Another blow to Gautam Adani, Kenya cancels deal with Adani Group after bribery – News18 ਪੰਜਾਬੀ

Adani Bribery Case: ਕਾਰੋਬਾਰੀ ਗੌਤਮ ਅਡਾਨੀ ਨੂੰ ਇੱਕ ਹੋਰ ਝਟਕਾ ਲੱਗਾ ਹੈ। ਕੀਨੀਆ ਸਰਕਾਰ ਨੇ ਅਮਰੀਕੀ ਅਦਾਲਤ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਅਡਾਨੀ ਸਮੂਹ ਦੇ ਪ੍ਰਾਜੈਕਟਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਵੀਰਵਾਰ ਨੂੰ ਭਾਰਤ ਦੇ ਅਡਾਨੀ ਸਮੂਹ ਨਾਲ ਸਬੰਧਤ ਦੋ ਵੱਡੇ ਪ੍ਰੋਜੈਕਟਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ। ਇਹ ਕਦਮ ਅਮਰੀਕੀ ਅਦਾਲਤ ਵੱਲੋਂ ਗੌਤਮ ਅਡਾਨੀ, ਉਸ ਦੇ ਭਤੀਜੇ ਸਾਗਰ ਅਡਾਨੀ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ। ਉਸ ‘ਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਸੂਰਜੀ ਊਰਜਾ ਦੇ ਠੇਕੇ ਹਾਸਲ ਕਰਨ ਦਾ ਇਲਜ਼ਾਮ ਹੈ।
ਕਾਰੋਬਾਰੀ ਗੌਤਮ ਅਡਾਨੀ ‘ਤੇ ਅਮਰੀਕੀ ਅਦਾਲਤ ਨੇ ਭਾਰਤ ‘ਚ ਸੋਲਰ ਕੰਟਰੈਕਟ ਲੈਣ ਲਈ ਅਨੁਕੂਲ ਸ਼ਰਤਾਂ ਦੇ ਬਦਲੇ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ (ਕਰੀਬ 2,200 ਕਰੋੜ ਰੁਪਏ) ਦੀ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਹੈ। ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਸਮੇਤ ਸੱਤ ਹੋਰਾਂ ‘ਤੇ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਅਧਿਕਾਰੀਆਂ ਨੂੰ ਮਹਿੰਗੀ ਸੂਰਜੀ ਊਰਜਾ ਖਰੀਦਣ ਲਈ ਰਿਸ਼ਵਤ ਦੇਣ ਦਾ ਦੋਸ਼ ਹੈ। ਹਾਲਾਂਕਿ ਇਸ ‘ਚ ਅਧਿਕਾਰੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਅਡਾਨੀ ਸਮੂਹ ਨੇ 2021 ਵਿੱਚ ਸਥਾਨਕ ਤੌਰ ‘ਤੇ ਨਿਰਮਿਤ ਸੋਲਰ ਸੈੱਲ ਅਤੇ ਮਾਡਿਊਲ-ਅਧਾਰਿਤ ਪਲਾਂਟਾਂ ਦੀ ਵਰਤੋਂ ਕਰਕੇ ਪੈਦਾ ਕੀਤੀ 8,000 ਮੈਗਾਵਾਟ (ਅੱਠ ਗੀਗਾਵਾਟ) ਬਿਜਲੀ ਦੀ ਸਪਲਾਈ ਕਰਨ ਦੀ ਬੋਲੀ ਜਿੱਤੀ ਸੀ, ਪਰ ਇਹ ਸਮੂਹ ਬਿਜਲੀ ਖਰੀਦਣ ਵਾਲੀਆਂ ਰਾਜ ਸਰਕਾਰਾਂ ਦੀਆਂ ਕੀਮਤਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਿਆ।
- First Published :