ਕੈਨੇਡਾ ਤੇ ਅਮਰੀਕਾ ਦੇ ਰਲੇਵੇਂ ਦੀ ਪੇਸ਼ਕਸ਼ ਉਤੇ ਜਸਟਿਨ ਟਰੂਡੋ ਦਾ ਜਵਾਬ…

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਤੋਂ ਬਾਅਦ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਾਰਡ ਟਰੰਪ ਵਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਬਿਆਨ ਉਤੇ ਟਰੂਡੋ ਨੇ ਤਨਜ਼ ਕੱਸਿਆ ਹੈ। ਟਰੂਡੋ ਨੇ ਕਿਹਾ ਕਿ ਕਿਸੇ ਪ੍ਰਭੂਸੱਤਾ ਸੰਪੂਰਨ ਮੁਲਕ ਦਾ ਦੂਜੇ ਦੇਸ਼ ਵਿਚ ਰਲੇਵਾਂ ਕੋਈ ਬੱਚਿਆਂ ਵਾਲੀ ਖੇਡ ਨਹੀਂ ਹੈ। ਟਰੂਡੋ ਨੇ ਆਪਣੇ ‘ਐਕਸ’ ਖਾਤੇ ’ਤੇ ਪਾਈ ਪੋਸਟ ਵਿੱਚ ਲਿਖਿਆ ਕਿ ਦੋਵਾਂ ਦੇਸ਼ਾਂ ਭਾਵ ਅਮਰੀਕਾ ਤੇ ਕੈਨੇਡਾ ਵਿੱਚ ਕਾਮਿਆਂ ਅਤੇ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕ ਅਤੇ ਸੁਰੱਖਿਆ ਦੇ ਤਕੜੇ ਭਾਈਵਾਲ ਹੋਣ ਦਾ ਦੁਵੱਲਾ ਫਾਇਦਾ ਮਿਲਦਾ ਹੈ।
ਦੱਸ ਦਈਏ ਡੋਨਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਮਗਰੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਆਪਣੀ ਪੇਸ਼ਕਸ਼ (canada join usa) ਦੁਹਰਾਈ ਹੈ। ਟਰੰਪ ਨੇ ਪਿਛਲੇ ਸਾਲ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਜਿੱਤਣ ਮਗਰੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਸੀ ਜਿਸ ਮਗਰੋਂ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਲਗਾਤਾਰ ਇੱਛਾ ਜਤਾਉਂਦੇ ਰਹੇ ਹਨ।
ਟਰੰਪ ਕਈ ਵਾਰ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਵੀ ਇਸ ਪੇਸ਼ਕਸ਼ ਦਾ ਜ਼ਿਕਰ ਕਰ ਚੁੱਕੇ ਹਨ। ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਦੇ ਟਰੂਡੋ ਨਾਲ ਸਬੰਧ ਕੋਈ ਬਹੁਤੇ ਚੰਗੇ ਨਹੀਂ ਰਹੇ ਸਨ।
ਜਸਟਿਨ ਟਰੂਡੋ ਦੇ ਅਸਤੀਫੇ ਤੋਂ ਥੋੜ੍ਹੀ ਦੇਰ ਬਾਅਦ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਆਪਣੇ ਪ੍ਰਸਤਾਵ ਨੂੰ ਇੱਕ ਵਾਰ ਫਿਰ ਦੁਹਰਾਇਆ। ਜਸਟਿਨ ਟਰੂਡੋ ਨੇ ਆਪਣੀ ਲੀਡਰਸ਼ਿਪ ਪ੍ਰਤੀ ਵਧਦੀ ਅਸੰਤੁਸ਼ਟੀ ਦੇ ਮੱਦੇਨਜ਼ਰ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਕੈਨੇਡਾ ਵਿਚ ਇਸ ਸਾਲ ਆਮ ਚੋਣਾਂ ਹੋਣੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਦੋਂ ਤੱਕ ਪ੍ਰਧਾਨ ਬਣੇ ਰਹਿਣਗੇ ਜਦੋਂ ਤੱਕ ਪਾਰਟੀ ਕੋਈ ਨਵਾਂ ਆਗੂ ਨਹੀਂ ਚੁਣਦੀ।
ਟਰੰਪ ਨੇ ਸੋਸ਼ਲ ਮੀਡੀਆ ਮੰਚ ‘ਟਰੁਥ ਸੋਸ਼ਲ’ ਉਤੇ ਇਕ ਪੋਸਟ ਵਿਚ ਕਿਹਾ, ‘‘ਕੈਨੇਡਾ ਵਿਚ ਬਹੁਤ ਸਾਰੇ ਲੋਕ ਆਪਣੇ ਦੇਸ਼ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਇੱਛੁਕ ਹਨ। ਅਮਰੀਕਾ ਵੱਡੇ ਵਪਾਰਕ ਘਾਟੇ ਤੇ ਸਬਸਿਡੀ ਨੂੰ ਸਹਿਣ ਨਹੀਂ ਕਰ ਸਕਦਾ, ਜਿਸ ਦੀ ਕੈਨੇਡਾ (canada join usa) ਨੂੰ ਆਪਣਾ ਵੱਕਾਰ ਬਚਾ ਕੇ ਰੱਖਣ ਲਈ ਲੋੜ ਹੈ। ਜਸਟਿਨ ਟਰੂਡੋ ਨੂੰ ਇਹ ਪਤਾ ਸੀ ਤੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ।’’ ਟਰੰਪ ਨੇ ਕਿਹਾ, ‘‘ਜੇ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਂਦਾ ਹੈ ਤਾਂ ਨਾ ਕੋਈ ਟੈਕਸ ਹੋਵੇਗਾ। ਟੈਕਸ ਬਹੁਤ ਘੱਟ ਹੋ ਜਾਣਗੇ ਤੇ ਉਹ ਰੂਸੀ ਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ, ਜੋ ਲਗਾਤਾਰ ਉਨ੍ਹਾਂ ਨੂੰ ਘੇਰੀ ਰੱਖਦੇ ਹਨ। ਨਾਲ ਮਿਲ ਕੇ ਇਹ ਕਿੰਨਾ ਮਹਾਨ ਦੇਸ਼ ਬਣੇਗਾ।’’