Diljit Dosanjh ਦੇ ਕੰਸਰਟ ‘ਚ ਫੈਨ ਨੇ ਗਰਲਫ੍ਰੈਂਡ ਨੂੰ ਕੀਤਾ ਪ੍ਰਪੋਜ਼, Video ਹੋਈ ਵਾਇਰਲ

ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ‘ਦਿਲ-ਲੁਮੀਨਾਟੀ’ ਦੌਰੇ ‘ਤੇ ਹਨ। ਇਸ ਟੂਰ ਦੇ ਤਹਿਤ ਐਤਵਾਰ ਨੂੰ ਪੁਣੇ ‘ਚ ਆਯੋਜਿਤ ਕੰਸਰਟ ਦੌਰਾਨ ਇਕ ਯਾਦਗਾਰੀ ਘਟਨਾ ਵਾਪਰੀ। ਇਕ ਵਿਅਕਤੀ ਨੇ ਸਟੇਜ ‘ਤੇ ਆਪਣੀ ਗਰਲਫ੍ਰੈਂਡ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਖੂਬਸੂਰਤ ਪਲ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਗੋਡਿਆਂ ਭਾਰ ਹੋ ਕੇ ਆਪਣੀ ਪ੍ਰੇਮਿਕਾ ਨੂੰ ਵਿਆਹ ਦਾ ਪ੍ਰਸਤਾਵ ਦਿੰਦਾ ਹੈ। ਜਦੋਂ ਲੜਕੀ ਨੇ ਵਿਆਹ ਲਈ ਹਾਂ ਕਿਹਾ ਤਾਂ ਉਸ ਨੇ ਉਸ ਦਾ ਹੱਥ ਚੁੰਮ ਕੇ ਉਸ ਨੂੰ ਜੱਫੀ ਪਾ ਲਈ। ਸਟੇਜ ‘ਤੇ ਪਰਫਾਰਮ ਕਰ ਰਹੇ ਦਿਲਜੀਤ ਨੇ ਵੀ ਇਸ ਜੋੜੀ ਲਈ ਤਾੜੀਆਂ ਵਜਾਈਆਂ ਅਤੇ ਦਰਸ਼ਕਾਂ ਨੂੰ ਵੀ ਤਾੜੀਆਂ ਵਜਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਦਿਲਜੀਤ ਨੇ ਉਸ ਵਿਅਕਤੀ ਨਾਲ ਹੱਥ ਮਿਲਾਇਆ ਅਤੇ ਲੜਕੀ ਨੂੰ ਜੱਫੀ ਪਾ ਲਈ, ਜਿਸ ਨਾਲ ਇਹ ਪਲ ਹੋਰ ਵੀ ਖਾਸ ਹੋ ਗਿਆ।
‘ਦਿਲ-ਲੁਮੀਨਾਤੀ’ ਦੀ ਟੂਰ ਦੀ ਸ਼ੁਰੂਆਤ
ਦਿਲਜੀਤ ਨੇ ਇਸ ਦੌਰੇ ਦੀ ਸ਼ੁਰੂਆਤ ਦਿੱਲੀ ਵਿੱਚ ਇੱਕ ਮੈਗਾ ਸ਼ੋਅ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜੈਪੁਰ ਅਤੇ ਹੈਦਰਾਬਾਦ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲ ਹੀ ਵਿੱਚ ਉਨ੍ਹਾਂ ਨੇ ਅਹਿਮਦਾਬਾਦ, ਲਖਨਊ ਅਤੇ ਪੁਣੇ ਵਿੱਚ ਵੀ ਸ਼ੋਅ ਕੀਤੇ। ਹੁਣ ਉਹ ਕੋਲਕਾਤਾ, ਬੈਂਗਲੁਰੂ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਵਿੱਚ ਵੀ ਪਰਫਾਰਮ ਕਰਨ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਹਾਲ ਹੀ ‘ਚ ਉਨ੍ਹਾਂ ਨੇ ਮੁੰਬਈ ਨੂੰ ਵੀ ਆਪਣੀ ਟੂਰ ਲਿਸਟ ‘ਚ ਸ਼ਾਮਲ ਕੀਤਾ ਹੈ।
ਇਹ ਟੂਰ ਵਿਵਾਦਾਂ ਵਿੱਚ ਵੀ ਰਿਹਾ
