ਸ਼੍ਰੇਅਸ ਅਈਅਰ ਦੀ ਪਾਰੀ ਦੇਖ ਗਾਂਗੁਲੀ ਹੋਏ ਪ੍ਰਭਾਵਿਤ, BCCI ਨੂੰ ਟੈਗ ਕਰ ਕੇ ਕਿਹਾ- ਟੈਸਟ ਤੇ ਟੀ-20 ‘ਚ ਮਿਲੇ ਜਗ੍ਹਾ

ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼੍ਰੇਅਸ ਅਈਅਰ ਨੇ ਇੰਡੀਅਨ ਪ੍ਰੀਮੀਅਰ ਲੀਗ 2025 ਦੇ ਪਹਿਲੇ ਮੈਚ ਵਿੱਚ ਪੰਜਾਬ ਕਿੰਗਜ਼ (PBKS) ਲਈ ਆਪਣਾ ਡੈਬਿਊ ਕਰਦੇ ਹੋਏ ਬੱਲੇ ਨਾਲ ਧਮਾਕੇਦਾਰ ਪ੍ਰਦਰਸ਼ਨ ਕੀਤਾ। ਉਸ ਨੇ ਗੁਜਰਾਤ ਟਾਈਟਨਜ਼ (GT) ਦੇ ਗੇਂਦਬਾਜ਼ਾਂ ਮਜ਼ਾ ਚਖਾਉਂਦੇ ਹੋਏ 42 ਗੇਂਦਾਂ ਵਿੱਚ ਅਜੇਤੂ 97 ਦੌੜਾਂ ਬਣਾਈਆਂ। ਅਈਅਰ ਨਿਡਰ ਹੋ ਕੇ ਖੇਡਿਆ ਅਤੇ ਸ਼ੁਭਮਨ ਗਿੱਲ ਦੀਆਂ ਸਾਰੀਆਂ ਰਣਨੀਤੀਆਂ ਨਾਕਾਮ ਹੋ ਗਈਆਂ। ਹੁਣ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਉਸ ਨੂੰ ਭਾਰਤ ਦੀ ਟੈਸਟ ਅਤੇ ਟੀ-20 ਟੀਮ ਵਿੱਚ ਵਾਪਸ ਦੇਖਣਾ ਚਾਹੁੰਦੇ ਹਨ।
ਸਾਬਕਾ ਭਾਰਤੀ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਨੇ ਪੰਜਾਬ ਲਈ ਸ਼੍ਰੇਅਸ ਅਈਅਰ ਦੀ ਪਾਰੀ ਦੇਖਣ ਤੋਂ ਬਾਅਦ ਇੱਕ ਖਾਸ ਸੰਦੇਸ਼ ਦਿੱਤਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ’ਸ਼੍ਰੇਅਸ ਅਈਅਰ ਉਹ ਬੱਲੇਬਾਜ਼ ਹੈ ਜਿਸ ਨੇ ਪਿਛਲੇ 1 ਸਾਲ ਵਿੱਚ ਸਭ ਤੋਂ ਵੱਧ ਸੁਧਾਰ ਕੀਤਾ ਹੈ। ਹੁਣ ਇਹ ਖਿਡਾਰੀ ਹਰ ਫਾਰਮੈਟ ਵਿੱਚ ਖੇਡਣ ਲਈ ਤਿਆਰ ਹੈ। ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਉਸਨੇ ਆਪਣੀ ਲੈਂਥ ਬਾਲ ਦੀ ਸਮੱਸਿਆ ਹੱਲ ਕਰ ਲਈ ਹੈ।
ਅਈਅਰ ਦਾ ਭਾਰਤ ਲਈ ਆਖਰੀ ਟੀ-20 ਦਸੰਬਰ 2023 ਵਿੱਚ ਆਸਟ੍ਰੇਲੀਆ ਵਿਰੁੱਧ ਸੀ। ਆਪਣੇ ਆਖਰੀ ਟੀ-20ਆਈ ਵਿੱਚ, ਉਸ ਨੇ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਿੱਚ ਨੰਬਰ 3 ‘ਤੇ ਅਰਧ ਸੈਂਕੜਾ ਲਗਾਇਆ ਸੀ। ਜਦੋਂ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਟੀਮ ਵਿੱਚ ਵਾਪਸ ਆਏ ਤਾਂ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਰੋਹਿਤ ਅਤੇ ਕੋਹਲੀ ਨੇ 2024 ਦੇ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਸੰਨਿਆਸ ਲੈ ਲਿਆ ਸੀ ਪਰ ਅਈਅਰ ਨੂੰ ਫਿਰ ਵੀ ਟੀਮ ਵਿੱਚ ਵਾਪਸ ਨਹੀਂ ਬੁਲਾਇਆ ਗਿਆ। ਤਿਲਕ ਵਰਮਾ ਨੇ ਸੂਰਿਆਕੁਮਾਰ ਦੇ ਨਾਲ ਤੀਜੇ ਨੰਬਰ ‘ਤੇ ਆਪਣੀ ਜਗ੍ਹਾ ਬਣਾਈ ਅਤੇ ਦੱਖਣੀ ਅਫਰੀਕਾ ਦੌਰੇ ‘ਤੇ ਦੋ ਸੈਂਕੜੇ ਲਗਾਏ। ਅਈਅਰ ਨੇ 51 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ 47 ਪਾਰੀਆਂ ਵਿੱਚ 1,104 ਦੌੜਾਂ ਬਣਾਈਆਂ ਹਨ। ਉਸ ਦੀ ਔਸਤ 30.66 ਹੈ। ਉਸ ਨੇ ਅੱਠ ਅਰਧ ਸੈਂਕੜੇ ਲਗਾਏ ਹਨ ਅਤੇ ਉਸ ਦਾ ਸਟ੍ਰਾਈਕ ਰੇਟ 136.12 ਹੈ। ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ, ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਟੀਮ ਦੇ ਤੀਜੇ ਇੰਡੀਅਨ ਪ੍ਰੀਮੀਅਰ ਲੀਗ ਖਿਤਾਬ ਤੱਕ ਪਹੁੰਚਾਇਆ।
ਅਈਅਰ ਦਾ ਆਖਰੀ ਟੈਸਟ ਪ੍ਰਦਰਸ਼ਨ
ਅਈਅਰ ਦਾ ਆਖਰੀ ਟੈਸਟ ਮੈਚ ਫਰਵਰੀ 2024 ਵਿੱਚ ਇੰਗਲੈਂਡ ਵਿਰੁੱਧ ਸੀ। ਉਸਨੂੰ ਸੱਟ ਲੱਗ ਗਈ ਸੀ ਅਤੇ ਰਣਜੀ ਟਰਾਫੀ ਮੈਚ ਖੁੰਝਣ ਤੋਂ ਬਾਅਦ ਉਸਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਾਲਾਨਾ ਸੈਂਟ੍ਰੰਲ ਕਾਂਟ੍ਰੈਕਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਦੋਂ ਤੋਂ, ਘਰੇਲੂ ਕ੍ਰਿਕਟ ਵਿੱਚ ਉਸ ਦੇ ਪ੍ਰਦਰਸ਼ਨ ਦੇ ਬਾਵਜੂਦ, ਉਸ ਨੂੰ ਟੈਸਟ ਟੀਮ ਵਿੱਚ ਨਹੀਂ ਚੁਣਿਆ ਗਿਆ ਹੈ।