਰੀਕਾ ਇਸ ਦਿਸ਼ਾ ਵਿੱਚ ਮਿਲ ਕੇ ਕੰਮ ਕਰਨਗੇ। ਮੋਦੀ ਨੇ ਕਿਹਾ ਕਿ ਇਸ ਵਿੱਚ QUAD ਦੇਸ਼ਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਇਸ ਵਾਰ ਭਾਰਤ ਕਵਾਡ ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਜਿਸ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਨਵੇਂ ਖੇਤਰਾਂ ਵਿੱਚ ਆਪਣਾ ਸਹਿਯੋਗ ਵਧਾਉਣਗੇ।