‘ਦਿਲ-ਲੁਮਿਨਾਤੀ’ ਦਾ ਟੂਰ ਨਾ ਸਿਰਫ਼ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਸਗੋਂ ਕੁਝ ਵਿਵਾਦਾਂ ਕਾਰਨ ਵੀ ਸੁਰਖੀਆਂ ‘ਚ ਰਿਹਾ ਹੈ। ਹੈਦਰਾਬਾਦ ਸ਼ੋਅ ਤੋਂ ਪਹਿਲਾਂ ਤੇਲੰਗਾਨਾ ਸਰਕਾਰ ਨੇ ਦਿਲਜੀਤ ਨੂੰ ਨੋਟਿਸ ਭੇਜਿਆ ਸੀ। ਇਸ ਵਿੱਚ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੇ ਗੀਤਾਂ ਵਿੱਚ ਸ਼ਰਾਬ, ਨਸ਼ੇ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਦੀ ਵਰਤੋਂ ਨਾ ਕਰੇ। ਨਾਲ ਹੀ ਨੋਟਿਸ ਵਿੱਚ ਕਿਹਾ ਗਿਆ ਸੀ ਕਿ ਸ਼ੋਅ ਵਿੱਚ ਬੱਚਿਆਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਉੱਚੀ ਆਵਾਜ਼ ਅਤੇ ਫਲੈਸ਼ਿੰਗ ਲਾਈਟਾਂ ਤੋਂ ਪਰਹੇਜ਼ ਕੀਤਾ ਜਾਵੇ, ਜੋ ਬੱਚਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ।
ਅਹਿਮਦਾਬਾਦ ‘ਚ ਦਿਲਜੀਤ ਦਾ ਠੋਕਵਾਂ ਜਵਾਬ
ਅਹਿਮਦਾਬਾਦ ‘ਚ ਪ੍ਰਦਰਸ਼ਨ ਦੌਰਾਨ ਦਿਲਜੀਤ ਨੇ ਇਸ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਉਦੋਂ ਹੀ ਸ਼ਰਾਬ ਬਾਰੇ ਗੀਤ ਗਾਉਣਾ ਬੰਦ ਕਰਨਗੇ ਜਦੋਂ ਸਰਕਾਰ ਪੂਰੇ ਦੇਸ਼ ‘ਚ ਇਸ ‘ਤੇ ਪਾਬੰਦੀ ਲਗਾ ਦੇਵੇਗੀ। ਲਖਨਊ ‘ਚ ਉਨ੍ਹਾਂ ਨੇ ਆਪਣੇ ਆਲੋਚਕਾਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਸ਼ਰਾਬ ਦੇ ਗੀਤਾਂ ‘ਤੇ ਸੈਂਸਰਸ਼ਿਪ ਲਗਾਉਣੀ ਹੈ ਤਾਂ ਸਰਕਾਰ ਨੂੰ ਫਿਲਮਾਂ ‘ਚ ਸ਼ਰਾਬ ਪੀਣ ਦੇ ਸੀਨਜ਼ ਨੂੰ ਵੀ ਸੈਂਸਰ ਕਰਨਾ ਚਾਹੀਦਾ ਹੈ।
ਪ੍ਰਸ਼ੰਸਕਾਂ ਦੇ ਦਿਲਾਂ ‘ਚ ਹੈ ਖਾਸ ਜਗ੍ਹਾ
ਦਿਲਜੀਤ ਦੁਸਾਂਝ ਨੇ ਆਪਣੇ ਗੀਤਾਂ ਅਤੇ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਦੇ ਦੌਰੇ ਦੇ ਹਰ ਪ੍ਰਦਰਸ਼ਨ ਨੇ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਉਹ ਆਪਣੇ ਖੁੱਲ੍ਹੇ ਵਿਚਾਰਾਂ ਅਤੇ ਬੇਬਾਕ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ।