ਜੰਗਲਾਂ ‘ਚੋਂ ਮਿਲੀ ਲਾਵਾਰਿਸ ਗੱਡੀ ‘ਚੋਂ ਮਿਲਿਆ 52 ਕਿਲੋ ਸੋਨਾ ਤੇ 15 ਕਰੋੜ ਕੈਸ਼,ਕੌਣ ਹੈ ਇਸ ਦਾ ਮਾਲਕ ?

ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਹੈਰਾਨ ਕਰਨ ਵਾਲੀ ਖਬਰ ਹੈ। ਇੱਥੇ ਲੋਕਾਯੁਕਤ ਨੇ ਖੇਤਰੀ ਟਰਾਂਸਪੋਰਟ ਦਫ਼ਤਰ (ਆਰਟੀਓ) ਦੇ ਸਾਬਕਾ ਕਾਂਸਟੇਬਲ ਸੌਰਭ ਸ਼ਰਮਾ ਦੇ ਘਰ ਛਾਪਾ ਮਾਰਿਆ। ਇਸ ਛਾਪੇਮਾਰੀ ਵਿੱਚ ਟੀਮ ਨੇ ਸ਼ਰਮਾ ਦੇ ਠਿਕਾਣਿਆਂ ਤੋਂ ਕਰੋੜਾਂ ਰੁਪਏ ਦੀ ਨਕਦੀ ਅਤੇ ਭਾਰੀ ਮਾਤਰਾ ਵਿੱਚ ਸੋਨਾ-ਚਾਂਦੀ ਬਰਾਮਦ ਕੀਤਾ ਹੈ। ਸੂਤਰਾਂ ਮੁਤਾਬਕ ਹੁਣ ਸੌਰਭ ਸ਼ਰਮਾ ਦੇ ਲਿੰਕ ਕਿਸੇ ਹੋਰ ਮਾਮਲੇ ਨਾਲ ਜੁੜੇ ਜਾਪਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਲੋਕਾਯੁਕਤ ਟੀਮ ਦੀ ਜਾਂਚ ਤੋਂ ਇਲਾਵਾ ਇਨਕਮ ਟੈਕਸ ਨੇ ਇਕ ਵਾਹਨ ‘ਚੋਂ 52 ਕਿਲੋ ਸੋਨਾ ਅਤੇ 15 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਸੋਨੇ ਦੀ ਕੀਮਤ 40 ਕਰੋੜ 47 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਗੱਡੀ ਮੇਂਡੋਰਾ ਦੇ ਜੰਗਲਾਂ ਵਿੱਚ ਛੱਡੀ ਹੋਈ ਮਿਲੀ। ਇਸ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਗਵਾਲੀਅਰ ਦਾ ਹੈ। ਇਸ ਦੇ ਮਾਲਕ ਦਾ ਨਾਂ ਚੇਤਨ ਗੌੜ ਦੱਸਿਆ ਜਾ ਰਿਹਾ ਹੈ। ਇਸ ਗੱਡੀ ਦਾ ਪਤਾ ਲੱਗਣ ਤੋਂ ਬਾਅਦ ਹੜਕੰਪ ਮਚ ਗਿਆ ਹੈ।
ਜ਼ਿਕਰਯੋਗ ਹੈ ਕਿ 19 ਦਸੰਬਰ ਨੂੰ ਲੋਕਾਯੁਕਤ ਟੀਮ ਨੇ ਸੌਰਭ ਸ਼ਰਮਾ ਦੇ ਘਰ ਅਤੇ ਦਫ਼ਤਰ ‘ਤੇ ਛਾਪਾ ਮਾਰਿਆ ਸੀ। ਟੀਮ ਨੂੰ ਉਸ ਦੇ ਘਰੋਂ 1.15 ਕਰੋੜ ਰੁਪਏ ਦੀ ਨਕਦੀ ਮਿਲੀ। ਜਦੋਂ ਕਿ ਉਸ ਦੇ ਦਫ਼ਤਰ ਵਿੱਚੋਂ 1.70 ਕਰੋੜ ਰੁਪਏ ਦੀ ਨਕਦੀ ਅਤੇ 50 ਲੱਖ ਰੁਪਏ ਦੇ ਗਹਿਣੇ ਮਿਲੇ ਹਨ। ਸੌਰਭ ਸ਼ਰਮਾ ਕੋਲ ਚਾਰ ਲਗਜ਼ਰੀ ਕਾਰਾਂ ਵੀ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਵਾਹਨ ਵਿੱਚੋਂ 80 ਲੱਖ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ। ਸ਼ਰਮਾ ਨੇ 12 ਸਾਲ ਕੰਮ ਕੀਤਾ ਹੈ। ਦੋਸ਼ ਹੈ ਕਿ ਇਸ ਦੌਰਾਨ ਉਸ ਨੇ ਕਾਫੀ ਦਲਾਲੀ ਵੀ ਕੀਤੀ। ਉਸਨੇ ਇੱਕ ਸਾਲ ਪਹਿਲਾਂ VRS ਲਿਆ ਅਤੇ ਰੀਅਲ ਅਸਟੇਟ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਉਸ ਨੇ ਵੀ ਹਵਾਲਾ ਵੀ ਕੀਤਾ ਹੈ । ਇਸ ਤਰ੍ਹਾਂ ਉਸ ਨੇ ਬੇਅੰਤ ਸੰਪੱਤੀ ਬਣਾ ਲਈ।
ਹੈਰਾਨ ਕਰਨ ਵਾਲੀ ਗੱਲ ਆਈ ਸਾਹਮਣੇ….
ਦੱਸਿਆ ਜਾ ਰਿਹਾ ਹੈ ਕਿ ਲੋਕਾਯੁਕਤ ਦੀ ਟੀਮ 19 ਦਸੰਬਰ ਨੂੰ ਸਵੇਰੇ 7 ਵਜੇ ਸੌਰਭ ਸ਼ਰਮਾ ਦੇ ਅਰੇਰਾ ਕਲੋਨੀ ਦੇ ਘਰ ਅਤੇ ਦਫਤਰ ਪਹੁੰਚੀ। ਸੂਤਰਾਂ ਦੇ ਮੁਤਾਬਕ ਸੌਰਭ ਸ਼ਰਮਾ ਦਾ ਅਸਲ ਟਿਕਾਣਾ ਦੁਬਈ ਹੈ। ਲੋਕਾਯੁਕਤ ਟੀਮ ਇਹ ਪਤਾ ਲਗਾ ਰਹੀ ਹੈ ਕਿ ਸ਼ਰਮਾ ਨੇ ਰੀਅਲ ਅਸਟੇਟ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਕਿੱਥੇ-ਕਿੱਥੇ ਪੈਸਿਆਂ ਦੀ ਹੇਰਾ ਫੇਰੀ ਕੀਤੀ, ਕਿੱਥੇ-ਕਿੱਥੇ ਹਵਾਲਾ ਕੀਤਾ। ਟੀਮ ਸਾਰੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
- First Published :