ਹਰ ਸਾਲ 4 ਦਸੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਭਾਰਤੀ ਜਲ ਸੈਨਾ ਦਿਵਸ, 1971 ਦੀ ਜੰਗ ਨਾਲ ਜੁੜਿਆ ਹੈ ਇਹ ਕਿੱਸਾ

ਭਾਰਤੀ ਜਲ ਸੈਨਾ ਦਿਵਸ ਹਰ ਸਾਲ 4 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਇਸ ਦਾ ਆਯੋਜਨ ਓਡੀਸ਼ਾ ਦੇ ਪੁਰੀ ‘ਚ ਕੀਤਾ ਜਾ ਰਿਹਾ ਹੈ। ਪਰ ਜੇਕਰ ਅਸੀਂ ਇਹ ਕਹਿ ਦੇਈਏ ਕਿ ਇਹ ਦਿਨ ਪਾਕਿਸਤਾਨ ਕਾਰਨ ਹਰ ਸਾਲ ਮਨਾਇਆ ਜਾਂਦਾ ਹੈ ਤਾਂ ਕਈਆਂ ਨੂੰ ਹੈਰਾਨੀ ਹੋਵੇਗੀ। ਇਸ ਦੀ ਵਜ੍ਹਾ ਜਾਣਨ ਲਈ 1971 ਦੀ ਜੰਗ ਵੱਲ ਜਾਣਾ ਪਵੇਗਾ, ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਭਿਆਨਕ ਜੰਗ ਹੋਈ ਸੀ ਅਤੇ ਉਸ ਤੋਂ ਬਾਅਦ ਕਈ ਚੀਜ਼ਾਂ ਇੱਕੋ ਸਮੇਂ ਹੋਈਆਂ ਸਨ। ਇੱਕ ਦੇਸ਼ ਦੇ ਦੋ ਟੁਕੜੇ ਹੋਏ, ਇੱਕ ਨਵਾਂ ਦੇਸ਼ ਬਣਿਆ ਅਤੇ ਭਾਰਤ ਨੂੰ ਭਾਪਤੀ ਜਲ ਸੈਨਾ ਦਿਵਸ ਮਿਲਿਆ।
1971 ਦੀ ਜੰਗ ਵਿਚ ਕਰਾਚੀ ਨੇਵਲ ਬੇਸ ‘ਤੇ ਇਕ ਤੋਂ ਬਾਅਦ ਇਕ ਕਈ ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ ਨਾਲ ਪੂਰਾ ਬੇਸ ਤਬਾਹ ਹੋ ਗਿਆ। ਇਹ ਦਿਨ 4 ਦਸੰਬਰ 1971 ਦਾ ਸੀ ਜਦੋਂ ਭਾਰਤੀ ਜਲ ਸੈਨਾ ਨੇ ਇੱਕ ਹਮਲਾਵਰ ਆਪ੍ਰੇਸ਼ਨ ਸ਼ੁਰੂ ਕੀਤਾ ਸੀ, ਜਿਸ ਨੂੰ ਆਪਰੇਸ਼ਨ ‘ਟਰਾਈਡੈਂਟ’ ਦਾ ਨਾਮ ਦਿੱਤਾ ਗਿਆ ਸੀ। ਇਸ ਆਪ੍ਰੇਸ਼ਨ ਵਿੱਚ ਭਾਰਤੀ ਜਲ ਸੈਨਾ ਨੇ ਪਾਕਿਸਤਾਨ ਦੇ ਕਰਾਚੀ ਬੰਦਰਗਾਹ ‘ਤੇ ਇੱਕ ਡਿਸਟ੍ਰਾਇਰ, ਇੱਕ ਮਾਈਨ ਸਵੀਪਰ, ਗੋਲਾ ਬਾਰੂਦ ਅਤੇ ਫਿਊਲ ਸਟੋਰੇਜ ਨਾਲ ਭਰੇ ਇੱਕ ਕਾਰਗੋ ਜਹਾਜ਼ ਨੂੰ ਨਸ਼ਟ ਕਰ ਦਿੱਤਾ ਸੀ। ਇਹ 1971 ਦੀ ਜੰਗ ਦਾ ਇੱਕ ਅਹਿਮ ਮੋੜ ਸੀ। ਪੂਰਬੀ ਪਾਕਿਸਤਾਨ ਤੱਕ ਪਹੁੰਚਣ ਦੇ ਦੋ ਰਸਤੇ ਸਨ, ਇੱਕ ਤਾਂ ਭਾਰਤ ਦੇ ਪੂਰੀ ਹਵਾਈ ਖੇਤਰ ਨੂੰ ਪਾਰ ਕਰਨਾ ਸੀ, ਜੋ ਜੰਗ ਦੌਰਾਨ ਪਾਕਿਸਤਾਨ ਲਈ ਸੰਭਵ ਨਹੀਂ ਸੀ। ਦੂਸਰਾ ਰਸਤਾ ਸਮੁੰਦਰ ਰਾਹੀਂ ਉੱਥੇ ਪਹੁੰਚਣਾ ਸੀ। ਪਰ ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਹੀ ਪਾਕਿਸਤਾਨੀ ਜਲ ਸੈਨਾ ਨੂੰ ਘੇਰ ਲਿਆ ਸੀ। ਸਿਰਫ਼ ਤਿੰਨ ਮਿਜ਼ਾਈਲ ਕਿਸ਼ਤੀਆਂ ਨੇ ਅਜਿਹਾ ਕਾਰਨਾਮਾ ਕੀਤਾ ਕਿ ਪਕਿਸਤਾਨ ਨੂੰ ਹਾਰ ਦਾ ਰੁੱਖ ਕਰਨਾ ਪਿਆ।
ਦਿੱਲੀ ਅਤੇ ਪੱਛਮੀ ਜਲ ਸੈਨਾ ਕਮਾਂਡ ਨੇ ਕਰਾਚੀ ਪੋਰਟ ਸਿਟੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ। ਇਸ ਦੇ ਲਈ ਤਿੰਨ ਬਿਜਲੀ ਸ਼੍ਰੇਣੀ ਦੀਆਂ ਮਿਜ਼ਾਈਲ ਕਿਸ਼ਤੀਆਂ ਚੁਣੀਆਂ ਗਈਆਂ ਸਨ। ਇਨ੍ਹਾਂ ਦੇ ਨਾਮ INS ਵੀਰ, INS ਨਿਰਘਤ ਅਤੇ INS ਨਿਪਟ ਹਨ। ਮਿਜ਼ਾਈਲ ਬੋਟ ਇੱਕ ਛੋਟੇ ਆਕਾਰ ਦਾ ਤੇਜ਼ ਹਮਲਾਵਰ ਜੰਗੀ ਜਹਾਜ਼ ਹੈ ਜੋ ਐਂਟੀ ਸ਼ਿਪ ਮਿਜ਼ਾਈਲਾਂ ਨਾਲ ਲੈਸ ਹੈ। ਇਹ ਤਿੰਨੋਂ ਕਿਸ਼ਤੀਆਂ ਪਾਕਿਸਤਾਨ ਵਿੱਚ ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਗੁਜਰਾਤ ਦੇ ਓਖਾ ਨੇੜੇ ਤਾਇਨਾਤ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਐਂਟੀ-ਸਬਮਰੀਨ ਕਾਰਵੇਟਸ ਆਈਐਨਐਸ ਕਿਲਟਨ ਅਤੇ ਆਈਐਨਐਸ ਕਚਲ ਅਤੇ ਟੈਂਕਰ ਆਈਐਨਐਸ ਨਿਊਟ੍ਰੀਸ਼ ਨੂੰ ਤਾਇਨਾਤ ਕੀਤਾ ਗਿਆ ਸੀ। ਭਾਰਤੀ ਜਲ ਸੈਨਾ ਦੇ ਇਨ੍ਹਾਂ 6 ਜੰਗੀ ਬੇੜਿਆਂ ਨੇ ਕਰਾਚੀ ਸਥਿਤ ਪਾਕਿਸਤਾਨੀ ਜਲ ਸੈਨਾ ਹੈੱਡਕੁਆਰਟਰ ‘ਤੇ ਹਮਲਾ ਕੀਤਾ ਸੀ।
