ਨਾਈਟ ਕਲੱਬ ਦੀ ਛੱਤ ਡਿੱਗੀ, ਕਈ ਨਾਮੀ ਖਿਡਾਰੀਆਂ ਤੇ ਗਾਇਕ ਸਣੇ 79 ਮੌਤਾਂ, 160 ਜ਼ਖਮੀ

Dominican Nightclub Disaster: ਡੋਮਿਨਿਕਨ ਰਾਜਧਾਨੀ ਵਿਚ ਇਕ ਮਸ਼ਹੂਰ ਨਾਈਟ ਕਲੱਬ ਦੀ ਛੱਤ ਡਿੱਗ ਗਈ, ਜਿਸ ਕਾਰਨ ਘੱਟੋ-ਘੱਟ 79 ਵਿਅਕਤੀਆਂ ਦੀ ਮੌਤ ਹੋ ਗਈ ਅਤੇ 160 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਥੇ ਇਕ ਪ੍ਰੋਗਰਾਮ ਵਿੱਚ ਸਿਆਸਤਦਾਨਾਂ, ਖਿਡਾਰੀਆਂ ਅਤੇ ਹੋਰਾਂ ਨੇ ਸ਼ਿਰਕਤ ਕੀਤੀ ਸੀ। ਸੈਂਟਰ ਆਫ਼ ਐਮਰਜੈਂਸੀ ਆਪ੍ਰੇਸ਼ਨਜ਼ ਦੇ ਡਾਇਰੈਕਟਰ ਜੁਆਨ ਮੈਨੂਅਲ ਮੈਂਡੇਜ਼ ਨੇ ਕਿਹਾ ਕਿ ਮਲਬਾ ਹਟਾਇਆ ਜਾ ਰਿਹਾ ਹੈ ਅਤੇ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਛੱਤ ਡਿੱਗਣ ਤੋਂ 12 ਘੰਟੇ ਬਾਅਦ ਵੀ ਰਾਹਤ ਕਾਰਜ ਜਾਰੀ ਹਨ।
ਡੋਮਿਨਿਕਨ ਰੀਪਬਲਿਕ ਵਿੱਚ ਮੰਗਲਵਾਰ ਰਾਤ (8 ਅਪ੍ਰੈਲ) ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਰਾਜਧਾਨੀ ਸੈਂਟੋ ਡੋਮਿੰਗੋ ਵਿੱਚ ਇੱਕ ਨਾਈਟ ਕਲੱਬ ਦੀ ਛੱਤ ਅਚਾਨਕ ਡਿੱਗ ਗਈ, ਜਿਸ ਨਾਲ ਲਗਭਗ 79 ਲੋਕਾਂ ਦੀ ਮੌਤ ਹੋ ਗਈ ਅਤੇ 160 ਤੋਂ ਵੱਧ ਜ਼ਖਮੀ ਹੋ ਗਏ।
ਹਾਦਸੇ ਦੇ ਸਮੇਂ ਕਲੱਬ ਵਿੱਚ 500 ਤੋਂ 1000 ਲੋਕ ਮੌਜੂਦ ਸਨ। ਛੱਤ ਡਿੱਗਦੇ ਹੀ ਹਫੜਾ-ਦਫੜੀ ਮਚ ਗਈ। ਮਲਬੇ ਹੇਠ ਕਈ ਲੋਕ ਦੱਬੇ ਹੋਏ ਸਨ, ਉਨ੍ਹਾਂ ਦੀ ਭਾਲ ਅਜੇ ਵੀ ਕੀਤੀ ਜਾ ਰਹੀ ਹੈ। ਬਚਾਅ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਰਾਹਤ ਟੀਮਾਂ ਮਲਬਾ ਹਟਾਉਣ ਅਤੇ ਫਸੇ ਲੋਕਾਂ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ।
ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਮੁਖੀ ਜੁਆਨ ਮੈਨੂਅਲ ਮੈਂਡੇਜ਼ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਲਬੇ ਹੇਠ ਅਜੇ ਵੀ ਬਹੁਤ ਸਾਰੇ ਲੋਕ ਜ਼ਿੰਦਾ ਹੋ ਸਕਦੇ ਹਨ। ਉਨ੍ਹਾਂ ਕਿਹਾ, “ਅਸੀਂ ਉਦੋਂ ਤੱਕ ਕੋਸ਼ਿਸ਼ ਕਰਦੇ ਰਹਾਂਗੇ ਜਦੋਂ ਤੱਕ ਹਰ ਵਿਅਕਤੀ ਨੂੰ ਸੁਰੱਖਿਅਤ ਬਾਹਰ ਨਹੀਂ ਕੱਢ ਲਿਆ ਜਾਂਦਾ।” ਮੈਂਡੇਜ਼ ਨੇ ਕਿਹਾ ਕਿ ਹੁਣ ਤੱਕ 44 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਮਾਰੇ ਗਏ ਲੋਕਾਂ ਵਿੱਚ ਮੋਂਟੇਕ੍ਰਿਸਟੀ ਦੇ ਗਵਰਨਰ ਨੇਲਸੀ ਕਰੂਜ਼ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਸਾਬਕਾ ਮੇਜਰ ਲੀਗ ਬੇਸਬਾਲ ਖਿਡਾਰੀ ਓਕਟਾਵੀਓ ਡੋਟੇਲ ਦੀ ਹਾਦਸੇ ਵਿੱਚ ਮੌਤ ਹੋ ਗਈ।
