ਪੰਜਾਬ ਵਿਚ ਔਰਤਾਂ ਨੇ 14.88 ਕਰੋੜ ਦਾ ਮੁਫ਼ਤ ਬੱਸ ਸਫ਼ਰ ਕੀਤਾ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਟਰਾਂਸਪੋਰਟ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ ਸਾਲ 2024 ਦੌਰਾਨ ਮਾਲੀਏ ਵਿੱਚ 349.01 ਕਰੋੜ ਰੁਪਏ ਦਾ ਚੋਖਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਤਿੰਨ ਵਿੰਗਾਂ- ਸਟੇਟ ਟਰਾਂਸਪੋਰਟ ਕਮਿਸ਼ਨਰ (ਐਸ.ਟੀ.ਸੀ.) ਦਫ਼ਤਰ, ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਅਤੇ ਪੰਜਾਬ ਰੋਡਵੇਜ਼/ਪਨਬੱਸ ਨੂੰ ਪਿਛਲੇ ਸਾਲ ਦੇ 3197.28 ਰੁਪਏ ਦੇ ਮੁਕਾਬਲੇ ਸਾਲ 2024 ਦੌਰਾਨ 3546.29 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜੋ ਮਾਲੀਏ ‘ਚ 10.91 ਫ਼ੀਸਦੀ ਵਾਧੇ ਨੂੰ ਦਰਸਾਉਂਦਾ ਹੈ।
ਤਿੰਨੋ ਵਿੰਗਾਂ ਦੀ ਕਾਰਗੁਜ਼ਾਰੀ ਬਾਰੇ ਦੱਸਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਐਸ.ਟੀ.ਸੀ. ਦਫ਼ਤਰ ਦਾ ਮਾਲੀਆ 1,855.79 ਕਰੋੜ ਰੁਪਏ ਤੋਂ ਵੱਧ ਕੇ 2,126.53 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 270.74 ਕਰੋੜ ਰੁਪਏ ਦਾ ਇਹ ਵਾਧਾ 14.59 ਫ਼ੀਸਦੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਦੀ ਆਮਦਨ ਵੀ ਸਾਲ 2023 ਵਿੱਚ 892.45 ਕਰੋੜ ਰੁਪਏ ਦੇ ਮੁਕਾਬਲੇ ਸਾਲ 2024 ਵਿੱਚ 900.98 ਕਰੋੜ ਰੁਪਏ ਹੋਈ, ਜੋ 8.53 ਕਰੋੜ ਰੁਪਏ ਦਾ ਵਾਧਾ ਦਰਸਾਉਂਦੀ ਹੈ।
ਪੰਜਾਬ ਰੋਡਵੇਜ਼/ਪਨਬੱਸ ਦੇ ਮਾਲੀਏ ਦੇ ਵੇਰਵੇ ਸਾਂਝੇ ਕਰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਨੂੰ ਸਾਲ 2023 ਵਿੱਚ 449.04 ਕਰੋੜ ਰੁਪਏ ਪ੍ਰਾਪਤ ਹੋਏ ਸਨ ਅਤੇ ਸਾਲ 2024 ਦੌਰਾਨ ਇਹ ਆਮਦਨ ਵਧ ਕੇ 518.78 ਕਰੋੜ ਰੁਪਏ ਹੋ ਗਈ ਅਤੇ 69.74 ਕਰੋੜ ਰੁਪਏ ਦੀ ਵਧੀ ਆਮਦਨ 15.53 ਫ਼ੀਸਦੀ ਬਣਦੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਭਾਗ ਨੇ ਪਾਰਦਰਸ਼ੀ ਅਤੇ ਕੁਸ਼ਲ ਨੀਤੀਆਂ ਲਾਗੂ ਕੀਤੀਆਂ ਹਨ, ਜਿਸ ਨਾਲ ਵਿਕਾਸ ਦੀ ਰਫ਼ਤਾਰ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਜਨਵਰੀ ਤੋਂ ਦਸੰਬਰ 2024 ਤੱਕ ਸੂਬੇ ਦੀਆਂ ਔਰਤਾਂ ਨੇ 14.88 ਕਰੋੜ ਮੁਫ਼ਤ ਬੱਸ ਸਫ਼ਰ ਕੀਤੇ ਜਿਸ ‘ਤੇ ਵਿਭਾਗ ਦੇ 726.19 ਕਰੋੜ ਖਰਚ ਹੋਏ ਅਤੇ ਇਹ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਸੂਬਾ ਸਰਕਾਰ ਨੇ ਔਰਤਾਂ ਨੂੰ 1 ਅਪ੍ਰੈਲ, 2022 ਤੋਂ ਹੁਣ ਤੱਕ 1916.92 ਕਰੋੜ ਰੁਪਏ ਦੇ ਖਰਚ ਨਾਲ 40.45 ਕਰੋੜ ਮੁਫ਼ਤ ਬੱਸ ਯਾਤਰਾਵਾਂ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਪੁਲਿਸ ਕਰਮਚਾਰੀਆਂ, ਵਿਦਿਆਰਥੀਆਂ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਅਤੇ ਥੈਲੇਸੀਮੀਆ ਤੇ ਕੈਂਸਰ ਦੇ ਮਰੀਜ਼ਾਂ ਸਮੇਤ ਵੱਖ-ਵੱਖ ਸ਼੍ਰੇਣੀਆਂ ਨੂੰ ਮੁਫ਼ਤ ਅਤੇ ਬੱਸ ਕਿਰਾਏ ਵਿੱਚ ਰਿਆਇਤ ਦਾ ਲਾਭ ਦਿੱਤਾ ਜਾ ਰਿਹਾ ਹੈ।