ਇਹ ਕਾਰਵਾਈ ਸ਼ਤਰੰਜ ਦੀ ਖੇਡ ਵਾਂਗ ਕੀਤੀ ਗਈ ਸੀ। ਸ਼ੁਰੂ ਵਿੱਚ ਕਿਸ਼ਤੀ ਨੇ ਆਪਣੀ ਸਥਿਤੀ ਕਰਾਚੀ ਤੋਂ 450 ਕਿਲੋਮੀਟਰ ਦੂਰ ਰੱਖੀ, ਪਰ ਜਿਵੇਂ ਹੀ ਰਾਤ ਪਈ, ਇਸ ਦੀ ਸਥਿਤੀ ਬਦਲ ਦਿੱਤੀ ਗਈ ਅਤੇ ਪਹਿਲਾ ਨਿਸ਼ਾਨਾ ਪਾਕਿਸਤਾਨੀ ਬੈਟਲ ਕਲਾਸ ਡਿਸਟ੍ਰਾਇਰ ਪੀਐਨਐਸ ਖੈਬਰ ਬਣਿਆ। ਆਈਐਨਐਸ ਨਿਰਘਤ ਨੇ ਦੋ ਮਿਜ਼ਾਈਲਾਂ ਦਾਗ ਕੇ ਇਸ ਨੂੰ ਡੁਬੋ ਦਿੱਤਾ। ਜਦੋਂ ਕਿ ਆਈਐਨਐਸ ਨਿਪਟ ਨੇ ਹਥਿਆਰਾਂ ਅਤੇ ਗੋਲਾ ਬਾਰੂਦ ਨਾਲ ਲੱਦੇ ਇੱਕ ਡਿਸਟ੍ਰਾਇਰ ਪੀਐਨਐਸ ਸ਼ਾਹਜਹਾਂ ਅਤੇ ਵਪਾਰੀ ਜਹਾਜ਼ ਵੀਨਸ ਚੈਲੇਂਜਰਜ਼ ਨੂੰ ਨਿਸ਼ਾਨਾ ਬਣਾਇਆ।
ਇਸ ਦੌਰਾਨ ਆਈਐਨਐਸ ਵੀਰ ਨੇ ਪਾਕਿਸਤਾਨੀ ਮਾਈਨ ਸਵੀਪਰ ਪੀਐਨਐਸ ਮੁਹਾਫਿਜ਼ ਨੂੰ ਸਟ੍ਰਾਈਕ ਕੀਤਾ ਅਤੇ ਉਹ ਤੁਰੰਤ ਹੀ ਡੁੱਬ ਗਿਆ। ਉਦੋਂ ਤੱਕ ਆਈਐਨਐਸ ਨਿਪੋਨ ਕਰਾਚੀ ਦੇ ਤੱਟ ਵੱਲ ਬਹੁਤ ਤੇਜ਼ੀ ਨਾਲ ਅੱਗੇ ਵਧਿਆ ਅਤੇ ਅੱਗੇ ਜੋ ਹੋਇਆ ਉਹ ਸੱਤ ਦਿਨਾਂ ਤੱਕ ਕਰਾਚੀ ਭਰ ਦੇ ਲੋਕਾਂ ਨੇ ਦੇਖਿਆ। ਸਾਰਾ ਈਂਧਨ ਡਿਪੂ ਧੂੰਏਂ ਦੀ ਲਪੇਟ ਵਿੱਚ ਆ ਗਿਆ ਅਤੇ ਇਹ ਧੂੰਆਂ 7 ਦਿਨਾਂ ਤੱਕ ਉੱਠਦਾ ਰਿਹਾ। ਜਿਵੇਂ ਹੀ ਕਰਾਚੀ ਬੰਦਰਗਾਹ ਤਬਾਹ ਹੋ ਗਈ, ਪੂਰਬੀ ਪਾਕਿਸਤਾਨ ਵਿਚ ਲੜ ਰਹੇ ਪਾਕਿਸਤਾਨੀਆਂ ਦੀ ਸਪਲਾਈ ਲਾਈਨ ਕੱਟ ਦਿੱਤੀ ਗਈ ਅਤੇ ਉਥੋਂ ਪੂਰਬੀ ਪਾਕਿਸਤਾਨ ਵਿਚ ਉਨ੍ਹਾਂ ਦਾ ਦਮ ਘੁੱਟਣ ਲੱਗਾ ਕਿਉਂਕਿ ਬਾਕੀ ਕਸਰ ਭਾਰਤੀ ਫੌਜ ਅਤੇ ਹਵਾਈ ਸੈਨਾ ਨੇ ਪੂਰੀ ਕਰ ਦਿੱਤੀ ਸੀ ਅਤੇ ਪਾਕਿਸਤਾਨ ਨੂੰ ਆਪਣਾ ਸਮਰਪਣ ਕਰਨਾ ਪਿਆ। 1972 ਤੋਂ, ਭਾਰਤੀ ਜਲ ਸੈਨਾ ਨੇ ਆਪਣੇ ਬਹਾਦਰ ਸੈਨਿਕਾਂ ਦੇ ਸਨਮਾਨ ਵਿੱਚ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਉਣਾ ਸ਼ੁਰੂ ਕੀਤਾ।