Pakistan Army Attacked: ਫੌਜ ਦੇ ਕਾਫਲੇ ਉਤੇ ਹਮਲਾ, 7 ਬੱਸਾਂ ਨੂੰ ਬਣਾਇਆ ਨਿਸ਼ਾਨਾ, 90 ਮੌਤਾਂ…

Pakistan Army Attacked: ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਇਨ੍ਹੀਂ ਦਿਨੀਂ ਪਾਕਿਸਤਾਨੀ ਫੌਜ ਉਤੇ ਲਗਾਤਾਰ ਹਮਲੇ ਕਰ ਰਹੀ ਹੈ। ਬਲੋਚ ਵਿਦਰੋਹੀਆਂ ਨੇ ਐਤਵਾਰ ਨੂੰ ਪਾਕਿਸਤਾਨੀ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਘੱਟੋ-ਘੱਟ 90 ਸੈਨਿਕ ਮਾਰੇ ਗਏ।
ਬੀਐਲਏ ਨੇ ਦਾਅਵਾ ਕੀਤਾ ਹੈ ਕਿ ਮਜੀਦ ਬ੍ਰਿਗੇਡ ਨੇ ਪਾਕਿਸਤਾਨੀ ਫ਼ੌਜ ਦੇ ਕਾਫ਼ਲੇ ‘ਤੇ ਆਤਮਘਾਤੀ ਹਮਲਾ ਕੀਤਾ ਹੈ। ਇਸ ਤੋਂ ਬਾਅਦ ਬੀਐਲਏ ਦੇ ਫਤਿਹ ਦਸਤੇ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਮਰਨ ਵਾਲੇ ਪਾਕਿਸਤਾਨੀ ਸੈਨਿਕਾਂ ਦੀ ਕੁੱਲ ਗਿਣਤੀ 90 ਹੋ ਗਈ। ਇਸ ਕਾਫ਼ਲੇ ਵਿੱਚ 7 ਬੱਸਾਂ ਸ਼ਾਮਲ ਸਨ, ਜੋ ਕਿ ਕਵੇਟਾ ਤੋਂ ਤਫ਼ਤਾਨ ਜਾ ਰਹੀਆਂ ਸਨ। ਫਿਰ ਬਲੋਚਿਸਤਾਨ ਦੇ ਨੋਸ਼ਕੀ ‘ਚ ਆਰਸੀਡੀ ਹਾਈਵੇਅ ‘ਤੇ ਇਸ ਨੂੰ ਨਿਸ਼ਾਨਾ ਬਣਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਫ਼ੌਜ ਦੇ ਕਾਫ਼ਲੇ ਉਤੇ ਹੋਏ ਇਸ ਆਤਮਘਾਤੀ ਹਮਲੇ ਤੋਂ ਬਾਅਦ 3 ਪਾਕਿਸਤਾਨੀ ਹੈਲੀਕਾਪਟਰ ਨੋਸ਼ਕੀ ਭੇਜੇ ਗਏ ਸਨ। ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ, ਜਦੋਂ ਕਿ ਐਂਬੂਲੈਂਸਾਂ ਲਗਾਤਾਰ ਐਫਸੀ ਹੈੱਡਕੁਆਰਟਰ ਵੱਲ ਦੌੜ ਰਹੀਆਂ ਹਨ।
ਬੀਐਲਏ ਦੇ ਬੁਲਾਰੇ ਜਿਆਂਦ ਬਲੋਚ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਆਤਮਘਾਤੀ ਹਮਲਾ ਵਿਸਫੋਟਕਾਂ ਨਾਲ ਭਰੇ ਵਾਹਨ (ਵੀਬੀਆਈਡੀ) ਦੀ ਵਰਤੋਂ ਕਰਕੇ ਕੀਤਾ ਗਿਆ। ਇਸ ਕਾਫ਼ਲੇ ਵਿੱਚ ਕੁੱਲ 7 ਬੱਸਾਂ ਸਨ, ਜਿਨ੍ਹਾਂ ਵਿੱਚ ਪਾਕਿਸਤਾਨੀ ਫ਼ੌਜੀ ਸਵਾਰ ਸਨ। ਮਜੀਦ ਬ੍ਰਿਗੇਡ ਨੇ ਆਰਸੀਡੀ ਹਾਈਵੇਅ ‘ਤੇ ਸਥਿਤ ਰਖਸ਼ਾਨ ਮਿੱਲ ਨੇੜੇ ਪਾਕਿਸਤਾਨੀ ਫੌਜ ਦੇ ਇਸ ਕਾਫਲੇ ਨੂੰ ਨਿਸ਼ਾਨਾ ਬਣਾਇਆ। ਆਤਮਘਾਤੀ ਹਮਲੇ ਵਿਚ ਇਕ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ।
ਉਨ੍ਹਾਂ ਕਿਹਾ ਕਿ ਫਿਦਾਇਨ ਤੋਂ ਤੁਰੰਤ ਬਾਅਦ ਬੀਐੱਲਏ ਦੇ ‘ਫ਼ਤਿਹ ਦਸਤੇ’ ਨੇ ਇੱਕ ਹੋਰ ਬੱਸ ਨੂੰ ਘੇਰ ਲਿਆ ਅਤੇ ਉਸ ਵਿੱਚ ਮੌਜੂਦ ਸਾਰੇ ਸੈਨਿਕਾਂ ਨੂੰ ਮਾਰ ਦਿੱਤਾ। ਬਲੋਚ ਨੇ ਕਿਹਾ ਕਿ ਬੀਐਲਏ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਇਸ ਸਬੰਧੀ ਹੋਰ ਜਾਣਕਾਰੀ ਜਲਦੀ ਹੀ ਮੀਡੀਆ ਨੂੰ ਦਿੱਤੀ ਜਾਵੇਗੀ।
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਬੀਐਲਏ ਵੱਲੋਂ ਇੱਕ ਹਫ਼ਤੇ ਦੇ ਅੰਦਰ ਇਹ ਦੂਜਾ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਲੋਚ ਬਾਗੀਆਂ ਨੇ ਇੱਥੋਂ ਦੇ ਬੋਲਾਨ ਇਲਾਕੇ ‘ਚ ਜਾਫਰ ਐਕਸਪ੍ਰੈੱਸ ਨੂੰ ਹਾਈਜੈਕ ਕਰ ਲਿਆ ਸੀ। ਸੁਰੱਖਿਆ ਬਲਾਂ ਅਤੇ ਕੱਟੜਪੰਥੀਆਂ ਵਿਚਾਲੇ ਕਰੀਬ 30 ਘੰਟੇ ਤੱਕ ਮੁੱਠਭੇੜ ਚੱਲੀ।
ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ 300 ਯਾਤਰੀਆਂ ਨੂੰ ਬਚਾਇਆ ਗਿਆ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਨੂੰ ਬਚਾਉਣ ਦੀ ਕਾਰਵਾਈ ‘ਚ 33 ਅੱਤਵਾਦੀ ਮਾਰੇ ਗਏ। ਫੌਜ ਮੁਤਾਬਕ ਕੁੱਲ 21 ਬੰਧਕਾਂ ਅਤੇ ਚਾਰ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ। ਦੂਜੇ ਪਾਸੇ ਬੀਐਲਏ ਨੇ ਇਸ ਟਰੇਨ ਵਿੱਚ ਬੰਧਕ ਬਣਾਏ 214 ਲੋਕਾਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ।