ਇਹ ਵਿਦੇਸ਼ੀ ਯੂਨੀਵਰਸਿਟੀ ਭਾਰਤ ‘ਚ ਖੋਲ੍ਹਣ ਜਾ ਰਹੀ ਹੈ ਕੈਂਪਸ, ਜਾਣੋ ਮਿਆਰ ਤੇ ਵਿਸ਼ਿਆਂ ਬਾਰੇ ਡਿਟੇਲ

ਚੰਗਾ ਕਰੀਅਰ ਬਣਾਉਣ ਲਈ ਉੱਚ ਸਿੱਖਿਆ ਜ਼ਰੂਰੀ ਹੈ। ਵਿਦਿਆਰਥੀ ਉੱਚ ਸਿੱਖਿਆ ਦੇ ਲਈ ਦੁਨੀਆਂ ਦੀਆਂ ਸਰਵਉੱਤਮ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਦੇ ਚਾਹਵਾਨ ਹੁੰਦੇ ਹਨ। ਭਾਰਤ ਵਿਚੋਂ ਵੀ ਹਰ ਸਾਲ, ਵੱਡੀ ਗਿਣਤੀ ਵਿਚ ਵਿਦਿਆਰਥੀ ਉੱਚ ਸਿੱਖਿਆ ਲਈ ਵਿਦੇਸ਼ੀ ਯੂਨੀਰਸਿਟੀਆਂ ਦਾਖ਼ਲਾ ਲੈਂਦੇ ਹਨ। ਵਿਦੇਸ਼ੀ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਸਰਕਾਰ ਨੇ ਸੌਖ ਪੈਦਾ ਕਰ ਦਿੱਤੀ ਹੈ। ਹੁਣ ਦੇਸ਼ ਵਿਚ ਰਹਿ ਕੇ ਹੀ ਵਿਦਿਆਰਥੀ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰ ਸਕਣਗੇ।
ਦਰਅਸਲ ਨਵੀਂ ਸਿੱਖਿਆ ਨੀਤੀ (NEP) 2020 ਦੇ ਤਹਿਤ ਸਰਕਾਰ ਦੁਆਰਾ ਬਹੁਤ ਸਾਰੀਆਂ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਭਾਰਤ ਵਿਚ ਕੈਂਪਸ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਲੜੀ ਵਿਚ, ਯੂਨਾਈਟਿਡ ਕਿੰਗਡਮ ਵਿਚ ਸਥਿਤ ਸਾਊਥੈਂਪਟਨ ਯੂਨੀਵਰਸਿਟੀ (University of Southampton India Campus) ਭਾਰਤ ਵਿਚ ਕੈਂਪਸ ਖੋਲ੍ਹਣ ਵਾਲੀ ਪਹਿਲੀ ਵਿਦੇਸ਼ੀ ਯੂਨੀਵਰਸਿਟੀ ਬਣਨ ਜਾ ਰਹੀ ਹੈ। ਸਾਊਥੈਂਪਟਨ ਯੂਨੀਵਰਸਿਟੀ ਨੂੰ QS ਦਰਜਾਬੰਦੀ ਵਿੱਚ ਵਿਸ਼ਵ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਕਿੱਥੇ ਖੁੱਲ੍ਹੇਗਾ ਭਾਰਤੀ ਕੈਂਪਸ
ਤੁਹਾਨੂੰ ਦੱਸ ਦੇਈਏ ਕਿ ਸਾਊਥੈਂਪਟਨ ਯੂਨੀਵਰਸਿਟੀ (University of Southampton India Campus) ਦਾ ਭਾਰਤੀ ਕੈਂਪਸ ਗੁਰੂਗ੍ਰਾਮ, ਹਰਿਆਣਾ ਵਿੱਚ ਸਥਾਪਿਤ ਕੀਤਾ ਜਾਵੇਗਾ। ਜੋ ਵਿਦਿਆਰਥੀ ਵਿਦੇਸ਼ ਜਾ ਕੇ ਇਸ ਯੂਨੀਵਰਸਿਟੀ ਵਿਚ ਦਾਖ਼ਲਾ ਲੈਣਾ ਚਾਹੁੰਦੇ ਸਨ, ਉਹ ਹੁਣ ਦੇਸ਼ ਵਿਚ ਰਹਿ ਕੇ ਹੀ ਇਸ ਯੂਨੀਵਰਸਿਟੀ ਵਿਚੋਂ ਉੱਚ ਸਿੱਖਿਆ ਹਾਸਿਲ ਕਰ ਸਕਣਗੇ। ਇਸ ਨਾਲ ਵਿਦਿਆਰਥੀਆਂ ਲਈ ਬਹੁਤ ਸੌਖ ਪੈਦਾ ਹੋ ਜਾਵੇਗੀ।
