AP Dhillon Story: Salesman ਤੋਂ ਕਿਵੇਂ ਮੁੱਢਲੀ ਕਤਾਰ ਦਾ Punjabi Singer ਬਣ ਗਿਆ AP Dhillon? ਇਕ ਗੀਤ ਨੇ ਬਦਲ ਦਿੱਤੀ ਜ਼ਿੰਦਗੀ…

AP Dhillon Story Biography: ਅੰਮ੍ਰਿਤਪਾਲ ਸਿੰਘ ਢਿੱਲੋਂ… ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ ਜਿਸਨੂੰ ਅੱਜ ਤੁਸੀਂ ਸਾਰੇ ਏ.ਪੀ ਢਿੱਲੋਂ ਦੇ ਨਾਂ ਨਾਲ ਜਾਣਦੇ ਹੋ। ਏਪੀ ਢਿੱਲੋਂ ਦੇ ਸਾਰੇ ਗੀਤ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹਨ। ਏ.ਪੀ.ਢਿਲੋਂ ਨੇ ਪੰਜਾਬ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।
ਹਾਲ ਹੀ ਵਿਚ ਏ.ਪੀ ਢਿੱਲੋਂ ਆਪਣੇ ਚੰਡੀਗੜ੍ਹ ਕੰਸਰਟ ਦੌਰਾਨ ਓਦੋਂ ਨੈਸ਼ਨਲ ਮੀਡੀਆ ਤੱਕ ਦੀ ਸੁਰਖੀਆਂ ਬਣ ਗਏ ਜਦੋਂ ਉਨ੍ਹਾਂ ਨੇ ਦਿਲਜੀਤ ਦੋਸਾਂਝ ਨੂੰ ਸਟੇਜ ਤੋਂ ਕਿਹਾ ਕਿ ਪਾਜੀ ਮੈਨੂੰ ਇੰਸਟਾਗ੍ਰਾਮ ਤੋਂ Unblock ਕਰ ਦਿਓ। ਇਸ ਤੋਂ ਬਾਅਦ ਦਿਲਜੀਤ ਦਾ ਵੀ ਜਵਾਬ ਆਇਆ…ਖੈਰ ਅਸੀਂ ਅੱਜ ਇਸ ਵਿਵਾਦ ਦੀ ਨਹੀਂ ਏ.ਪੀ ਢਿੱਲੋਂ ਦੇ ਜੀਵਨ ਬਾਰੇ ਗੱਲ ਕਰਾਂਗੇ।
ਏਪੀ ਢਿੱਲੋਂ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਐਮਾਜ਼ਾਨ ਪ੍ਰਾਈਮ ਨੇ ਉਨ੍ਹਾਂ ਦੀ ਜ਼ਿੰਦਗੀ ‘ਤੇ ਇਕ Docuseries ਫਿਲਮ ਰਿਲੀਜ਼ ਕੀਤੀ ਸੀ। ਇਸ Docuseries ਦਾ ਨਾਂ ਸੀ ‘ਏ.ਪੀ. ਢਿੱਲੋਂ – ਫਰਸਟ ਆਫ ਏ ਕਾਇਨਡ’ ਹੈ।
ਏਪੀ ਢਿੱਲੋਂ ਦਾ ਜਨਮ
ਏਪੀ ਢਿੱਲੋਂ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮੱਲੀਆਂਵਾਲਾ ਵਿੱਚ ਹੋਇਆ ਸੀ। ਉਸਦੀ ਜਨਮ ਮਿਤੀ 10 ਜਨਵਰੀ 1993 ਹੈ। ਏ.ਪੀ. ਢਿੱਲੋਂ ਨੇ ਆਪਣੀ ਸਕੂਲੀ ਪੜ੍ਹਾਈ ਪੰਜਾਬ ਵਿੱਚ ਹੀ ਪੂਰੀ ਕੀਤੀ। ਇਸ ਦੌਰਾਨ ਉਸ ਦੀ ਸੰਗੀਤ ਵਿੱਚ ਰੁਚੀ ਹੋਣ ਲੱਗੀ। ਜਦੋਂਕਿ ਸਕੂਲ ਤੋਂ ਬਾਅਦ ਏ.ਪੀ ਢਿੱਲੋਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਸਿਵਲ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਜ਼ਿੰਦਗੀ ਦਾ ਅਗਲਾ ਪੜਾਅ ਕੈਨੇਡਾ ਤੋਂ ਸ਼ੁਰੂ ਹੋਇਆ।
ਏ.ਪੀ.ਢਿਲੋਂ ਪਹੁੰਚੇ ਕੈਨੇਡਾ
