21 ਸਾਲ ਦੀ ਉਮਰ ‘ਚ ਕੀਤਾ ਡੈਬਿਊ, 190 ਤੋਂ ਵੱਧ ਮੈਚ ਖੇਡੇ, ਫਿਰ ਇਸ ਦਿੱਗਜ ਨੇ ਮੁੱਖ ਚੋਣਕਾਰ ਦਾ ਅਹੁਦਾ ਵੀ ਸੰਭਾਲਿਆ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਉਨ੍ਹਾਂ ਦਾ ਜਨਮ ਅੱਜ ਦੇ ਦਿਨ ਯਾਨੀ 21 ਦਸੰਬਰ ਨੂੰ ਚੇਨਈ ‘ਚ ਹੋਇਆ ਸੀ। ਸ਼੍ਰੀਕਾਂਤ ਨੇ ਟੀਮ ਇੰਡੀਆ ਲਈ ਚੰਗੀ ਪਾਰੀ ਖੇਡੀ ਹੈ। ਉਨ੍ਹਾਂ ਨੇ 21 ਸਾਲ ਦੀ ਉਮਰ ‘ਚ ਟੀਮ ਇੰਡੀਆ ਲਈ ਡੈਬਿਊ ਕੀਤਾ ਸੀ। ਫਿਰ ਉਹ ਮੁੱਖ ਚੋਣਕਾਰ ਵਰਗੇ ਵੱਡੇ ਅਹੁਦੇ ‘ਤੇ ਵੀ ਰਹੇ।
ਸ਼੍ਰੀਕਾਂਤ ਨੇ 21 ਸਾਲ ਦੀ ਉਮਰ ‘ਚ ਨਵੰਬਰ 1981 ‘ਚ ਇੰਗਲੈਂਡ ਖਿਲਾਫ ਅਹਿਮਦਾਬਾਦ ‘ਚ ਡੈਬਿਊ ਕੀਤਾ ਸੀ। ਭਾਰਤੀ ਟੀਮ ਲਈ ਆਪਣਾ ਪਹਿਲਾ ਵਨਡੇਅ ਮੈਚ ਖੇਡਿਆ। ਉਸ ਮੈਚ ਵਿੱਚ ਉਨ੍ਹਾਂ ਨੇ 10 ਗੇਂਦਾਂ ਦਾ ਸਾਹਮਣਾ ਕੀਤਾ। ਪਰ ਉਹ 0 ‘ਤੇ ਹੀ ਆਊਟ ਹੋ ਗਏ। ਦੋ ਦਿਨ ਬਾਅਦ ਉਨ੍ਹਾਂ ਨੇ ਬੰਬਈ ਵਿੱਚ ਆਪਣਾ ਪਹਿਲਾ ਟੈਸਟ ਖੇਡਿਆ। ਉੱਥੇ ਉਸ ਨੇ ਪਹਿਲੀ ਪਾਰੀ ‘ਚ 0 ਦੌੜਾਂ ਅਤੇ ਦੂਜੀ ਪਾਰੀ ‘ਚ 13 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਟੈਸਟ ਵਿੱਚ ਦੋ ਸੈਂਕੜੇ ਅਤੇ ਵਨਡੇਅ ਵਿੱਚ ਚਾਰ ਸੈਂਕੜੇ ਲਗਾਏ।
ਸ਼੍ਰੀਕਾਂਤ ਦਾ ਕਰੀਅਰ
ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ 1983 ਵਿਸ਼ਵ ਕੱਪ ਦੌਰਾਨ ਵੀ ਟੀਮ ਇੰਡੀਆ ਦਾ ਹਿੱਸਾ ਸਨ। ਕ੍ਰਿਸ ਸ਼੍ਰੀਕਾਂਤ 1983 ਦੇ ਵਿਸ਼ਵ ਕੱਪ ਫਾਈਨਲ ਵਿੱਚ ਵੈਸਟਇੰਡੀਜ਼ ਦੇ ਖਿਲਾਫ ਲਾਰਡਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। ਪਾਰੀ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ 57 ਗੇਂਦਾਂ ਵਿੱਚ 7 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਜੋ ਬਾਅਦ ਵਿੱਚ ਟੀਮ ਇੰਡੀਆ ਲਈ ਮਹੱਤਵਪੂਰਨ ਸਾਬਤ ਹੋਇਆ। ਕਾਂਤ ਨੇ ਆਪਣੇ ਕਰੀਅਰ ਵਿੱਚ ਭਾਰਤ ਲਈ ਕੁੱਲ 43 ਟੈਸਟ ਅਤੇ 146 ਇੱਕ ਰੋਜ਼ਾ ਮੈਚ ਖੇਡੇ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਬੱਲੇ ਨਾਲ ਕ੍ਰਮਵਾਰ 2062 ਅਤੇ 4092 ਦੌੜਾਂ ਬਣਾਈਆਂ।
ਚੇਨਈ ਸੁਪਰ ਕਿੰਗਜ਼ ਦੇ ਨਾਲ ਵੀ ਰਹੇ
27 ਸਤੰਬਰ 2008 ਨੂੰ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਚੋਣਕਾਰ ਬਣਾਇਆ ਗਿਆ ਅਤੇ ਉਨ੍ਹਾਂ ਨੇ 2011 ਤੱਕ ਇਸ ਅਹੁਦੇ ‘ਤੇ ਕੰਮ ਕੀਤਾ। ਫਿਰ 20 ਦਸੰਬਰ 2012 ਨੂੰ ਸਨਰਾਈਜ਼ਰਜ਼ ਹੈਦਰਾਬਾਦ ਫਰੈਂਚਾਇਜ਼ੀ ਨੇ ਉਨ੍ਹਾਂ ਨੂੰ ਆਈਪੀਐਲ ਵਿੱਚ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ। ਸਾਲ 2008 ਵਿੱਚ ਉਨ੍ਹਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਲਈ ਚੇਨਈ ਸੁਪਰ ਕਿੰਗਜ਼ ਫ੍ਰੈਂਚਾਇਜ਼ੀ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ।
- First Published :