ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਰਤਨ ਟਾਟਾ ਦੇ ਦੇਹਾਂਤ ‘ਤੇ ਜਤਾਇਆ ਦੁੱਖ, ਸਰਕਾਰ ਤੋਂ ਭਾਰਤ ਰਤਨ ਦੇਣ ਦੀ ਕੀਤੀ ਮੰਗ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਨੀ ਚਾਂਸਲਰ ਅਸ਼ੋਕ ਕੁਮਾਰ ਮਿੱਤਲ ਨੇ ਰਤਨ ਟਾਟਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਸਵੇਰੇ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦਿੰਦੇ ਹੋਏ ਇਕ ਭਾਵੁਕ ਪੋਸਟ ਲਿਖਿਆ। ਉਨ੍ਹਾਂ ਲਿਖਿਆ- ਅੱਜ ਦੇਸ਼ ਨੇ ਇੱਕ ਹੀਰਾ ਗੁਆ ਦਿੱਤਾ ਹੈ। ਇਹ ਇੱਕ ਪ੍ਰੇਰਨਾਦਾਇਕ ਯੁੱਗ ਦਾ ਅੰਤ ਹੈ।
ਅਲਵਿਦਾ ਰਤਨ ਟਾਟਾ ਸਰ! ਤੁਸੀਂ ਆਪਣੇ ਨਾਮ ਅਨੁਸਾਰ ਭਾਰਤ ਲਈ ਇੱਕ ਰਤਨ ਸੀ।
ਤੁਸੀਂ ਜਿਸ ਜਹਾਨ ‘ਚ ਰਹੋ, ਹਮੇਸ਼ਾ ਇੰਝ ਹੀ ਮੁਸਕਰਾਉਂਦੇ ਰਹੋ !!
ਕਿੰਨੇ ਸਰਲ, ਕਿੰਨੇ ਕਰਤੱਵਨਿਸ਼ਠ, ਕਿੰਨੀਆਂ ਪ੍ਰਾਪਤੀਆਂ… ਸਭ ਇੱਕ ਝਟਕੇ ‘ਚ ਕਹਾਣੀ ਬਣ ਗਿਆ। ਪਰ ਮੈਨੂੰ ਭਰੋਸਾ ਹੈ ਕਿ ਤੁਹਾਡਾ ਜੀਵਨ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰੇਗਾ ਅਤੇ ਉਨ੍ਹਾਂ ਨੂੰ ਸਫਲਤਾ ਲਈ ਪ੍ਰੇਰਿਤ ਕਰੇਗਾ।
ਤੁਹਾਨੂੰ ਨਿਮਰ ਸ਼ਰਧਾਂਜਲੀ ਸਰ ਅਤੇ ਪ੍ਰਮਾਤਮਾ ਤੁਹਾਡੇ ਸਨੇਹੀਆਂ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਵੇ!
ਇਸ ਤੋਂ ਇਲਾਵਾ ਅਸ਼ੋਕ ਮਿੱਤਲ ਨੇ ਭਾਰਤ ਸਰਕਾਰ ਤੋਂ ਰਤਨ ਟਾਟਾ ਦੇ ਕਾਰਜਾਂ ਲਈ ਧੰਨਵਾਦ ਪ੍ਰਗਟਾਉਣ ਲਈ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਭਾਰਤ ਰਤਨ ਦੇਣ ਦੀ ਵੀ ਪ੍ਰਮੁੱਖ ਮੰਗ ਕੀਤੀ। ਸੋਗ ਦੇ ਇਸ ਮੌਕੇ ‘ਤੇ ਮਿੱਤਲ ਨੇ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਨੇ ਸਾਲ 2018 ‘ਚ ਆਪਣੀ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ‘ਚ ਰਤਨ ਟਾਟਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਸੀ, ਪਰ ਉਹ ਨਹੀਂ ਆ ਸਕੇ। ਇਸ ਦੇ ਲਈ ਟਾਟਾ ਜੀ ਨੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਮੁਆਫੀ ਮੰਗੀ ਸੀ। ਇਹ ਦਰਸਾਉਂਦਾ ਹੈ ਕਿ ਇੱਕ ਉਦਯੋਗਪਤੀ ਹੋਣ ਦੇ ਨਾਲ, ਟਾਟਾ ਇੱਕ ਸ਼ਖਸੀਅਤ ਦੇ ਤੌਰ ‘ਤੇ ਵੀ ਬਹੁਤ ਉੱਚੇ ਮਿਆਰਾਂ ਦੇ ਸਨ।
ਰਤਨ ਟਾਟਾ ਭਾਵੇਂ ਇਸ ਦੁਨੀਆ ‘ਚ ਨਹੀਂ ਰਹੇ, ਪਰ ਉਹ ਕਰੋੜਾਂ ਲੋਕਾਂ ਦੇ ਦਿਲਾਂ ‘ਚ ਹਮੇਸ਼ਾ ਜ਼ਿੰਦਾ ਰਹਿਣਗੇ। ਰਤਨ ਟਾਟਾ ਨੇ ਨਾ ਸਿਰਫ ਕਾਰੋਬਾਰ ਦੀ ਦੁਨੀਆ ‘ਚ ਆਪਣਾ ਨਾਂ ਕਮਾਇਆ ਸਗੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ‘ਚ ਵੀ ਉਨ੍ਹਾਂ ਨੇ ਦੇਸ਼ ਅਤੇ ਦੁਨੀਆ ‘ਚ ਕਾਫੀ ਨਾਂ ਕਮਾਇਆ। ਇਹੀ ਕਾਰਨ ਸੀ ਕਿ ਰਤਨ ਟਾਟਾ ਨੂੰ ਦੇਸ਼ ਅਤੇ ਦੁਨੀਆ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵੱਲੋਂ ਨਾ ਸਿਰਫ਼ ਆਨਰੇਰੀ ਡਿਗਰੀਆਂ ਦਿੱਤੀਆਂ ਗਈਆਂ ਸਗੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।