ਡੋਮਿਨਿਕਨ ਰੀਪਬਲਿਕ ਦੀ ਪ੍ਰੋਫੈਸ਼ਨਲ ਬੇਸਬਾਲ ਲੀਗ ਨੇ X ‘ਤੇ ਪੋਸਟ ਕੀਤਾ ਕਿ 51 ਸਾਲਾ ਐੱਮਐੱਲਬੀ ਪਿੱਚਰ ਓਕਟਾਵੀਓ ਡੋਟੇਲ ਦੀ ਵੀ ਮੌਤ ਹੋ ਗਈ। ਅਧਿਕਾਰੀਆਂ ਨੇ ਪਹਿਲਾਂ ਡੋਟੇਲ ਨੂੰ ਮਲਬੇ ਤੋਂ ਕੱਢਿਆ ਸੀ ਅਤੇ ਉਸ ਨੂੰ ਹਸਪਤਾਲ ਲਿਆਂਦਾ ਸੀ। ਲੀਗ ਦੇ ਬੁਲਾਰੇ ਸਤੋਸਕੀ ਟੈਰੇਰੋ ਨੇ ਕਿਹਾ ਕਿ ਡੋਮਿਨਿਕਨ ਬੇਸਬਾਲ ਖਿਡਾਰੀ ਟੋਨੀ ਐਨਰਿਕ ਬਲੈਂਕੋ ਕੈਬਰੇਰਾ ਦੀ ਵੀ ਮੌਤ ਹੋ ਗਈ। ਜ਼ਖਮੀਆਂ ਵਿੱਚ ਰਾਸ਼ਟਰੀ ਸੰਸਦ ਮੈਂਬਰ ਬ੍ਰੇ ਵਰਗਸ ਵੀ ਸ਼ਾਮਲ ਸਨ। ਛੱਤ ਡਿੱਗਣ ਵੇਲੇ ਪ੍ਰੋਗਰਾਮ ਕਰ ਰਹੇ ਮੇਰੇਂਗੂ ਗਾਇਕ ਰੂਬੀ ਪੇਰੇਜ਼ ਵੀ ਮਲਬਾ ਡਿੱਗਣ ਕਾਰਨ ਹੇਠਾਂ ਦਬ ਗਏ। ਬਚਾਅ ਦਲ ਅਜੇ ਵੀ ਪੇਰੇਜ਼ ਦੀ ਭਾਲ ਕਰ ਰਹੇ ਹਨ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਸ਼ਹੂਰ ਮੇਰੇਂਗੂ ਗਾਇਕਾ ਰੂਬੀ ਪੇਰੇਜ਼ ਨਾਈਟ ਕਲੱਬ ਵਿੱਚ ਪ੍ਰਦਰਸ਼ਨ ਕਰ ਰਹੀ ਸੀ। ਉਨ੍ਹਾਂ ਦੇ ਮੈਨੇਜਰ, ਐਨਰਿਕ ਪੌਲਿਨੋ ਨੇ ਕਿਹਾ ਕਿ ਸੰਗੀਤ ਸਮਾਰੋਹ ਸੋਮਵਾਰ ਅਤੇ ਮੰਗਲਵਾਰ ਰਾਤ ਨੂੰ ਲਗਭਗ 12 ਵਜੇ ਸ਼ੁਰੂ ਹੋਇਆ ਸੀ ਅਤੇ ਲਗਭਗ ਇੱਕ ਘੰਟੇ ਬਾਅਦ ਨਾਈਟ ਕਲੱਬ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਗਾਇਕਾ ਰੂਬੀ ਪੇਰੇਜ਼ ਦੀ ਵੀ ਮੌਤ ਹੋ ਗਈ। ਮੈਨੇਜਰ ਪੌਲਿਨੋ ਨੇ ਕਿਹਾ, “ਇਹ ਸਭ ਅਚਾਨਕ ਹੋਇਆ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਭੂਚਾਲ ਆ ਗਿਆ ਹੈ। ਮੈਂ ਕਿਸੇ ਤਰ੍ਹਾਂ ਇੱਕ ਕੋਨੇ ਵਿੱਚ ਜਾ ਕੇ ਆਪਣੀ ਜਾਨ ਬਚਾਈ।”
ਡੋਮਿਨਿਕਨ ਗਣਰਾਜ ਦੇ ਰਾਸ਼ਟਰਪਤੀ ਲੁਈਸ ਅਬਿਨੇਡਰ ਨੇ ਨਾਈਟ ਕਲੱਬ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਲਿਖਿਆ, “ਅਸੀਂ ਨਾਈਟ ਕਲੱਬ ਵਿੱਚ ਵਾਪਰੀ ਘਟਨਾ ਤੋਂ ਬਹੁਤ ਦੁਖੀ ਹਾਂ। ਅਸੀਂ ਹਰ ਮਿੰਟ ਇਸ ਘਟਨਾ ਦੀ ਨਿਗਰਾਨੀ ਕਰ ਰਹੇ ਹਾਂ।”