ਏਪੀ ਢਿੱਲੋਂ ਨੇ ਕੈਨੇਡਾ ਦੇ ਕੋਮੋਸਨ ਕਾਲਜ ਵਿੱਚ ਦਾਖਲਾ ਲਿਆ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਪੋਸਟ ਗ੍ਰੈਜੂਏਸ਼ਨ ਤੋਂ ਬਾਅਦ, ਏ.ਪੀ. ਢਿੱਲੋਂ ਨੂੰ ਕਿਤੇ ਨਾ ਕਿਤੇ ਇਹ ਅਹਿਸਾਸ ਹੋਇਆ ਕਿ ਉਹ ਕਿਸੇ ਆਮ ਨੌਕਰੀ ਲਈ ਨਹੀਂ ਬਣਿਆ ਹੈ। ਉਹ ਸਿਰਫ਼ ਸੰਗੀਤ ਵਿੱਚ ਹੀ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਸੀ। ਹਾਲਾਂਕਿ ਹੁਣ ਤੱਕ ਉਸ ਨੂੰ ਇਹ ਨਹੀਂ ਪਤਾ ਸੀ ਕਿ ਮਿਊਜ਼ਿਕ ਇੰਡਸਟਰੀ ‘ਚ ਆਪਣੇ ਪੈਰ ਕਿਵੇਂ ਜਮਾਏ ਜਾਣ।
ਇਲੈਕਟ੍ਰਾਨਿਕ ਕੰਪਨੀ ਵਿੱਚ ਸੇਲਜ਼ ਐਸੋਸੀਏਟ ਦੀ ਨੌਕਰੀ
ਇਸੇ ਦੌਰਾਨ ਏ.ਪੀ.ਢਿਲੋਂ ਨੇ ਕੈਨੇਡਾ ਦੇ ਵਿਕਟੋਰੀਆ ਵਿੱਚ ‘ਬੈਸਟ ਗਾਈ’ ਨਾਂ ਦੀ ਇਲੈਕਟ੍ਰਾਨਿਕ ਕੰਪਨੀ ਵਿੱਚ ਸੇਲਜ਼ ਐਸੋਸੀਏਟ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਏਪੀ ਢਿੱਲੋਂ ਆਪਣੀ ਨੌਕਰੀ ਤੋਂ ਬਹੁਤੇ ਸੰਤੁਸ਼ਟ ਨਹੀਂ ਸਨ। ਇਸ ਦੇ ਨਾਲ ਹੀ, ਕੁਝ ਸਾਲ ਇਹ ਨੌਕਰੀ ਕਰਨ ਤੋਂ ਬਾਅਦ, ਏਪੀ ਢਿੱਲੋਂ ਨੇ ਸੰਗੀਤ ਉਦਯੋਗ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ।
ਏਪੀ ਢਿੱਲੋਂ ਦੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰੀ
ਸਾਲ 2019 ਵਿੱਚ, ਏਪੀ ਢਿੱਲੋਂ ਨੇ ਆਪਣੇ ਪਹਿਲੇ ਪੰਜਾਬੀ ਟਰੈਕ ‘ਫਰਾਰ’ ਅਤੇ ‘ਟੌਪ ਬੁਆਏ’ ਰਿਲੀਜ਼ ਕੀਤੇ। ਏਪੀ ਢਿੱਲੋਂ ਦੇ ਗੀਤਾਂ ਨੂੰ ਚੰਗਾ ਹੁੰਗਾਰਾ ਵੀ ਮਿਲਿਆ। ਏਪੀ ਢਿੱਲੋਂ ਨੇ ਪੰਜਾਬੀ ਗੀਤਕਾਰੀ ਅਤੇ ਪੱਛਮੀ ਸੰਗੀਤ ਦਾ ਇੱਕ ਤਜ਼ਰਬਾ ਕੀਤਾ, ਜਿਸ ਦੀ ਬਹੁਤ ਸਾਰੇ ਲੋਕਾਂ ਨੇ ਸ਼ਲਾਘਾ ਕੀਤੀ। ਲੋਕ ਉਸ ਦਾ ਪੰਜਾਬੀ ਸਵਾਦ ਪਸੰਦ ਕਰਨ ਲੱਗੇ। ਇਸ ਤੋਂ ਬਾਅਦ ਏਪੀ ਢਿੱਲੋਂ ਨੇ ਆਪਣੀ ਜ਼ਿੰਦਗੀ ਦੇ ਹੁਣ ਤੱਕ ਦੇ ਸਭ ਤੋਂ ਹਿੱਟ ਗੀਤ ਦਿੱਤੇ।
ਬਰਾਊਨ ਮੁੰਡੇ ਗੀਤ ਨੇ ਬਦਲ ਦਿੱਤੀ ਏ.ਪੀ ਢਿੱਲੋਂ ਦੀ ਜ਼ਿੰਦਗੀ
