ਗਿੱਪੀ ਗਰੇਵਾਲ ਨੇ ਹਿਨਾ ਖਾਨ ਦੇ ਕੈਂਸਰ ਬਾਰੇ ਕੀਤਾ ਵੱਡਾ ਖੁਲਾਸਾ

ਹਿਨਾ ਖਾਨ (Hina Khan) ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਲੜ ਰਹੀ ਹੈ। ਹਿਨਾ ਨੂੰ ਛਾਤੀ ਦਾ ਕੈਂਸਰ ਹੈ ਅਤੇ ਇਸਦੇ ਇਲਾਜ ਲਈ ਉਹ ਕੀਮੋਥੈਰੇਪੀ ਲੈ ਰਹੀ ਹੈ। ਹਿਨਾ ਖਾਨ ਹਿੰਦੀ ਟੀਵੀ ਦੀ ਮਸ਼ਹੂਰ ਅਭਿਨੇਤਰੀ ਹੈ। ਪਰ ਉਸਨੇ ਗਿੱਪੀ ਗਰੇਵਾਲ (Gippy Grewal) ਨਾਲ ਪੰਜਾਬੀ ਸਿਨੇਮਾ ਵਿਚ ਡੈਬਿਊ ਵੀ ਕੀਤਾ। ਹਿਨਾ ਦੀ ਪਹਿਲੀ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ (Shinda Shinda No Papa) ਸੀ।
ਇਸ ਫਿਲਮ ਵਿਚ ਹਿਨਾ ਅਤੇ ਗਿੱਪੀ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ। ਹੁਣ ਜਦੋਂ ਹਿਨਾ ਖਾਨ ਕੈਂਸਰ ਨਾਲ ਲੜ ਰਹੀ ਹੈ, ਤਾਂ ਗਿੱਪੀ ਨੇ ਇਕ ਵੱਡੀ ਗੱਲ ਦਾ ਖੁਲਾਸਾ ਕੀਤਾ ਹੈ। ਆਓ ਜਾਣਦੇ ਹਾਂ ਗਿੱਪੀ ਨੇ ਹਿਨਾ ਬਾਰੇ ਕੀ ਕਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇੰਸਟੈਂਟ ਬਾਲੀਵੁੱਡ ਦੇ ਇੰਸਟਾਗ੍ਰਾਮ ਪੇਜ ‘ਤੇ ਪੰਜਾਬੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਇੰਟਰਵਿਊ ਦਾ ਇਕ ਹਿੱਸਾ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਨੇ ਹਿਨਾ ਖਾਨ ਨਾਲ ਕੰਮ ਕਰਨ ਅਤੇ ਕੈਂਸਰ ਨਾਲ ਲੜਨ ਬਾਰੇ ਗੱਲ ਕੀਤੀ ਹੈ।
ਗੱਲਬਾਤ ਦੌਰਾਨ ਗਿੱਪੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਹਿਨਾ ਨਾਲ ਰਿਸ਼ਤਾ ਬਹੁਤ ਚੰਗਾ ਹੈ। ਉਨ੍ਹਾਂ ਦੋਵਾਂ ਦੀ ਇਕੱਠਿਆਂ ਪਹਿਲੀ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਸੁਪਰਹਿੱਟ ਫ਼ਿਲਮ ਰਹੀ।
ਗਿੱਪੀ ਗਰੇਵਾਲ ਨੇ ਦੱਸਿਆ ਕਿ ਜਦੋਂ ਉਹ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਫ਼ਿਲਮ ਦੀ ਪਰਮੋਸ਼ਨ ਕਰ ਰਹੇ ਸਨ, ਉਸ ਸਮੇਂ ਹਿਨਾ ਖਾਨ ਨੂੰ ਪਤਾ ਸੀ ਕਿ ਉਸਨੂੰ ਬਰੈਸਟ ਕੈਂਸਰ ਹੈ। ਪਰ ਉਸਨੇ ਇਸ ਗੱਲ ਨੂੰ ਆਪਣੇ ਤੱਕ ਹੀ ਰੱਖਿਆ ਤੇ ਕਿਸੇ ਨਾਲ ਸਾਂਝੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਮੈਨੂੰ ਵੀ ਹਿਨਾ ਦੀ ਪੋਸਟ ਤੋਂ ਹੀ ਉਸਦੇ ਕੈਂਸਰ ਬਾਰੇ ਪਤਾ ਲੱਗਿਆ।
ਇਸਦੇ ਨਾਲ ਹੀ ਗਿੱਪੀ ਨੇ ਕਿਹਾ ਕਿ ਹਿਨਾ ਬਹੁਤ ਹੀ ਮਜ਼ਬੂਤ ਔਰਤ ਹੈ। ਉਸ ਵਿਚ ਬਹੁਤ ਹੌਂਸਲਾ ਹੈ। ਇਸ ਹੌਂਸਲੇ ਤੇ ਮਜ਼ਬੂਤ ਸਖ਼ਸ਼ੀਅਤ ਕਰਕੇ ਹੀ ਉਹ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਤੋਂ ਘਬਰਾਈ ਨਹੀਂਂ, ਸਗੋਂ ਇਸ ਨਾਲ ਲੜੀ। ਉਂਝ ਵੀ ਉਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਹੌਸਲਾ ਅਤੇ ਸਕਾਰਾਤਮਤਾ ਮਿਲਦੀ ਹੈ।
ਜ਼ਿਕਰਯੋਗ ਹੈ ਕਿ ‘ਸ਼ਿੰਦਾ ਸ਼ਿੰਦਾ ਨੋ ਪਾਪਾ’ (shinda shinda no papa) ਫ਼ਿਲਮ 10 ਮਈ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। ਫ਼ਿਲਮ ਨੇ ਬਜਟ ਤੋਂ ਵੱਧ ਕਮਾਈ ਕੀਤੀ ਸੀ। ਇਸ ਫ਼ਿਲਮ ਦਾ ਬਜਟ ਸਿਰਫ 12 ਕਰੋੜ ਰੁਪਏ ਸੀ, ਜਦੋਂ ਕਿ 10 ਦਿਨਾਂ ‘ਚ ਫ਼ਿਲਮ ਨੇ ਭਾਰਤ ‘ਚ 9.34 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਦੁਨੀਆ ਭਰ ‘ਚ 18.25 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜੋ ਫਿਲਮ ਦੀ ਵੱਡੀ ਸਫਲਤਾ ਸੀ।