Indian team will not go to Pakistan, ICC approves hybrid model – News18 ਪੰਜਾਬੀ

ICC ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨੂੰ ਲੈ ਕੇ ਚੱਲ ਰਿਹਾ ਤਣਾਅ ਆਖਿਰਕਾਰ ਖਤਮ ਹੋ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਆਪਣੇ ਚੈਂਪੀਅਨਜ਼ ਟਰਾਫੀ ਮੈਚ ਮੇਜ਼ਬਾਨ ਪਾਕਿਸਤਾਨ ਦੀ ਬਜਾਏ ਕਿਸੇ ਨਿਰਪੱਖ ਸਥਾਨ ‘ਤੇ ਖੇਡੇਗਾ। ਇਹੀ ਵਿਵਸਥਾ ਪਾਕਿਸਤਾਨ ਲਈ 2027 ਤੱਕ ਲਾਗੂ ਰਹੇਗੀ। ਪਾਕਿਸਤਾਨ ਦੀ ਟੀਮ ਭਾਰਤ ‘ਚ ਹੋਣ ਵਾਲੇ ICC ਟੂਰਨਾਮੈਂਟ ਦੇ ਮੈਚ ਨਿਰਪੱਖ ਸਥਾਨਾਂ ‘ਤੇ ਖੇਡੇਗੀ।
ਚੈਂਪੀਅਨਸ ਟਰਾਫੀ ਇੱਕ ਵਨਡੇਅ ਟੂਰਨਾਮੈਂਟ ਹੈ, ਜੋ 2017 ਤੋਂ ਬਾਅਦ ਪਹਿਲੀ ਵਾਰ ਖੇਡਿਆ ਜਾਣਾ ਹੈ। ਸਾਲ 2017 ਵਿੱਚ ਪਾਕਿਸਤਾਨ ਨੇ ਭਾਰਤ ਨੂੰ ਹਰਾ ਕੇ ਟਰਾਫੀ ਜਿੱਤੀ ਸੀ। ਇਹ ਇਤਫ਼ਾਕ ਹੀ ਹੈ ਕਿ ਡਿਫੈਂਡਿੰਗ ਚੈਂਪੀਅਨ ਨੂੰ ਟੂਰਨਾਮੈਂਟ ਦੀ ਮੇਜ਼ਬਾਨੀ ਵੀ ਮਿਲ ਗਈ ਹੈ। ICC ਚੈਂਪੀਅਨਜ਼ ਟਰਾਫੀ 2025 ਦੇ ਸ਼ੈਡਿਊਲ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ICC ਨੇ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਕਿਹਾ, ‘ICC ਬੋਰਡ ਨੇ ਹਾਈਬ੍ਰਿਡ ਮਾਡਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ 2024 ਤੋਂ 2027 ਦੇ ਮੌਜੂਦਾ ਚੱਕਰ ਦੌਰਾਨ (ਜੋ ਕਿ ਭਾਰਤ ਜਾਂ ਪਾਕਿਸਤਾਨ ਵਿੱਚ ਮੇਜ਼ਬਾਨੀ ਕੀਤੀ ਜਾਣੀ ਹੈ), ICC ਟੂਰਨਾਮੈਂਟਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਰੇ ਮੈਚ ਨਿਰਪੱਖ ਸਥਾਨਾਂ ‘ਤੇ ਖੇਡੇ ਜਾਣਗੇ। ਭਾਰਤੀ ਟੀਮ ਇਸ ਦੌਰਾਨ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਇਸੇ ਤਰ੍ਹਾਂ ਪਾਕਿਸਤਾਨ ਦੀ ਟੀਮ ਵੀ ਭਾਰਤ ਨਹੀਂ ਜਾਵੇਗੀ।’
ਇਹ ਵੀ ਪੜ੍ਹੋ:
ਵਿਰਾਟ ਕੋਹਲੀ ਜਲਦ ਛੱਡਣਗੇ ਭਾਰਤ
ਚੈਂਪੀਅਨਸ ਟਰਾਫੀ 2025 ਤੋਂ ਇਲਾਵਾ ਇਹ ਵਿਵਸਥਾ ਮਹਿਲਾ ਵਿਸ਼ਵ ਕੱਪ ਅਤੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ‘ਤੇ ਵੀ ਲਾਗੂ ਹੋਵੇਗੀ। ਮਹਿਲਾ ਵਿਸ਼ਵ ਕੱਪ ਅਗਲੇ ਸਾਲ ਭਾਰਤ ਵਿੱਚ ਹੋਣਾ ਹੈ। ਇਸ ਤੋਂ ਬਾਅਦ ਭਾਰਤ ਅਤੇ ਸ਼੍ਰੀਲੰਕਾ 2027 ਵਿੱਚ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਦੀ ਸੰਯੁਕਤ ਮੇਜ਼ਬਾਨੀ ਕਰਨਗੇ।
ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਫਰਵਰੀ-ਮਾਰਚ ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਲਈ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤ ਨੇ 2023 ਏਸ਼ੀਆ ਕੱਪ ਵਾਂਗ ਹਾਈਬ੍ਰਿਡ ਮਾਡਲ ‘ਤੇ ਮੈਚ ਕਰਵਾਉਣ ਦੀ ਮੰਗ ਕੀਤੀ ਸੀ। ਏਸ਼ੀਆ ਕੱਪ 2023 ਵਿੱਚ ਭਾਰਤ ਨੇ ਆਪਣੇ ਮੈਚ ਸ਼੍ਰੀਲੰਕਾ ਵਿੱਚ ਖੇਡੇ ਜਦੋਂ ਕਿ ਟੂਰਨਾਮੈਂਟ ਦਾ ਮੇਜ਼ਬਾਨ ਪਾਕਿਸਤਾਨ ਸੀ।