Police encounter- ਬੈਂਕ ਲੁੱਟ ਦੇ ਭੱਜ ਰਹੇ ਦੋ ਮੁਲਜ਼ਮ ਪੁਲਿਸ ਮੁਕਾਬਲੇ ਵਿਚ ਢੇਰ…

Lucknow Bank Robbery: ਉੱਤਰ ਪ੍ਰਦੇਸ਼ ਦੇ ਲਖਨਊ ਦੇ ਚਿਨਹਟ ਇਲਾਕੇ ਵਿਚ ਇੰਡੀਅਨ ਓਵਰਸੀਜ਼ ਬੈਂਕ ਦੇ 42 ਲਾਕਰਾਂ ਨੂੰ ਕੱਟਣ ਦੀ ਵਾਰਦਾਤ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਮੁਕਾਇਆ। ਗਾਜ਼ੀਪੁਰ ਜ਼ਿਲੇ ਦੇ ਗਹਮਰ ਥਾਣਾ ਖੇਤਰ ਦੇ ਬਾਰਾ ਇਲਾਕੇ ਵਿਚ ਮੁਕਾਬਲੇ ‘ਚ ਇਕ ਮੁਲਜ਼ਮ ਮਾਰਿਆ ਗਿਆ, ਜਦਕਿ ਦੂਜਾ ਰਾਜਧਾਨੀ ਲਖਨਊ ਦੇ ਚਿਨਹਟ ਇਲਾਕੇ ‘ਚ ਮਾਰ ਮੁਕਾਇਆ। ਗਾਜ਼ੀਪੁਰ ‘ਚ ਮਾਰਿਆ ਗਿਆ ਅਪਰਾਧੀ ਸੰਨੀ ਦਿਆਲ ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸੰਨੀ ਦਿਆਲ ਲਖਨਊ ‘ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਿਹਾਰ ਭੱਜ ਰਿਹਾ ਸੀ। ਲਖਨਊ ਵਿਚ ਮਾਰੇ ਗਏ ਮੁਲਜ਼ਮ ਦੀ ਪਛਾਣ ਸੋਬਿੰਦ ਕੁਮਾਰ ਵਜੋਂ ਹੋਈ ਹੈ। ਸੋਬਿੰਦ ਕੁਮਾਰ ਵੀ ਬਿਹਾਰ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਬਾਈਕ ਉਤੇ ਬਿਹਾਰ ਵੱਲ ਭੱਜ ਰਹੇ ਸੰਨੀ ਦਿਆਲ ਅਤੇ ਉਸ ਦੇ ਇਕ ਸਾਥੀ ਨੂੰ ਜਦੋਂ ਪੁਲਿਸ ਨੇ ਚੈਕਿੰਗ ਦੌਰਾਨ ਰੋਕਿਆ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਾਈਕ ਪਲਟ ਗਈ। ਦੂਜੇ ਪਾਸੇ ਪੁਲਿਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਸੰਨੀ ਦਿਆਲ ਦੀ ਲੱਤ ਅਤੇ ਛਾਤੀ ਵਿੱਚ ਗੋਲੀ ਲੱਗ ਗਈ, ਜਦਕਿ ਉਸ ਦਾ ਸਾਥੀ ਮੌਕੇ ਦਾ ਫਾਇਦਾ ਉਠਾ ਕੇ ਭੱਜ ਗਿਆ। ਦੂਜੇ ਪਾਸੇ ਪੁਲਿਸ ਨੇ ਜ਼ਖਮੀ ਅਪਰਾਧੀ ਸੰਨੀ ਦਿਆਲ ਨੂੰ ਜ਼ਿਲ੍ਹਾ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਅਪਰਾਧੀ ਕੋਲੋਂ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ।
ਸੋਬਿੰਦ ਕੁਮਾਰ ਲਖਨਊ ਵਿਚ ਮਾਰਿਆ ਗਿਆ
ਰਾਜਧਾਨੀ ਲਖਨਊ ‘ਚ ਸੋਮਵਾਰ ਅੱਧੀ ਰਾਤ ਨੂੰ ਕਿਸਾਨ ਮਾਰਗ ‘ਤੇ ਕਾਰ ਸਵਾਰ ਨੌਜਵਾਨਾਂ ਨਾਲ ਪੁਲਿਸ ਦਾ ਮੁਕਾਬਲਾ ਹੋਇਆ। ਇਸ ਮੁਕਾਬਲੇ ‘ਚ ਇਕ ਅਪਰਾਧੀ ਮਾਰਿਆ ਗਿਆ, ਜਿਸ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਸੋਬਿੰਦ ਕੁਮਾਰ ਵਜੋਂ ਹੋਈ ਹੈ। ਡੀਸੀਪੀ ਪੂਰਬੀ ਸ਼ਸ਼ਾਂਕ ਸਿੰਘ ਨੇ ਦੱਸਿਆ ਕਿ ਚਿਨਹਟ ਇਲਾਕੇ ਵਿੱਚ ਕਿਸਾਨ ਮਾਰਗ ’ਤੇ ਚੈਕਿੰਗ ਦੌਰਾਨ ਇੱਕ ਬੇਕਾਬੂ ਕਾਰ ਨੂੰ ਰੋਕਿਆ ਗਿਆ। ਇਸ ਦੌਰਾਨ ਕਾਰ ‘ਚ ਸਵਾਰ ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਇੱਕ ਬਦਮਾਸ਼ ਨੂੰ ਗੋਲੀ ਮਾਰ ਦਿੱਤੀ ਗਈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੋਬਿੰਦ ਕੁਮਾਰ ਵਜੋਂ ਹੋਈ ਹੈ।
- First Published :