ਕੀ ਹੋਵੇਗਾ ਮਿਆਰ
ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਸਾਊਥੈਂਮਪਟਨ ਯੂਨੀਵਰਸਿਟੀ ਦੇ ਭਾਰਤੀ ਕੈਂਪਸ ਵਿਚ ਦਿੱਤੀਆਂ ਡਿਗਰੀਆਂ ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਸਾਊਥੈਂਪਟਨ ਦੀਆਂ ਡਿਗਰੀਆਂ ਦੇ ਬਰਾਬਰ ਹੋਣਗੀਆਂ। ਸਾਊਥੈਂਪਟਨ ਯੂਨੀਵਰਸਿਟੀ ਦੇ ਭਾਰਤੀ ਕੈਂਪਸ ਵਿਚ ਸੁਵਿਧਾਵਾਂ ਅਤੇ ਸਿੱਖਿਆ ਦਾ ਮਿਆਰ ਸਾਊਥੈਂਪਟਨ ਯੂਨੀਵਰਸਿਟੀ ਦੇ ਬਰਾਬਰ ਦਾ ਹੀ ਹੋਵੇਗਾ।
ਪੜ੍ਹਾਏ ਜਾਣ ਵਾਲੇ ਵਿਸ਼ੇ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੇ ਚੇਅਰਮੈਨ ਪ੍ਰੋ. ਐਮ.ਜਗਦੀਸ਼ ਕੁਮਾਰ ਨੇ ਯੂਨੀਵਰਸਿਟੀ ਆਫ ਸਾਊਥੈਂਪਟਨ ਦੇ ਭਾਰਤੀ ਕੈਂਪਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਊਥੈਂਪਟਨ ਯੂਨੀਵਰਸਿਟੀ ਦੇ ਭਾਰਤੀ ਕੈਂਪਸ ਵਿਚ ਖੋਜ, ਵਿਗਿਆਨ ਅਤੇ ਕਾਰੋਬਾਰ ਵਰਗੇ ਕੋਰਸਾਂ ‘ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਇਸਦੇ ਨਾਲ ਹੀ ਇਸ ਵਿਚ ਵਪਾਰ ਅਤੇ ਪ੍ਰਬੰਧਨ, ਕੰਪਿਊਟਿੰਗ, ਕਾਨੂੰਨ, ਇੰਜੀਨੀਅਰਿੰਗ, ਕਲਾ, ਵਿਗਿਆਨ ਸਮੇਤ ਕਈ ਵਿਸ਼ਿਆਂ ਦੀਆਂ ਡਿਗਰੀਆਂ ਉਪਲਬਧ ਹੋਣਗੀਆਂ। ਉਮੀਦ ਹੈ ਕਿ ਵਿਦੇਸ਼ੀ ਯੂਨੀਵਰਸਿਟੀ ਦਾ ਕੈਂਪਸ ਜੁਲਾਈ 2025 ਵਿੱਚ ਸ਼ੁਰੂ ਹੋ ਜਾਵੇਗਾ।
ਕੁਝ ਹੋਰ ਜਾਣਕਾਰੀ
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਵਿਦਿਆਰਥੀ ਵੀ ਸਾਊਥੈਂਪਟਨ ਯੂਨੀਵਰਸਿਟੀ ਦੇ ਭਾਰਤੀ ਕੈਂਪਸ ਵਿੱਚ ਦਾਖ਼ਲਾ ਲੈ ਸਕਣਗੇ। ਇਸ ਨਾਲ ਉਨ੍ਹਾਂ ਨੂੰ ਭਾਰਤ ਵਿਚ ਰਹਿਣ ਅਤੇ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ। ਸਾਊਥੈਂਪਟਨ ਯੂਨੀਵਰਸਿਟੀ ਤੋਂ ਇਲਾਵਾ ਕਈ ਹੋਰ ਯੂਨੀਵਰਸਿਟੀਆਂ ਵੀ ਭਾਰਤ ਵਿੱਚ ਕੈਂਪਸ ਖੋਲ੍ਹਣ ਦੀ ਤਿਆਰੀ ਕਰ ਰਹੀਆਂ ਹਨ। ਇੱਕ ਆਸਟ੍ਰੇਲੀਆਈ ਯੂਨੀਵਰਸਿਟੀ ਨੇ ਵੀ ਸਮਾਰਟ ਸਿਟੀ ਗੁਜਰਾਤ ਵਿੱਚ ਆਪਣਾ ਕੈਂਪਸ ਖੋਲ੍ਹਣ ਲਈ ਸਹਿਮਤੀ ਦਿੱਤੀ ਸੀ।