Punjab Weather- ਪੰਜਾਬ ਵਿਚ ਇਕਦਮ ਬਦਲਿਆ ਮੌਸਮ, IMD ਨੇ ਕੀਤਾ ਚੌਕਸ

Punjab Weather Update- ਪੰਜਾਬ ਵਿਚ ਠੰਢ ਹੁਣ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਮੌਸਮ ਵਿਭਾਗ ਦੇ ਨਵੇਂ ਅਪਡੇਟ ਅਨੁਸਾਰ ਅਗਲੇ ਕੁਝ ਦਿਨਾਂ ਵਿਚ ਸੂਬੇ ਵਿਚ ਠੰਢ ਦਾ ਪ੍ਰਭਾਵ ਵੱਧਣਾ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ਼ ਰਹੇਗਾ ਅਤੇ 27 ਤਰੀਕ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ। ਇਸ ਦੇ ਨਾਲ ਹੀ ਠੰਢ ਵੀ ਵਧੇਗੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਠੰਢ ਦੇ ਵਧਣ ਦੇ ਸੰਕੇਤ ਦਿੱਤੇ ਹਨ। ਇਧਰ, ਸਮੁੰਦਰੀ ਤੂਫਾਨ ਦਾਨਾ ਤਬਾਹੀ ਮਚਾਉਂਦਾ ਆ ਰਿਹਾ ਹੈ। ਚੱਕਰਵਾਤ ਦਾਨਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ ਪੱਛਮੀ ਬੰਗਾਲ ਤੋਂ ਲੈ ਕੇ ਦੱਖਣ ਭਾਰਤ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਇਹ ਚੱਕਰਵਾਤ 24 ਤੋਂ 26 ਅਕਤੂਬਰ ਦਰਮਿਆਨ ਤੱਟ ਨਾਲ ਟਕਰਾ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਭਾਰਤ, ਬੰਗਲਾਦੇਸ਼ ਅਤੇ ਮਿਆਂਮਾਰ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਹਨ।
ਇਸ ਦੇ ਨਾਲ ਹੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪ੍ਰਾਇਦੀਪ ਭਾਰਤ ਦੀ ਹਾਲਤ ਖਰਾਬ ਹੈ। ਚੇਨਈ ਤੋਂ ਲੈ ਕੇ ਬੈਂਗਲੁਰੂ ਅਤੇ ਪਾਂਡੀਚੇਰੀ ਤੋਂ ਤਿਰੂਵਨੰਤਪੁਰਮ ਤੱਕ ਮੀਂਹ ਪੈ ਰਿਹਾ ਹੈ। ਹੜ੍ਹਾਂ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਲੋਕਾਂ ਨੂੰ ਆਪਣੀਆਂ ਕਾਰਾਂ ਫਲਾਈਓਵਰ ‘ਤੇ ਖੜੀਆਂ ਕਰਨ ਲਈ ਮਜਬੂਰ ਹੋਣਾ ਪਿਆ। ਉੱਤਰੀ ਤਾਮਿਲਨਾਡੂ, ਤੱਟੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਿੱਚ ਅਗਲੇ 2 ਤੋਂ 3 ਦਿਨਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
ਪਿਛਲੇ 24 ਘੰਟਿਆਂ ‘ਚ ਕਿੱਥੇ-ਕਿੱਥੇ ਹੋਈ ਬਾਰਿਸ਼?
ਪਿਛਲੇ 24 ਘੰਟਿਆਂ ਵਿਚ ਉੱਤਰੀ ਤਾਮਿਲਨਾਡੂ ਅਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਨਾਲ-ਨਾਲ ਦੱਖਣੀ ਭਾਰਤ ਦੇ ਕਈ ਖੇਤਰਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਕਿਹਾ ਕਿ ਤਾਮਿਲਨਾਡੂ, ਕੇਰਲ, ਦੱਖਣੀ ਅੰਦਰੂਨੀ ਕਰਨਾਟਕ, ਤੱਟਵਰਤੀ ਕਰਨਾਟਕ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਕੁਝ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ। ਪੂਰਬੀ ਤੱਟ ਦੇ ਕਈ ਹਿੱਸਿਆਂ ਦੇ ਨਾਲ-ਨਾਲ ਪੱਛਮੀ ਤੱਟ ਅਤੇ ਪੱਛਮੀ ਬੰਗਾਲ ਦੇ ਗੰਗਾ ਮੈਦਾਨ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਹੋਈ। ਉੱਤਰ-ਪੂਰਬੀ ਭਾਰਤ ਅਤੇ ਝਾਰਖੰਡ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਪਿਆ।
ਅਗਲੇ 24 ਘੰਟਿਆਂ ਵਿੱਚ ਮੀਂਹ
ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਉੱਤਰੀ ਤਾਮਿਲਨਾਡੂ, ਰਾਇਲ ਸੀਮਾ, ਕਰਨਾਟਕ ਅਤੇ ਕੇਰਲ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕੇਰਲ, ਤੇਲੰਗਾਨਾ, ਤੱਟਵਰਤੀ ਆਂਧਰਾ ਪ੍ਰਦੇਸ਼, ਓਡੀਸ਼ਾ, ਪੱਛਮੀ ਬੰਗਾਲ, ਝਾਰਖੰਡ ਦੇ ਕੁਝ ਹਿੱਸਿਆਂ, ਕੋਂਕਣ ਅਤੇ ਗੋਆ, ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਸਿੱਕਮ, ਉੱਤਰ-ਪੂਰਬੀ ਭਾਰਤ, ਛੱਤੀਸਗੜ੍ਹ, ਮੱਧ ਪ੍ਰਦੇਸ਼, ਉੱਤਰਾਖੰਡ, ਵਿਦਰਭ ਅਤੇ ਦੱਖਣੀ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।