ਭੂਚਾਲ ਦਾ ਅਲਰਟ, ਵੱਡੀ ਗਿਣਤੀ ਇਲਾਕੇ ਖਾਲੀ ਕਰਨ ਦੇ ਹੁਕਮ… Earthquake in Chile 7-4 magnitude earthquake causes panic in Chile evacuations and tsunami alert – News18 ਪੰਜਾਬੀ

Earthquake in Chile: ਦੋ ਦੱਖਣੀ ਅਮਰੀਕੀ ਦੇਸ਼ਾਂ ਅਰਜਨਟੀਨਾ ਅਤੇ ਚਿਲੀ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਦੇ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਤੇ 7.4 ਮਾਪੀ ਗਈ। ਇਹ ਭੂਚਾਲ ਸਮੁੰਦਰ ਦੇ ਅੰਦਰ ਆਇਆ, ਜਿਸ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਹਿੱਲਜੁਲ ਮਹਿਸੂਸ (Earthquake in Chile) ਕੀਤੀ ਗਈ। ਦੇਸ਼ ਦੇ ਦੱਖਣੀ ਸਿਰੇ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਇਲਾਕੇ ਖਾਲੀ ਕਰਨ ਅਤੇ ਸੁਰੱਖਿਅਤ ਥਾਵਾਂ ਉਤੇ ਜਾਣ ਲਈ ਕਿਹਾ ਗਿਆ ਹੈ। ਭੂਚਾਲ ਦੇ ਹੋਰ ਝਟਕੇ ਆ ਸਕਦੇ ਹਨ। ਇਸ ਲਈ ਅਲਰਟ ਜਾਰੀ ਹੋਇਆ ਹੈ।
ਸੁਨਾਮੀ ਦੀ ਚਿਤਾਵਨੀ ਜਾਰੀ
ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਟਵਿੱਟਰ ਉਤੇ ਇਕ ਪੋਸਟ ਵਿੱਚ ਕਿਹਾ ਕਿ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਤੇਜ਼ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਰਾਸ਼ਟਰੀ ਆਫ਼ਤ ਰੋਕਥਾਮ ਅਤੇ ਪ੍ਰਤੀਕਿਰਿਆ ਸੇਵਾ ਨੇ ਕਿਹਾ ਕਿ ਸੁਨਾਮੀ ਚਿਤਾਵਨੀ ਦੇ ਕਾਰਨ ਮੈਗਲੇਨੇਸ ਖੇਤਰ ਦੇ ਤੱਟਵਰਤੀ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ।
ਲੋਕ ਆਪਣੇ ਘਰ ਛੱਡ ਭੱਜ ਗਏ
ਯੂਐਸਜੀਐਸ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਅਰਜਨਟੀਨਾ ਦੇ ਸ਼ਹਿਰ ਉਸ਼ੁਆਇਆ ਤੋਂ 219 ਕਿਲੋਮੀਟਰ (173 ਮੀਲ) ਦੱਖਣ ਵਿੱਚ ਸਮੁੰਦਰ ਦੇ ਹੇਠਾਂ ਸੀ। ਭੂਚਾਲ ਦੇ ਤੇਜ਼ ਝਟਕਿਆਂ ਨਾਲ ਲੋਕ ਆਪਣੇ ਘਰ ਛੱਡ ਕੇ ਖਾਲੀ ਥਾਵਾਂ ਵੱਲ ਭੱਜਣ ਲੱਗ ਪਏ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸਥਾਨਕ ਮੀਡੀਆ ਦੇ ਅਨੁਸਾਰ, ਚਿਲੀ ਦੇ ਪੁੰਟਾ ਅਰੇਨਾਸ ਅਤੇ ਅਰਜਨਟੀਨਾ ਦੇ ਰੀਓ ਗੈਲੇਗੋਸ ਸ਼ਹਿਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਸਭ ਤੋਂ ਘੱਟ ਆਬਾਦੀ ਵਾਲਾ ਖੇਤਰ ਮੈਗਲੇਨੇਸ
ਮੈਗਲੇਨੇਸ ਚਿਲੀ ਦਾ ਸਭ ਤੋਂ ਵੱਡਾ ਅਤੇ ਦੱਖਣੀ ਖੇਤਰ ਹੈ, ਅਤੇ ਇਸ ਦੀ ਆਬਾਦੀ ਸਭ ਤੋਂ ਘੱਟ ਹੈ। ਸਰਕਾਰੀ ਅੰਕੜਿਆਂ ਅਨੁਸਾਰ, 2017 ਵਿੱਚ ਇਸ ਦੀ ਕੁੱਲ ਆਬਾਦੀ ਲਗਭਗ 1 ਲੱਖ 66 ਹਜ਼ਾਰ ਸੀ। ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਕਿਹਾ ਕਿ ਦੇਸ਼ ਕੋਲ ਭੂਚਾਲ ਨਾਲ ਨਜਿੱਠਣ ਲਈ ਸਾਰੇ ਸਰੋਤ ਉਪਲਬਧ ਹਨ। ਚਿਲੀ ਅਤੇ ਅਰਜਨਟੀਨਾ ਭੂਚਾਲ ਦੇ ਮਾਮਲੇ ਵਿੱਚ ਸੰਵੇਦਨਸ਼ੀਲ ਖੇਤਰ ਵਿੱਚ ਆਉਂਦੇ ਹਨ, ਕਿਉਂਕਿ ਇਹ ਖੇਤਰ ਰਿੰਗ ਆਫ਼ ਫਾਇਰ ਨਾਮਕ ਧਰਤੀ ਵਿੱਚ ਸਥਿਤ ਹੈ।