ਵੱਡੀ ਤਬਾਹੀ ਦਾ ਖਤਰਾ, ਸੈਂਕੜੇ ਪਿੰਡ ਖਾਲੀ ਕਰਨ ਦੇ ਹੁਕਮ, ਕੱਲ੍ਹ ਸ਼ਾਮ 4 ਵਜੇ ਤੱਕ ਹਾਈ ਅਲਰਟ…

Cyclone Alfred in Australia: ਆਸਟਰੇਲੀਆ ਦੇ ਦੱਖਣ-ਪੂਰਬੀ ਤੱਟੀ ਖੇਤਰ ਵਿਚ ਇਕ ਦੁਰਲੱਭ ਸ਼੍ਰੇਣੀ 2 ਦਾ ਚੱਕਰਵਾਤ (Rare Category 2 cyclone) 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਸਮੇਂ ਉਤੇ ਘਰ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਪੂਰਬੀ ਅਤੇ ਦੱਖਣੀ ਆਸਟ੍ਰੇਲੀਆਈ ਸ਼ਹਿਰਾਂ, ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਰੇਲ, ਬੱਸ ਅਤੇ ਕਿਸ਼ਤੀ ਦੇ ਸੰਚਾਲਨ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿਡਨੀ ਅਤੇ ਮੈਲਬੋਰਨ ਉਤੇ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਗੋਲਡ ਕੋਸਟ ਹਵਾਈ ਅੱਡੇ ਨੂੰ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਬੰਦ ਕਰਨ ਦਾ ਹੁਕਮ ਦਿੱਤਾ ਗਿਆ। ਆਸਟ੍ਰੇਲੀਆਈ ਮੌਸਮ ਵਿਗਿਆਨੀਆਂ ਦੇ ਅਨੁਸਾਰ ਚੱਕਰਵਾਤ ਅਲਫ੍ਰੇਡ ਸ਼ੁੱਕਰਵਾਰ ਨੂੰ ਮਾਰੂਚਾਈਡੋਰ ਅਤੇ ਕੂਲਾਂਗਟਾ ਦੇ ਵਿਚਕਾਰ ਲੈਂਡਫਾਲ ਕਰ ਸਕਦਾ ਹੈ।
ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਲਗਾਤਾਰ ਚੌਕਸ ਕਰ ਰਿਹਾ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆਈ ਜਲ ਸੈਨਾ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਲਗਾਤਾਰ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਚੱਕਰਵਾਤੀ ਤੂਫਾਨ ਅਲਫਰੇਡ ਦੇ ਅਨੁਮਾਨਿਤ ਮਾਰਗ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਅਜੇ ਤੱਕ ਇਲਾਕਾ ਖਾਲੀ ਕਰਨ ਬਾਰੇ ਨਹੀਂ ਸੋਚਿਆ ਹੈ, ਤਾਂ ਸਥਿਤੀ ਹੋਰ ਵਿਗੜਨ ਤੋਂ ਪਹਿਲਾਂ ਇਹੀ ਸਮਾਂ ਹੈ, ਕਿਉਂਕਿ ਇੱਕ “ਬਹੁਤ ਹੀ ਦੁਰਲੱਭ” ਸ਼੍ਰੇਣੀ 2 ਦਾ ਤੂਫਾਨ ਆਸਟ੍ਰੇਲੀਆ ਦੇ ਦੱਖਣ-ਪੂਰਬੀ ਤੱਟ ਵੱਲ ਵਧ ਰਿਹਾ ਹੈ।
ਰਾਤ ਨੂੰ ਦਸਤਕ ਦੇਵੇਗਾ
ਕੁਈਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਾਫੁੱਲੀ ਨੇ ਚਿਤਾਵਨੀ ਦਿੱਤੀ, ‘ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਚੱਕਰਵਾਤ ਅੱਧੀ ਰਾਤ ਨੂੰ ਤੇਜ਼ ਲਹਿਰਾਂ ਦੇ ਨਾਲ ਤੱਟਾਂ ਨੂੰ ਪਾਰ ਕਰ ਸਕਦਾ ਹੈ ਅਤੇ ਲੈਂਡਫਾਲ ਕਰ ਸਕਦਾ ਹੈ। ਨਾਲ ਹੀ ਜੇਕਰ ਅਜੇ ਤੱਕ ਇਸ ਦੇ ਪਾਣੀ ਦੀ ਵਾਪਸੀ ਲਈ ਕੋਈ ਰਸਤਾ ਨਹੀਂ ਬਣਿਆ ਤਾਂ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦਾ ਖਦਸ਼ਾ ਹੈ। ਇਸ ਲਈ ਅਜੇ ਵੀ ਸਮਾਂ ਹੈ, ਤੁਸੀਂ ਲੋਕ ਆਪਣੇ ਘਰ ਖਾਲੀ ਕਰੋ, ਸੁਰੱਖਿਅਤ ਸਥਾਨਾਂ ‘ਤੇ ਪਹੁੰਚੋ ਅਤੇ ਬਚਾਅ ਕਾਰਜ ‘ਚ ਪ੍ਰਸ਼ਾਸਨ ਦੀ ਮਦਦ ਕਰੋ।
ਕਈ ਹਵਾਈ ਅੱਡੇ ਬੰਦ
ਬਾਲੀਨਾ ਬਾਇਰਨ ਗੇਟਵੇ ਏਅਰਪੋਰਟ ਬੁੱਧਵਾਰ ਅਤੇ ਵੀਰਵਾਰ ਨੂੰ ਤੇਜ਼ ਹਵਾਵਾਂ ਕਾਰਨ ਬੰਦ ਕਰ ਦਿੱਤਾ ਗਿਆ ਸੀ। ਵਰਜਿਨ ਆਸਟ੍ਰੇਲੀਆ, ਜੈੱਟਸਟਾਰ ਅਤੇ ਕੈਂਟਾਸ ਵਰਗੀਆਂ ਪ੍ਰਮੁੱਖ ਏਅਰਲਾਈਨਾਂ ਨੇ ਚੱਕਰਵਾਤ ਤੋਂ ਪ੍ਰਭਾਵਿਤ ਹਵਾਈ ਅੱਡਿਆਂ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਬ੍ਰਿਸਬੇਨ ਹਵਾਈ ਅੱਡਾ ਖੁੱਲ੍ਹਾ ਹੈ, ਪਰ ਤੂਫਾਨ ਕਾਰਨ ਕਈ ਏਅਰਲਾਈਨਾਂ ਨੇ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਬੱਸਾਂ, ਟਰੇਨਾਂ ਸਭ ਬੰਦ
ਬ੍ਰਿਸਬੇਨ ਵਿਚ ਬੁੱਧਵਾਰ ਤੋਂ ਰੇਲਗੱਡੀਆਂ, ਬੱਸਾਂ ਅਤੇ ਫੈਰੀ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ। ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ (NSW) ਵਿੱਚ ਕਈ ਮੈਚ ਅਤੇ ਸਮਾਗਮ ਰੱਦ ਕਰ ਦਿੱਤੇ ਗਏ ਹਨ। ਮੌਸਮ ਵਿਗਿਆਨ ਬਿਊਰੋ (BoM) ਦੇ ਅਨੁਸਾਰ, ਅਲਫ੍ਰੇਡ ਹੁਣ ਬ੍ਰਿਸਬੇਨ ਤੋਂ ਲਗਭਗ 325 ਕਿਲੋਮੀਟਰ ਪੂਰਬ ਵਿੱਚ ਹੈ। ਇਹ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੱਖਣ-ਪੂਰਬੀ ਕਵੀਂਸਲੈਂਡ ਤੱਟ ਵੱਲ ਵਧ ਰਿਹਾ ਹੈ। ਤੂਫਾਨ ਅਲਫ੍ਰੇਡ ਦੇ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਬ੍ਰਿਸਬੇਨ ਦੇ ਉੱਤਰ ਵੱਲ ਲੈਂਡਫਾਲ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਅੱਧੇ ਮੀਟਰ ਤੋਂ ਵੱਧ ਮੀਂਹ, ਹੜ੍ਹ ਅਤੇ ਨੁਕਸਾਨ ਪਹੁੰਚਾਉਣ ਵਾਲੀਆਂ ਹਵਾਵਾਂ ਆਉਣਗੀਆਂ। ਇਸ ਨਾਲ ਤੱਟਵਰਤੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।