ਪੰਜ ਨਗਰ ਨਿਗਮਾਂ ਅਤੇ 41ਨਗਰ ਕੌਂਸਲਾਂ ਲਈ ਵੋਟਿੰਗ ਸ਼ੁਰੂ – News18 ਪੰਜਾਬੀ

Voting begins for municipal and council elections: ਪੰਜਾਬ ਵਿਚ ਨਗਰ ਨਿਗਮਾਂ ਅਤੇ ਕੌਂਸਲਾਂ/ਪੰਚਾਇਤਾਂ ਲਈ ਵੋਟਿੰਗ ਅੱਜ ਸਵੇਰ 7 ਵਜੇ ਤੋਂ ਸ਼ੁਰੂ ਹੋ ਚੁਕੀ ਹੈ। ਵੋਟਰ ਸ਼ਾਮ 4 ਵਜੇ ਤਕ ਆਪਣੀ ਵੋਟ ਭੁਗਤਾ ਸਕਦੇ ਹਨ ਉਸ ਤੋਂ ਮਗਰੋਂ ਤੁਰਤ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਨ੍ਹਾਂ ਚੋਣਾਂ ਵਿਚ 37.32 ਲੱਖ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ।
ਵੋਟਾਂ ਈਵੀਐਮ ਜ਼ਰੀਏ ਪੈਣ ਕਰ ਕੇ ਚੋਣ ਨਤੀਜੇ ਵੀ ਸ਼ਾਮ ਵੇਲੇ ਐਲਾਨੇ ਜਾਣਗੇ। ਇਸ ਤਰ੍ਹਾਂ ਪੰਜ ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ/ਨਗਰ ਪੰਚਾਇਤਾਂ ਤੋਂ ਇਲਾਵਾ ਕਰੀਬ ਚਾਰ ਦਰਜਨ ਵਾਰਡਾਂ ਵਿਚ ਉਪ ਚੋਣਾਂ ‘ਚ ਉੱਤਰੇ 3,336 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੀ ਹੋ ਜਾਵੇਗਾ।
ਨਿਗਮ ਤੇ ਕੌਂਸਲ ਚੋਣਾਂ ਲਈ 23 ਹਜ਼ਾਰ ਅਧਿਕਾਰੀ ਤੇ ਮੁਲਾਜ਼ਮ ਚੋਣ ਅਮਲੇ ਵਜੋਂ ਤਾਇਨਾਤ ਕੀਤੇ ਗਏ ਹਨ। ਚੋਣ ਅਮਲਾ ਬੀਤੇ ਦਿਨ ਪੰਜਾਬ ‘ਚ ਬਣਾਏ ਕੁੱਲ 1,609 ਪੋਲਿੰਗ ਸਟੇਸ਼ਨਾਂ ‘ਤੇ ਪੁੱਜ ਗਿਆ ਸੀ। ਵੋਟਾਂ ਲਈ ਕੁੱਲ 3,809 ਪੋਲਿੰਗ ਬੂਥ ਬਣਾਏ ਗਏ ਹਨ। ਪੰਜਾਬ ਪੁਲਿਸ ਨੇ ਇਨ੍ਹਾਂ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਦੀ ਤਾਇਨਾਤੀ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ।
ਪੰਜਾਬ ਪੁਲਿਸ ਵਲੋਂ ਇਨ੍ਹਾਂ ਵੋਟਾਂ ਲਈ 21,500 ਜਵਾਨ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸਿੰਗਲ ਪੋਲਿੰਗ ਸਟੇਸ਼ਨ ਲਈ 3 ਮੁਲਾਜ਼ਮ ਅਤੇ ਡਬਲ ਪੋਲਿੰਗ ਸਟੇਸ਼ਨ ਲਈ 4 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਤੀਹਰੇ ਪੋਲਿੰਗ ਸਟੇਸ਼ਨ ਲਈ 5 ਮੁਲਾਜ਼ਮ ਅਤੇ ਕੁਆਡ ਪੋਲਿੰਗ ਸਟੇਸ਼ਨ ਲਈ 6 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਰਾਜ ਚੋਣ ਕਮਿਸ਼ਨ ਵਲੋਂ 344 ਪੋਲਿੰਗ ਸਥਾਨਾਂ ਦੀ ਪਛਾਣ ਅਤਿ ਸੰਵੇਦਨਸ਼ੀਲ ਅਤੇ 665 ਪੋਲਿੰਗ ਸਥਾਨਾਂ ਦੀ ਪਛਾਣ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ, ਜਿੱਥੇ ਜ਼ਿਆਦਾ ਨਫ਼ਰੀ ਦੀ ਤਾਇਨਾਤੀ ਕੀਤੀ ਗਈ ਹੈ। ਇਨ੍ਹਾਂ ਚੋਣਾਂ ਵਿਚ ਕੁੱਲ 37,32,636 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ, ਜਿਨ੍ਹਾਂ ‘ਚ 19,55,888 ਪੁਰਸ਼, 17,76,544 ਮਹਿਲਾਵਾਂ ਅਤੇ 204 ਹੋਰ ਸ਼ਾਮਲ ਹਨ।
ਵੱਖ ਵੱਖ ਨਿਗਮਾਂ ਤੇ ਕੌਂਸਲਾਂ ਦੇ ਕਰੀਬ 49 ਵਾਰਡਾਂ ‘ਤੇ ਉਪ ਚੋਣ ਹੋ ਰਹੀ ਹੈ। ਨਗਰ ਨਿਗਮ ਅੰਮ੍ਰਿਤਸਰ, ਜਲੰਧਰ ਨਿਗਮ, ਲੁਧਿਆਣਾ ਨਿਗਮ, ਫਗਵਾੜਾ ਅਤੇ ਪਟਿਆਲਾ ਨਿਗਮ ਦੀ ਚੋਣ ਨੂੰ ਸਿਆਸੀ ਧਿਰਾਂ ਨੇ ਪ੍ਰਮੁੱਖਤਾ ਨਾਲ ਲਿਆ ਹੈ।