37 ਛੱਕੇ… 120 ਗੇਂਦਾਂ ‘ਚ ਬਣਾਈਆਂ 349 ਦੌੜਾਂ, ਟੀ-20 ‘ਚ ਬਣਿਆ World Record

ਨਵੀਂ ਦਿੱਲੀ- ਕ੍ਰਿਕਟ ‘ਚ ਹਰ ਰੋਜ਼ ਕਈ ਰਿਕਾਰਡ ਟੁੱਟਦੇ ਅਤੇ ਕਈ ਨਵੇਂ ਬਣਦੇ ਹਨ। ਵੀਰਵਾਰ ਨੂੰ ਟੀ-20 ਕ੍ਰਿਕਟ ‘ਚ ਕੁਝ ਅਜਿਹਾ ਹੋਇਆ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਹਾਰਦਿਕ ਪੰਡਯਾ ਤੋਂ ਬਿਨਾਂ ਖੇਡ ਰਹੀ ਬੜੌਦਾ ਦੀ ਟੀਮ ਨੇ ਸਿੱਕਮ ਖਿਲਾਫ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ।
ਬੜੌਦਾ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ‘ਚ ਸਿੱਕਮ ਦੇ ਖਿਲਾਫ ਮੈਚ ‘ਚ 20 ਓਵਰਾਂ ‘ਚ 5 ਵਿਕਟਾਂ ‘ਤੇ 349 ਦੌੜਾਂ ਬਣਾਈਆਂ। ਜੋ ਕਿ ਟੀ-20 ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਟੀ-20 ਦਾ ਵਿਸ਼ਵ ਰਿਕਾਰਡ ਜ਼ਿੰਬਾਬਵੇ ਦੇ ਨਾਂ ਸੀ ਜਿਸ ਨੇ ਇਸ ਸਾਲ ਅਕਤੂਬਰ ‘ਚ ਗਾਂਬੀਆ ਖਿਲਾਫ 4 ਵਿਕਟਾਂ ‘ਤੇ 344 ਦੌੜਾਂ ਬਣਾਈਆਂ ਸਨ। ਹੁਣ ਟੀ-20 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਬੜੌਦਾ ਦੇ ਨਾਮ ਹੈ।
ਬੜੌਦਾ ਦੀ ਟੀਮ ਹਾਰਦਿਕ ਪਾਂਡਿਆ (Hardik Pandya) ਅਤੇ ਉਹਨਾਂ ਦੇ ਵੱਡੇ ਭਰਾ ਕਰੁਣਾਲ ਪੰਡਯਾ ਦੇ ਬਗੈਰ ਸਿੱਕਮ (Baroda vs Sikkim) ਦੇ ਖਿਲਾਫ ਖੇਡੀ। ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੜੌਦਾ ਲਈ ਭਾਨੂ ਪਾਨੀਆ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਭਾਨੂ ਨੇ 51 ਗੇਂਦਾਂ ‘ਤੇ ਅਜੇਤੂ 134 ਦੌੜਾਂ ਬਣਾਈਆਂ, ਜਿਸ ‘ਚ 15 ਛੱਕੇ ਅਤੇ 5 ਚੌਕੇ ਸ਼ਾਮਲ ਸਨ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 262.75 ਰਿਹਾ। ਚਾਰ ਬੱਲੇਬਾਜ਼ਾਂ ਨੇ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ। ਸ਼ਿਵਾਲਿਕ ਸ਼ਰਮਾ 55 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਅਭਿਮਨਿਊ ਸਿੰਘ ਨੇ 53 ਦੌੜਾਂ ਦਾ ਯੋਗਦਾਨ ਦਿੱਤਾ। ਵਿਕਟਕੀਪਰ ਵਿਸ਼ਨੂੰ ਸੋਲੰਕੀ 50 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਬੜੌਦਾ ਟੀਮ ਨੇ 37 ਛੱਕੇ ਲਗਾਏ
ਬੜੌਦਾ ਦੀ ਟੀਮ ਨੇ ਸਿੱਕਮ ਦੇ ਖਿਲਾਫ ਕੁੱਲ 37 ਛੱਕੇ ਜੜ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਸਿੱਕਮ ਦੇ ਗੇਂਦਬਾਜ਼ ਬੜੌਦਾ ਦੇ ਬੱਲੇਬਾਜ਼ਾਂ ਸਾਹਮਣੇ ਬੇਵੱਸ ਨਜ਼ਰ ਆਏ। ਇਸ ਤੋਂ ਪਹਿਲਾਂ ਜ਼ਿੰਬਾਬਵੇ ਅਤੇ ਗਾਂਬੀਆ ਵਿਚਾਲੇ ਹੋਏ ਮੈਚ ‘ਚ 27 ਛੱਕੇ ਲੱਗੇ ਸਨ। ਉਸ ਮੈਚ ਦੇ ਮੁਕਾਬਲੇ ਬੜੌਦਾ ਦੇ ਬੱਲੇਬਾਜ਼ਾਂ ਨੇ 10 ਹੋਰ ਛੱਕੇ ਲਾਏ। ਬੜੌਦਾ ਦੇ ਪੰਜ ਬੱਲੇਬਾਜ਼ਾਂ ਨੇ 200 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਪਹਿਲੀ ਵਾਰ ਕਿਸੇ ਟੀਮ ਨੇ 300 ਦਾ ਅੰਕੜਾ ਛੂਹਿਆ ਹੈ।
ਬੜੌਦਾ ਦੀ ਟੀਮ 263 ਦੌੜਾਂ ਨਾਲ ਜੇਤੂ ਰਹੀ
ਇਸ ਮੈਚ ਵਿੱਚ ਬੜੌਦਾ ਨੇ ਸਿੱਕਮ ਨੂੰ 263 ਦੌੜਾਂ ਨਾਲ ਹਰਾਇਆ। 350 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸਿੱਕਮ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ‘ਤੇ 86 ਦੌੜਾਂ ਹੀ ਬਣਾ ਸਕੀ। ਸਿੱਕਮ ਲਈ ਰੌਬਿਨ ਲਿੰਬੂ ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ ਜਦਕਿ ਅੰਕੁਰ ਨੇ 18 ਦੌੜਾਂ ਦੀ ਅਜੇਤੂ ਪਾਰੀ ਖੇਡੀ। ਸਿੱਕਮ ਦੇ ਸਿਰਫ਼ ਤਿੰਨ ਬੱਲੇਬਾਜ਼ ਹੀ ਦੋਹਰੇ ਅੰਕੜੇ ਨੂੰ ਛੂਹ ਸਕੇ। ਬੜੌਦਾ ਲਈ ਮਹੇਸ਼ ਅਤੇ ਐਨਏ ਰਾਠਵਾ ਨੇ ਦੋ-ਦੋ ਵਿਕਟਾਂ ਲਈਆਂ।
- First Published :