ਇਕ ਹੋਰ ਜਹਾਜ਼ ਕਰੈਸ਼, 179 ਯਾਤਰੀਆਂ ਦੀ ਮੌਤ, ਬਚਾਅ ਕਾਰਜ ਜਾਰੀ… Plane Crashs plane crash in South Korea death toll has risen to 179 out of 181 passengers – News18 ਪੰਜਾਬੀ

South Korea Plane Crash : ਦੱਖਣੀ ਕੋਰੀਆ ਵਿੱਚ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਹੈ। ਜਹਾਜ਼ ਵਿਚ ਸਵਾਰ 181 ਯਾਤਰੀਆਂ ‘ਚੋਂ ਮਰਨ ਵਾਲਿਆਂ ਦੀ ਗਿਣਤੀ ਵਧ ਕੇ 179 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ‘ਚ ਸਵਾਰ ਬਾਕੀ ਯਾਤਰੀਆਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਹਾਦਸੇ ਦੀ ਜਾਂਚ ਜਾਰੀ ਹੈ।
ਇਸ ਜਹਾਜ਼ ‘ਚ 181 ਲੋਕ ਸਵਾਰ ਸਨ, ਜਿਨ੍ਹਾਂ ‘ਚ 175 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਨ। ਇਸ ਹਾਦਸੇ ਵਿੱਚ 179 ਲੋਕਾਂ ਦੀ ਮੌਤ ਹੋ ਗਈ ਹੈ। ਮਲਬੇ ‘ਚੋਂ 2 ਲੋਕਾਂ ਨੂੰ ਜ਼ਿੰਦਾ ਕੱਢ ਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਦੋਵੇਂ ਚਾਲਕ ਦਲ ਦੇ ਮੈਂਬਰ ਹਨ।
ਦੱਖਣੀ ਕੋਰੀਆ ਦੇ ਦੱਖਣ-ਪੱਛਮ ਵਿੱਚ ਮੁਆਨ ਕਾਊਂਟੀ ’ਚ ਸਵੇਰੇ ਮੁਆਨ ਕੌਮਾਂਤਰੀ ਹਵਾਈ ਅੱਡੇ ’ਤੇ ਲੈਂਡਿੰਗ ਮੌਕੇ ਜੇਜੂ ਏਅਰ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟੋ 179 ਵਿਅਕਤੀ ਹਲਾਕ ਹੋ ਗਏ। ਮੁਆਨ ਸ਼ਹਿਰ ਰਾਜਧਾਨੀ ਸਿਓਲ ਤੋਂ ਲਗਭਗ 290 ਕਿਲੋਮੀਟਰ ਦੂਰ ਹੈ। ਹਾਦਸੇ ਕਾਰਨਾਂ ਸਬੰਧੀ ਮੁੱਢਲੇ ਤੌਰ ’ਤੇ ਦੇਸ਼ ਦੇ ਹੰਗਾਮੀ ਹਾਲਾਤ ਬਾਰੇ ਦਫ਼ਤਰ ਨੇ ਕਿਹਾ ਕਿ ਜਹਾਜ਼ ਦਾ ਲੈਂਡਿੰਗ ਗੇਅਰ ਖਰਾਬ ਹੋ ਗਿਆ ਸੀ।
ਕੌਮੀ ਫਾਇਰ ਏਜੰਸੀ ਨੇ ਕਿਹਾ ਕਿ ਬਚਾਅ ਦਲ ਮੁਆਨ ਸ਼ਹਿਰ ਸਥਿਤ ਇਸ ਹਵਾਈ ਅੱਡੇ ਉਤੇ ਜੇਜੂ ਏਅਰ ਦੇ ਯਾਤਰੀ ਜਹਾਜ਼ ਵਿਚੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ’ਚ ਜੁਟਿਆ ਹੋਇਆ ਹੈ। ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਇਹ ਜਹਾਜ਼ 15 ਸਾਲ ਪੁਰਾਣਾ ਬੋਇੰਗ 737-800 ਜੈੱਟ ਸੀ ਜੋ ਬੈਂਕਾਕ ਤੋਂ ਮੁੜਦੇ ਸਮੇਂ ਸਵੇਰੇ ਲਗਭਗ 9.03 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਫਾਇਰ ਏਜੰਸੀ ਨੇ ਕਿਹਾ ਕਿ ਅੱਗ ਲੱਗਣ ਦੀ ਘਟਨਾ ’ਚ ਘੱਟੋ-ਘੱਟ 179 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 83 ਔਰਤਾਂ ਤੇ 82 ਪੁਰਸ਼ ਸ਼ਾਮਲ ਹਨ। ਜਦਕਿ 11 ਜਣਿਆਂ ਦੀ ਤੁਰਤ ਪਛਾਣ ਨਹੀਂ ਹੋ ਸਕੀ। ਬਚਾਅ ਦਲ ਨੇ ਦੋ ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ, ਜੋ ਕਿ ਚਾਲਕ ਅਮਲੇ ਦੇ ਮੈਂਬਰ ਹਨ।
ਵਾਈਟੀਐੱਨ ਟੈਲੀਵਿਜ਼ਨ ਵੱਲੋਂ ਪ੍ਰਸਾਰਿਤ ਇੱਕ ਵੀਡੀਓ ਫੁਟੇਜ ਵਿੱਚ ‘ਜੇਜੂ ਏਅਰ’ ਦਾ ਜਹਾਜ਼ ਹਵਾਈ ਪੱਟੀ ਤੋਂ ਤਿਲਕ ਕੇ ਕੰਕਰੀਟ ਦੇ ਇੱਕ ਬੈਰੀਅਰ ਨਾਲ ਟਰਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਮੁਆਨ ਫਾਇਰ ਬ੍ਰਿਗੇਡ ਦੇ ਮੁਖੀ ਲੀ ਜਿਓਂਗ ਹੇਈਓਨ ਨੇ ਕਿਹਾ ਕਿ ਹਾਦਸੇ ਕਾਰਨ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਮਲਬੇ ਵਿਚੋਂ ਸਿਰਫ ਪਿਛਲਾ ਹਿੱਸਾ ਹੀ ਪਛਾਣਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਛੀਆਂ ਦੇ ਜਹਾਜ਼ ਨਾਲ ਟਕਰਾਉਣ ਦੇ ਪੱਖ ਵੀ ਸ਼ਾਮਲ ਹਨ।