ਸੋਸ਼ਲ ਮੀਡੀਆ ‘ਤੇ ਨਵੇਂ ਕੱਪੜਿਆਂ ‘ਚ ਵੀਡੀਓ ਪੋਸਟ ਕਰਦੀ ਸੀ ਕੁੜੀ, ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕਾਰਨ

ਸੋਸ਼ਲ ਮੀਡੀਆ ਉੱਤੇ ਸਮੇਂ ਸਮੇਂ ਉੱਤੇ ਕਈ ਟਰੈਂਡ ਵਾਇਰਲ ਹੁੰਦੇ ਰਹਿੰਦੇ ਹਨ। ਅੱਜਕਲ ਇੱਕ ਨਵਾਂ ਟਰੈਂਡ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਹੈ “Get Ready With Me”। ਇਹ ਇੱਕ ਕਿਸਮ ਦੀ ਵੀਡੀਓ ਸੀਰੀਜ਼ ਹੁੰਦੀ ਹੈ। ਇਸ ਵੀਡੀਓ ਸੀਰੀਜ਼ ‘ਚ ਮੁੰਡੇ-ਕੁੜੀਆਂ ਦੁਕਾਨਾਂ ਤੋਂ ਕੱਪੜੇ ਲੈ ਕੇ ਆਉਂਦੇ ਹਨ, ਫਿਰ ਉਨ੍ਹਾਂ ਨੂੰ ਕੈਮਰੇ ਦੇ ਸਾਹਮਣੇ ਪਹਿਣ ਤੇ ਦਿਖਾਉਂਦੇ ਹਨ, ਵੱਖ ਵੱਖ ਤਰੀਕੇ ਨਾਲ ਕੱਪੜਿਆਂ ਨੂੰ ਸਟਾਈਲ ਕਰਨਾ ਸਿਖਾਉਂਦੇ ਹਨ ਤੇ ਅਜਿਹੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਆਪਣੇ ਫਾਲੋਅਰਜ਼ ਨੂੰ ਡਰੈਸਿੰਗ ਸਟਾਈਲ ਸਿਖਾਉਂਦੇ ਹਨ। ਇੱਕ ਕੁੜੀ ਨੇ ਵੀ ਅਜਿਹਾ ਹੀ ਕੀਤਾ ਪਰ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਆਓ ਜਾਣਦੇ ਹਾਂ ਕਿ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਿਉਂ ਕੀਤਾ।
ਡੇਲੀ ਸਟਾਰ ਨਿਊਜ਼ ਵੈੱਬਸਾਈਟ ਮੁਤਾਬਕ ਫਲੋਰੀਡਾ ਦੀ ਰਹਿਣ ਵਾਲੀ 22 ਸਾਲਾ ਮਾਰਲੇਨਾ ਵੇਲੇਜ਼ TikTok Influencer ਹੈ। ਪਰ ਹਾਲ ਹੀ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੀ ਗਲਤੀ ਸਿਰਫ ਇਹ ਸੀ ਕਿ ਉਹ ਨਵੇਂ ਕੱਪੜੇ ਪਾ ਕੇ ਫੈਸ਼ਨ ਅਤੇ ਸਟਾਈਲਿੰਗ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀ ਸੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹੀਆਂ ਵੀਡੀਓਜ਼ ਬਣਾਉਣ ਲਈ ਕੋਈ ਗ੍ਰਿਫਤਾਰ ਕਿਵੇਂ ਹੋ ਸਕਦਾ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਉਹ ਕੁੜੀ ਚੋਰੀ ਦੇ ਕੱਪੜੇ ਪਾ ਕੇ ਵੀਡੀਓ ਬਣਾਉਂਦੀ ਸੀ।
ਦੁਕਾਨ ਤੋਂ ਕੱਪੜੇ ਚੋਰੀ ਕਰਦੀ ਸੀ TikTok Influencer
ਕੁੜੀ ਕੇਪ ਕੋਰਲ ਨਾਮ ਦੇ ਇੱਕ ਸ਼ਹਿਰ ਵਿੱਚ ਰਹਿੰਦੀ ਹੈ। ਉੱਥੇ ਟਾਰਗੇਟ ਨਾਮ ਦਾ ਇੱਕ ਸਟੋਰ ਹੈ। 30 ਅਕਤੂਬਰ ਨੂੰ ਉਹ ਦੁਕਾਨ ‘ਤੇ ਗਈ, ਜਿੱਥੋਂ ਉਸ ਨੇ ਕੱਪੜੇ ਚੋਰੀ ਕਰ ਲਏ। ਉਸ ਦੀ ਇਹ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੁਕਾਨ ਦੀ Loss Prevention Team ਨੇ ਵੀਡੀਓ ਪੁਲਸ ਨੂੰ ਸੌਂਪੀ ਅਤੇ ਲੜਕੀ ਖਿਲਾਫ ਸ਼ਿਕਾਇਤ ਦਰਜ ਕਰਵਾਈ। ਉਸ ਕੁੜੀ ਨੇ ਕੱਪੜਿਆਂ ਤੇ ਹੋਰ ਸਾਮਾਨ ਨੂੰ ਮਿਲਾ ਕੇ ਕੁੱਲ 16 ਆਈਟਮਾਂ ਚੋਰੀ ਕੀਤੀਆਂ ਸਨ, ਜਿਨ੍ਹਾਂ ਦੀ ਕੀਮਤ ਭਾਰਤੀ ਮੁਦਰਾ ਵਿੱਚ ਕਰੀਬ 42 ਹਜ਼ਾਰ ਰੁਪਏ ਬਣਦੀ ਹੈ।
ਜਦੋਂ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੇ ਸਟੋਰ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਲੜਕੀ ਦੀ ਫੋਟੋ ਪੋਸਟ ਕੀਤੀ ਅਤੇ ਲੋਕਾਂ ਤੋਂ ਪੁੱਛਿਆ ਕਿ ਕੀ ਉਹ ਲੜਕੀ ਨੂੰ ਜਾਣਦੇ ਹਨ। ਫਿਰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਉਹ ਉਸ ਲੜਕੀ ਦਾ ਫਾਲੋਅਰ ਹੈ। ਉਸ ਨੇ ਲੜਕੀ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਵੇਰਵਾ ਦੱਸੇ ਅਤੇ ਜਦੋਂ ਪੁਲਿਸ ਨੇ ਅਕਾਊਂਟ ‘ਤੇ ਜਾ ਕੇ ਵੀਡੀਓ ਨਾਲ ਫੋਟੋ ਦਾ ਮੇਲ ਕੀਤਾ ਤਾਂ ਇਹ ਬਿਲਕੁਲ ਸਹੀ ਨਿਕਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਚੋਰੀ ਦੇ ਕੱਪੜਿਆਂ ‘ਚ ਵੀਡੀਓ ਪੋਸਟ ਕਰ ਰਹੀ ਸੀ।
ਪਹਿਲਾਂ ਵੀ ਕਈ ਵਾਰ ਚੋਰੀ ਕਰ ਚੁੱਕਾ ਹੈ TikTok Influencer
ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਪਹਿਲਾਂ ਵੀ ਅਜਿਹੀਆਂ ਚੋਰੀਆਂ ਕਰ ਚੱਕੀ ਹੈ। 2019 ਵਿੱਚ, ਉਸਨੇ ਆਪਣੇ ਦੋਸਤ ਦੀ ਕਾਰ ਚੋਰੀ ਕਰ ਲਈ ਸੀ ਅਤੇ ਉਸਦਾ ਐਕਸੀਡੈਂਟ ਹੋ ਗਿਆ ਸੀ। ਜੁਲਾਈ 2023 ਵਿੱਚ, ਉਸ ਨੂੰ ਇੱਕ ਦੁਕਾਨ ਤੋਂ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਉਸ ਨੇ ਵਾਲਮਾਰਟ ਸਟੋਰ ਤੋਂ ਰਸੋਈ ਦਾ 5000 ਰੁਪਏ ਦਾ ਸਮਾਨ ਚੋਰੀ ਕਰ ਲਿਆ ਸੀ। ਉਸ ਸਮੇਂ, ਉਸ ਨੂੰ 6 ਮਹੀਨਿਆਂ ਲਈ ਪ੍ਰੋਬੇਸ਼ਨ ‘ਤੇ ਭੇਜਿਆ ਗਿਆ ਸੀ ਅਤੇ ਉਸ ਨੂੰ ਐਂਟੀ ਥੈਫਟ ਕੋਰਸ ਕਰਵਾਇਆ ਗਿਆ ਸੀ, ਤਾਂ ਜੋ ਉਹ ਚੋਰੀ ਕਰਨ ਦੀ ਆਦਤ ਛੱਡ ਸਕੇ। ਪਰ ਕੋਰਸ ਪੂਰਾ ਕਰਨ ਤੋਂ ਬਾਅਦ ਵੀ ਉਸਨੇ ਇਸ ਹਰਕਤ ਨੂੰ ਅੰਜਾਮ ਦਿੱਤਾ।