ਸਾਲ 2020 ਦੀ ਸ਼ੁਰੂਆਤ ਤੱਕ ਏਪੀ ਢਿੱਲੋਂ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਸਨ। ਪਰ ਹੁਣ ਤੱਕ ਏਪੀ ਢਿੱਲੋਂ ਨੂੰ ਉਹ ਪ੍ਰਸਿੱਧੀ ਨਹੀਂ ਮਿਲੀ ਸੀ ਜਿਸਦੀ ਉਹ ਉਡੀਕ ਕਰ ਰਹੇ ਸਨ। ਏਪੀ ਢਿੱਲੋਂ ਨੂੰ ਪਤਾ ਸੀ ਕਿ ਉਸ ਨੂੰ ਇੱਕ ਅਜਿਹੇ ਗੀਤ ਦੀ ਲੋੜ ਹੈ ਜੋ ਉਸ ਨੂੰ ਸੰਗੀਤ ਉਦਯੋਗ ਵਿੱਚ ਇੱਕ ਵੱਖਰੀ ਥਾਂ ‘ਤੇ ਲੈ ਜਾਵੇ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਪੰਜਾਬੀ ਗਾਇਕ ਗੁਰਿੰਦਰ ਗਿੱਲ ਅਤੇ ਗੀਤਕਾਰ ਸ਼ਿੰਦਾ ਕਾਹਲੋਂ ਨਾਲ ਹੋਈ। ਸ਼ਿੰਦਾ ਕਾਹਲੋਂ ਨੇ ਏਪੀ ਢਿੱਲੋਂ ਲਈ ‘ਬ੍ਰਾਊਨ ਮੁੰਡੇ’ ਗੀਤ ਲਿਖਿਆ ਹੈ।
ਬਰਾਊਨ ਮੁੰਡੇ ਨੇ ਤੋੜ ਦਿੱਤੇ ਸਾਰੇ ਰਿਕਾਰਡ
ਏਪੀ ਢਿੱਲੋਂ ਅਤੇ ਗੁਰਿੰਦਰ ਗਿੱਲ ਦੀ ਆਵਾਜ਼ ਵਿੱਚ ‘ਬ੍ਰਾਊਨ ਮੁੰਡੇ’ ਗੀਤ ਨੇ ਹਰ ਪਾਸੇ ਹਲਚਲ ਮਚਾ ਦਿੱਤੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬ੍ਰਾਊਨ ਮੁੰਡੇ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖੇਡ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਇਹ ਗੀਤ ਭਾਰਤ ਅਤੇ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਦੇਸ਼ਾਂ ਵਿੱਚ ਪ੍ਰਸਿੱਧ ਹੋਇਆ। ਇਸ ਗੀਤ ਨੂੰ ਯੂਟਿਊਬ ‘ਤੇ ਪਿਛਲੇ 3 ਸਾਲਾਂ ‘ਚ 635 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੇ ਲੰਬੇ ਸਮੇਂ ਤੱਕ ਵਿਸ਼ਵ ਦੇ ਚੋਟੀ ਦੇ ਚਾਰਟ ‘ਤੇ ਵੀ ਰਾਜ ਕੀਤਾ।
ਬ੍ਰਾਊਨ ਮੁੰਡੇ ਗੀਤ ਹਿੱਟ ਹੋਣ ਤੋਂ ਬਾਅਦ ਏਪੀ ਢਿੱਲੋਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸਨੇ ਬੈਕ ਟੂ ਬੈਕ ਗੀਤ ਜਾਰੀ ਕੀਤੇ ਅਤੇ ਲੋਕਾਂ ਨੇ ਉਸਦੀ ਆਵਾਜ਼ ਅਤੇ ਸੰਗੀਤ ਨੂੰ ਬਹੁਤ ਪਸੰਦ ਕੀਤਾ। ਸਾਲ 2021 ਵਿੱਚ ਏਪੀ ਢਿੱਲੋਂ ਦੇ ਗੀਤ ‘ਮਾਂ ਬੇਲੇ’ ਨੇ ਵੀ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਤੋਂ ਬਾਅਦ ‘ਮਝੈਲ’, ‘ਸਪੇਸਸ਼ਿਪ’, ‘ਤੇਰੇ ਤੇ’ ਅਤੇ ‘ਵਾਰ’ ਗੀਤਾਂ ਨੇ ਹਲਚਲ ਮਚਾ ਦਿੱਤੀ।
ਏਪੀ ਢਿੱਲੋਂ ਦੀ ਹੁਣ ਬਾਲੀਵੁੱਡ ਵਿਚ ਵੀ ਤੂਤੀ ਬੋਲਦੀ ਹੈ। ਰਣਵੀਰ ਸਿੰਘ ਤੋਂ ਲੈਕੇ ਸਲਮਾਨ ਖਾਨ ਤੱਕ ਏਪੀ ਢਿੱਲੋਂ ਦੇ ਕਰੀਬੀਆਂ ਵਿਚੋਂ ਗਿਣੇ ਜਾਂਦੇ ਹਨ। ਕੁਝ ਮੀਡਿਆ ਰਿਪੋਰਟਾਂ ਵਿਚ ਬਾਲੀਵੁੱਡ ਅਦਾਕਾਰਾ ਬਨਿਤਾ ਸੰਧੂ ਨੂੰ ਏਪੀ ਢਿੱਲੋਂ ਦੀ ਗਰਲਫ੍ਰੈਂਡ ਵੀ ਦੱਸਿਆ ਗਿਆ ਹੈ।