ਆਪ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਕੀਤਾ ਪੁਤਲਾ ਫੂਕ ਪ੍ਰਦਰਸ਼ਨ

ਬਿਸਬਰ ਬਿੱਟੂ, ਗੁਰਦਾਸਪੁਰ : ਆਮ ਆਦਮੀ ਪਾਰਟੀ ਵੱਲੋਂ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਮਾੜੀ ਸ਼ਬਦਾਵਲੀ ਵਰਤਣ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਰੰਧਾਵਾ, ਪਨਸਪ ਦੇ ਚੇਅਰਮੈਨ ਬਲਵੀਰ ਪੰਨੂ ਤੇ ਆਮ ਆਦਮੀ ਪਾਰਟੀ ਦੇ ਦੀਨਾ ਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਆਮ ਆਦਮੀ ਪਾਰਟੀ ਦੇ ਸਮਰਥਕ ਵੱਡੀ ਗਿਣਤੀ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ, ਡਾਕਖਾਨਾ ਚੌਂਕ ਵਿੱਚ ਪਹੁੰਚੇ ਅਤੇ ਉਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਜਿਸ ਸੰਵਿਧਾਨ ਦੀ ਸੋਹ ਚੁੱਕ ਕੇ ਅਮਿਤ ਸ਼ਾਹ ਮੰਤਰੀ ਬਣੇ ਹਨ ਉਸ ਸੰਵਿਧਾਨ ਦੇ ਨਿਰਮਾਤਾ ਬਾਰੇ ਉਹਨਾਂ ਨੇ ਮੰਦਾ ਬੋਲ ਕੇ ਗਲਤ ਕੀਤਾ ਹੈ। ਆਪ ਆਗੂਆਂ ਨੇ ਮੰਗ ਰੱਖੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਮਾੜੀ ਸ਼ਬਦਾਵਲੀ ਬੋਲਣ ਦੀ ਸਜ਼ਾ ਵਜੋਂ ਰਾਸ਼ਟਰਪਤੀ ਨੂੰ ਅਮਿਤ ਸ਼ਾਹ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਸਿਫਾਰਿਸ਼ ਕਰਨ। ਪ੍ਰਦਰਸ਼ਨ ਦੌਰਾਨ ਬਾਬਾ ਸਾਹਿਬ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਦੇ ਵੀ ਖੂਬ ਨਾਅਰੇ ਲੱਗੇ।
ਆਪ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਰੰਧਾਵਾ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਜਿਹੜਾ ਸੰਵਿਧਾਨ ਸਭ ਲਈ ਸਤਿਕਾਰਯੋਗ ਹੈ ਅਤੇ ਜਿਸ ਦੀ ਸਹੁੰ ਚੁੱਕ ਕੇ ਖੁਦ ਅਮਿਤ ਸ਼ਾਹ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਦਾ ਅਹੁਦਾ ਗ੍ਰਹਿਣ ਕੀਤਾ ਹੈ। ਉਸ ਦੇ ਨਿਰਮਾਤਾ ਬਾਰੇ ਇਹੋ ਜਿਹੀ ਸ਼ਬਦਾਵਲੀ ਵਰਤਣਾ ਅਮਿਤ ਸ਼ਾਹ ਲਈ ਸ਼ੋਭਾ ਨਹੀਂ ਦਿੰਦਾ , ਇਸ ਲਈ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਗੈਰ ਜਿੰਮੇਵਾਰਾਨਾ ਬਿਆਨ ਕਾਰਨ ਅਮਿਤ ਸ਼ਾਹ ਨੂੰ ਅਹੁਦੇ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ। ਆਪ ਆਗੂਆਂ ਨੇ ਨਾਲ ਹੀ ਕਿਸਾਨੀ ਸੰਘਰਸ਼ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਉੱਤੇ ਵੀ ਸਵਾਲ ਚੁੱਕੇ ਅਤੇ ਨਾਲ ਹੀ ਕਿਹਾ ਕਿ ਮਰਨ ਵਰਤ ਉੱਤੇ ਬੈਠੇ ਸਰਦਾਰ ਡਲੇਵਾਲ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਉਹਨਾਂ ਨੂੰ ਬਚਾਉਣ ਲਈ ਜਲਦੀ ਤੋਂ ਜਲਦੀ ਕਿਸਾਨੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।
- First Published :