ਆਈਫੋਨ ‘ਤੇ ਜਾਸੂਸੀ ਕਰ ਰਿਹਾ ਹੈ ਐਪਲ! ਮੋਬਾਈਲ ਤੋਂ ਨਿੱਜੀ ਚੀਜ਼ਾਂ ਹੋ ਰਹੀਆਂ ਹਨ ਚੋਰੀ, ਕੰਪਨੀ ਖ਼ਿਲਾਫ਼ ਕੇਸ ਦਰਜ

ਐਪਲ ਕੰਪਨੀ ਖਿਲਾਫ ਜਾਸੂਸੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਮਰੀਕਾ ਦੇ ਕੈਲੀਫੋਰਨੀਆ ‘ਚ ਰਹਿਣ ਵਾਲੇ ਅਮਰ ਭਗਤ ਨੇ ਐਪਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਅਮਰ ਐਪਲ ਕੰਪਨੀ ‘ਚ ਕੰਮ ਕਰਦਾ ਹੈ ਅਤੇ ਦੋਸ਼ ਲਗਾਇਆ ਹੈ ਕਿ ਕੰਪਨੀ ਨਿੱਜੀ ਆਈਫੋਨ ਅਤੇ ਆਈਕਲਾਊਡ ਅਕਾਊਂਟ ਰਾਹੀਂ ਆਪਣੇ ਕਰਮਚਾਰੀਆਂ ‘ਤੇ ਨਜ਼ਰ ਰੱਖਦੀ ਹੈ। ਅਮਰ ਕੰਪਨੀ ਦੇ ਡਿਜੀਟਲ ਵਿਗਿਆਪਨ ਵਿਭਾਗ ਵਿੱਚ ਕੰਮ ਕਰਦਾ ਹੈ।
ਅਮਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੰਪਨੀ ਆਪਣੇ ਕਰਮਚਾਰੀਆਂ ਨੂੰ ਆਪਣੇ ਨਿੱਜੀ ਡਿਵਾਈਸਾਂ ਵਿੱਚ ਇੱਕ ਸਾਫਟਵੇਅਰ ਡਾਊਨਲੋਡ ਕਰਨ ਲਈ ਕਹਿੰਦੀ ਹੈ। ਇਹ ਸਾਫਟਵੇਅਰ ਕਰਮਚਾਰੀ ਦੀ ਈਮੇਲ, ਫੋਟੋ ਲਾਇਬ੍ਰੇਰੀ, ਸਿਹਤ ਜਾਣਕਾਰੀ, ਸਮਾਰਟ ਹੋਮ ਡਾਟਾ ਅਤੇ ਹੋਰ ਨਿੱਜੀ ਜਾਣਕਾਰੀ ਵੀ ਚੋਰੀ ਕਰਦਾ ਹੈ। ਇਸ ਕਾਰਨ ਕਰਮਚਾਰੀਆਂ ਦੀ ਨਿੱਜਤਾ ਦੀ ਉਲੰਘਣਾ ਹੁੰਦੀ ਹੈ ਅਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਲੀਕ ਹੋਣ ਦਾ ਖਦਸ਼ਾ ਹੈ।
ਮੂੰਹ ਖੋਲ੍ਹਣ ਦੀ ਵੀ ਹੈ ਮਨਾਹੀ
ਅਮਰ ਨੇ ਅਦਾਲਤ ‘ਚ ਦਾਇਰ ਮੁਕੱਦਮੇ ‘ਚ ਇਹ ਵੀ ਦੋਸ਼ ਲਗਾਇਆ ਹੈ ਕਿ ਐਪਲ ਆਪਣੇ ਕਰਮਚਾਰੀਆਂ ‘ਤੇ ਗੁਪਤ ਨੀਤੀ ਲਾਗੂ ਕਰਦੀ ਹੈ। ਇਸ ਕਾਰਨ ਕਰਮਚਾਰੀ ਆਪਣੀ ਤਨਖਾਹ ਜਾਂ ਕੰਮ ਦੀਆਂ ਸਥਿਤੀਆਂ ਬਾਰੇ ਮੀਡੀਆ ਨਾਲ ਗੱਲ ਨਹੀਂ ਕਰ ਸਕਦੇ। ਕੰਪਨੀ ਦਾ ਉਦੇਸ਼ ਕਾਨੂੰਨੀ ਤੌਰ ‘ਤੇ ਵਿਸਵਲੋਅਰਸ ਨੂੰ ਰੋਕਣਾ ਹੈ, ਤਾਂ ਜੋ ਕੰਪਨੀ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਗੱਲ ਨਾ ਕੀਤੀ ਜਾ ਸਕੇ।
