ਪਿਤਾ ਦੀ ਮੌਤ ਤੋਂ ਬਾਅਦ T20 World Cup ‘ਚ ਮੁੜ ਪਰਤੀ ਪਾਕਿਸਤਾਨੀ ਕਪਤਾਨ, ਨਿਊਜ਼ੀਲੈਂਡ ਨਾਲ ਹੋਵੇਗਾ ਮੁਕਾਬਲਾ

ਆਈਸੀਸੀ ਮਹਿਲਾ ਟੀ-20 ਵਿਸ਼ਵ (ICC Women’s T20 World Cup) ਕੱਪ ਚੱਲ ਰਿਹਾ ਹੈ। ਇਸਦੇ ਦੌਰਾਨ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਫਾਤਿਮਾ ਸਨਾ (Fatima Sana) ਦੇ ਪਿਤਾ ਦੀ 10 ਅਕਤੂਬਰ ਨੂੰ ਮੌਤ ਹੋ ਗਈ ਸੀ। ਜਿਸ ਕਾਰਨ ਉਸਨੂੰ ਮੈਚ ਛੱਡ ਕੇ ਪਾਕਿਸਤਾਨ ਪਰਤਣਾ ਪਿਆ। ਉਹ ਆਸਟ੍ਰੇਲੀਆ ਦੇ ਵਿਰੁੱਧ ਮੈਚ ਨਹੀਂ ਖੇਡ ਸਕੀ। ਪਰ ਪਿਤਾ ਦੀ ਮੌਤ ਦੇ ਬਾਵਜੂਦ ਫਾਤਿਮਾ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ (ICC Women’s T20 World Cup) ਖੇਡਣ ਲਈ ਪਰਤ ਆਈ ਹੈ।
ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ (Pakistan Captain Fatima Sana) 14 ਅਕਤੂਬਰ ਨੂੰ ਨਿਊਜ਼ੀਲੈਂਡ (New Zealand) ਖਿਲਾਫ ਹੋਣ ਵਾਲੇ ਅਹਿਮ ਮੈਚ ਲਈ ਦੁਬਈ ਪਰਤੇਗੀ। ਉਸਦੇ ਖੇਡ ਲਈ ਵਾਪਸ ਪਰਤਣ ਨੇ ਟੀਮ ਨੂੰ ਬਹੁਤ ਹੌਸਲਾ ਦਿੱਤਾ ਹੈ।
ਪਾਕਿਸਤਾਨ ਨੇ ਪਿਛਲਾ ਮੈਚ ਆਸਟ੍ਰੇਲੀਆ ਵਿਰੁੱਧ ਫਾਤਿਮਾ ਸਨਾ ਦੀ ਗੈਰ ਮੌਜੂਦਗੀ ਵਿੱਚ ਖੇਡਿਆ। ਇਸ ਮੈਚ ਵਿੱਚ ਪਾਕਿਸਤਾਨ ਨੂੰ 9 ਵਿਕਟਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੀ ਟੀਮ 82 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ ਅਤੇ ਆਸਟ੍ਰੇਲੀਆ ਟੀਮ ਨੇ 11 ਓਵਰਾਂ ਵਿੱਚ ਹੀ ਜਿੱਤ ਹਾਸਿਲ ਕਰ ਲਈ।
ਸਚਿਨ ਨੇ ਵੀ ਦਿਖਾਇਆ ਸੀ ਹੌਸਲਾ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਚਿਨ ਤੇਂਦੁਲਕਰ (Sachin Tendulkar) ਨੇ ਵੀ ਫਾਤਿਮਾ ਸਨਾ ਵਰਗਾ ਹੌਸਲਾ ਦਿਖਾਇਆ ਸੀ। ਸਾਲ 1999 ਪੁਰਸ਼ਾਂ ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿਚ, ਸਚਿਨ ਤੇਂਦੁਲਕਰ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਇੰਗਲੈਂਡ ਤੋਂ ਭਾਰਤ ਪਰਤਿਆ। ਉਹ ਆਪਣੀ ਟੀਮ ਵਿਚ ਦੁਬਾਰਾ ਸ਼ਾਮਿਲ ਹੋਇਆ ਅਤੇ ਕੀਨੀਆ ਦੇ ਖਿਲਾਫ ਮੈਚ ਜੇਤੂ ਸੈਂਕੜਾ ਲਗਾਇਆ।
ਪਾਕਿਸਤਾਨ ਤੇ ਨਿਊਜ਼ੀਲੈਂਡ ਦਾ ਮੈਚ
ਜ਼ਿਕਰਯੋਗ ਹੈ ਕਿ ਆਈਸੀਸੀ (ICC) ਦੀ ਮਨਜ਼ੂਰੀ ਤੋਂ ਬਾਅਦ ਵਿਕਟਕੀਪਰ ਤੇ ਬੱਲੇਬਾਜ਼ ਨਾਜ਼ੀਹਾ ਅਲਵੀ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਨਾਜ਼ੀਹਾ ਨੇ 12 ਵਨਡੇ ਅਤੇ ਅੱਠ ਟੀ-20 ਮੈਚ ਖੇਡੇ ਹਨ। ਉਸ ਨੇ ਵਨਡੇ ਫਾਰਮੈਟ ਵਿੱਚ 21.25 ਦੀ ਔਸਤ ਨਾਲ 170 ਦੌੜਾਂ ਬਣਾਈਆਂ ਹਨ।
ਇਸਦੇ ਨਾਲ ਹੀ ਸੀਨੀਅਰ ਤੇਜ਼ ਗੇਂਦਬਾਜ਼ ਡਾਇਨਾ ਬੇਗ ਨੂੰ ਸੱਟ ਲੱਗਣ ਕਾਰਨ, ਨਿਊਜ਼ੀਲੈਂਡ ਖਿਲਾਫ ਇਸ ਅਹਿਮ ਮੈਚ ਲਈ ਬਾਹਰ ਕਰ ਦਿੱਤਾ ਗਿਆ ਹੈ। ਬੇਗ ਦੀ ਗੈਰ-ਮੌਜੂਦਗੀ ਵਿਚ ਫਾਤਿਮਾ ਸਨਾ ਦੀ ਮੌਜੂਦਗੀ ਪਾਕਿਸਤਾਨ ਦੇ ਨਿਊਜ਼ੀਲੈਂਡ ਨੂੰ ਹਰਾਉਣ ਦੀਆਂ ਸੰਭਾਵਨਾਵਾਂ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ।