ਗਰੀਬ ਕਿਸਾਨ ਦੀ ਸੁਰੱਖਿਆ ਲਈ ਤਾਇਨਾਤ ਕਰ ਦਿੱਤੇ 99 ਪੁਲਿਸ ਮੁਲਾਜ਼ਮ, ਹੁਣ ਮੰਗ ਲਿਆ 9.91 ਲੱਖ ਖਰਚਾ

ਝੁੰਝਨੂ (rajasthan) ਵਿਚ ਇਕ ਕਿਸਾਨ ਲਈ ਇੱਛਾ ਮੌਤ ਦੀ ਧਮਕੀ ਮਹਿੰਗੀ ਸਾਬਤ ਹੋਈ। ਕਿਸਾਨ ਵੱਲੋਂ ਦਿੱਤੀ ਧਮਕੀ ਤੋਂ ਬਾਅਦ ਪੁਲਿਸ ਨੇ ਉਸ ਨੂੰ ਬਚਾਉਣ ਲਈ ਉਥੇ ਭਾਰੀ ਸੁਰੱਖਿਆ ਲਗਾ ਦਿੱਤੀ। ਹੁਣ ਮਾਮਲਾ ਸੁਲਝ ਗਿਆ ਸੀ ਪਰ ਪੁਲਿਸ ਨੇ ਉਸ ਨੂੰ 9 ਲੱਖ 91 ਹਜ਼ਾਰ 577 ਰੁਪਏ ਦਾ ਰਿਕਵਰੀ ਨੋਟਿਸ ਦੇ ਦਿੱਤਾ ਹੈ। ਇਹ ਨੋਟਿਸ ਕਿਸਾਨ ਦੀ ਸੁਰੱਖਿਆ ਲਈ ਉਥੇ ਤਾਇਨਾਤ ਪੁਲਿਸ ਬਲ ਦੇ ਖਰਚੇ ਬਦਲੇ ਦਿੱਤਾ ਗਿਆ ਹੈ। ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਸੁਰੱਖਿਆ ਲਈ ਦਿੱਤੀ ਪੁਲਿਸ ਫੋਰਸ ਦਾ ਖ਼ਜ਼ਾਨੇ ਉਤੇ ਵਾਧੂ ਬੋਝ ਪਿਆ।
ਜਾਣਕਾਰੀ ਮੁਤਾਬਕ ਇਹ ਨੋਟਿਸ ਨਵਲਗੜ੍ਹ ਦੇ ਗੋਠੜਾ ਦੇ ਕਿਸਾਨ ਵਿਦਿਆਧਰ ਯਾਦਵ ਨੂੰ ਦਿੱਤਾ ਗਿਆ ਹੈ। ਨੋਟਿਸ ਮਿਲਣ ਤੋਂ ਬਾਅਦ ਕਿਸਾਨ ਵੀ ਸਦਮੇ ਵਿੱਚ ਹੈ। ਝੁੰਝਨੂ ਦੇ ਐਸਪੀ ਸ਼ਰਦ ਚੌਧਰੀ ਨੇ ਡੀਜੀਪੀ ਦੇ ਹੁਕਮ ਦਾ ਹਵਾਲਾ ਦਿੰਦੇ ਹੋਏ ਕਿਸਾਨ ਵਿਦਿਆਧਰ ਯਾਦਵ ਨੂੰ ਇਹ ਨੋਟਿਸ ਜਾਰੀ ਕੀਤਾ ਹੈ। ਵਿਦਿਆਧਰ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਨੇ ਹਾਲ ਹੀ ਵਿੱਚ ਇੱਛਾ ਮੌਤ ਬਾਰੇ ਗੱਲ ਕੀਤੀ ਸੀ।
ਕਿਸਾਨ ਵਿੱਦਿਆਧਰ ਨੇ ਦੋਸ਼ ਲਾਇਆ ਕਿ ਸ੍ਰੀ ਸੀਮਿੰਟ ਕੰਪਨੀ ਨੇ ਪ੍ਰਸ਼ਾਸਨ ਦੀ ਮਦਦ ਨਾਲ ਉਸ ਦੀ ਜ਼ਮੀਨ ਆਪਣੇ ਪਲਾਂਟ ਲਈ ਐਕੁਆਇਰ ਕਰ ਲਈ ਪਰ ਉਸ ਨੂੰ ਮੁਆਵਜ਼ਾ ਨਹੀਂ ਦਿੱਤਾ। ਕਿਸਾਨ ਨੇ ਆਪਣੀ ਮੰਗ ਨੂੰ ਲੈ ਕੇ ਐਸਡੀਐਮ ਅਤੇ ਕਲੈਕਟਰ ਨੂੰ ਮੰਗ ਪੱਤਰ ਦਿੱਤਾ। ਇਸ ਤੋਂ ਬਾਅਦ 10 ਦਸੰਬਰ ਨੂੰ ਆਪਣੇ ਪਿੰਡ ਵਿਚ ਚਿਖਾ ਉਤੇ ਪਰਿਵਾਰ ਸਮੇਤ ਬੈਠ ਗਿਆ।
ਵਿਦਿਆਧਰ ਯਾਦਵ ਅਤੇ ਉਸ ਦੇ ਪਰਿਵਾਰ ਨੂੰ ਬਚਾਉਣ ਲਈ ਉੱਥੇ ਭਾਰੀ ਪੁਲਿਸ ਲਗਾਈ ਗਈ ਸੀ। ਇਸ ਦੌਰਾਨ ਇੱਕ ਏਐਸਪੀ, ਦੋ ਡੀਐਸਪੀ, ਦੋ ਸੀਆਈ, ਤਿੰਨ ਐਸਆਈ, ਛੇ ਏਐਸਆਈ, 18 ਹੈੱਡ ਕਾਂਸਟੇਬਲ, 67 ਕਾਂਸਟੇਬਲਾਂ ਸਮੇਤ ਕੁੱਲ 99 ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਤਾਇਨਾਤ ਕੀਤੇ ਗਏ। ਇਹ ਸਾਰਾ ਸਟਾਫ ਸਾਰਾ ਦਿਨ ਉਥੇ ਖੜ੍ਹਾ ਰਿਹਾ। ਇਸ ਦੇ ਨਾਲ ਹੀ ਕਈ ਸਰਕਾਰੀ ਗੱਡੀਆਂ ਦੀ ਵਰਤੋਂ ਕੀਤੀ ਗਈ।
ਇਸ ਲਈ ਵਿਦਿਆਧਰ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੀ ਨਿੱਜੀ ਸੁਰੱਖਿਆ ‘ਤੇ ਖਰਚ ਕੀਤੀ ਗਈ 9 ਲੱਖ 91 ਹਜ਼ਾਰ 577 ਰੁਪਏ ਦੀ ਰਾਸ਼ੀ 24 ਦਸੰਬਰ ਤੱਕ ਐਸਪੀ ਦਫ਼ਤਰ ਦੀ ਖਾਤਾ ਸ਼ਾਖਾ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਅਜਿਹਾ ਨਾ ਹੋਣ ‘ਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਇਹ ਨੋਟਿਸ 17 ਦਸੰਬਰ ਨੂੰ ਜਾਰੀ ਕੀਤਾ ਗਿਆ ਸੀ। ਇਸ ਵਿੱਚ ਸੱਤ ਦਿਨ ਦਾ ਸਮਾਂ ਦਿੱਤਾ ਗਿਆ ਹੈ।
ਨੋਟਿਸ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ
ਹੁਣ ਇਹ ਨੋਟਿਸ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਐਸਪੀ ਚੌਧਰੀ ਨੇ ਕਿਹਾ ਕਿ ਨਿਯਮਾਂ ਅਨੁਸਾਰ ਨੋਟਿਸ ਦਿੱਤਾ ਗਿਆ ਹੈ। ਰਕਮ ਜਮ੍ਹਾਂ ਨਾ ਹੋਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।