ਕੰਪਨੀ ਦੇ ਖਿਲਾਫ ਹੋਰ ਦੋਸ਼
ਅਮਰ ਭਗਤ ਅਪ੍ਰੈਲ, 2020 ਵਿੱਚ ਐਪਲ ਕੰਪਨੀ ਵਿੱਚ ਸ਼ਾਮਲ ਹੋਇਆ ਸੀ ਅਤੇ ਉਸਦਾ ਕਹਿਣਾ ਹੈ ਕਿ ਕੰਪਨੀ ਨੇ ਉਸਨੂੰ ਪੌਡਕਾਸਟ ‘ਤੇ ਨੌਕਰੀ ਬਾਰੇ ਗੱਲ ਕਰਨ ਜਾਂ ਲਿੰਕਡਇਨ ‘ਤੇ ਕੰਮ ਕਰਨ ਦੀਆਂ ਸਥਿਤੀਆਂ ਬਾਰੇ ਜਾਣਕਾਰੀ ਦੇਣ ਤੋਂ ਵੀ ਰੋਕ ਦਿੱਤਾ ਸੀ। ਮੁਕੱਦਮੇ ਵਿਚ ਕੰਪਨੀ ‘ਤੇ ਕੈਲੀਫੋਰਨੀਆ ਦੇ ਕਾਨੂੰਨ ਨੂੰ ਤੋੜਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਕੰਪਨੀ ਸਰੀਰਕ, ਵੀਡੀਓ ਜਾਂ ਇਲੈਕਟ੍ਰਾਨਿਕ ਨਿਗਰਾਨੀ ਰਾਹੀਂ ਆਪਣੇ ਕਰਮਚਾਰੀਆਂ ਦੀ ਨਿਗਰਾਨੀ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਕੰਪਨੀ ਕੋਲ ਆਪਣੇ ਦਫਤਰ ‘ਚ ਐਪਲ ਜਾਂ ਗੈਰ-ਐਪਲ ਡਿਵਾਈਸਾਂ ਨੂੰ ਸਰਚ ਕਰਨ ਦਾ ਅਧਿਕਾਰ ਵੀ ਹੈ, ਜੋ ਉਨ੍ਹਾਂ ਦੇ ਘਰ ਤੱਕ ਪਹੁੰਚ ਸਕਦਾ ਹੈ।
ਕੰਪਨੀ ਨੇ ਕੀ ਕਿਹਾ?
ਐਪਲ ਨੇ ਇਨ੍ਹਾਂ ਦੋਸ਼ਾਂ ਦੇ ਖਿਲਾਫ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਸੀਂ ਆਪਣੇ ਕਰਮਚਾਰੀਆਂ ਨੂੰ ਵਧੀਆ ਮਾਹੌਲ ਪ੍ਰਦਾਨ ਕਰਦੇ ਹਾਂ। ਸਾਰੇ ਕਰਮਚਾਰੀਆਂ ਨੂੰ ਆਪਣੀ ਤਨਖਾਹ, ਘੰਟੇ ਅਤੇ ਕੰਮ ਦੀਆਂ ਸਥਿਤੀਆਂ ‘ਤੇ ਚਰਚਾ ਕਰਨ ਦਾ ਪੂਰਾ ਅਧਿਕਾਰ ਹੈ। ਇਹ ਸਾਡੀ ਵਪਾਰਕ ਨੀਤੀ ਦਾ ਹਿੱਸਾ ਹੈ, ਜਿਸ ਲਈ ਹਰ ਸਾਲ ਸਿਖਲਾਈ ਵੀ ਦਿੱਤੀ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਉਹ ਇਨ੍ਹਾਂ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ।