ਕਾਰ ਅੱਗੇ ਅਚਾਨਕ ਆਇਆ ਆਵਾਰਾ ਪਸ਼ੂ, ਹਾਦਸੇ ਵਿਚ ਪੂਰਾ ਪਰਿਵਾਰ ਖਤਮ…
ਰਾਜਸਥਾਨ ਦੇ ਪਾਲੀ ਜ਼ਿਲ੍ਹੇ ‘ਚ ਵੀਰਵਾਰ ਰਾਤ ਨੈਸ਼ਨਲ ਹਾਈਵੇਅ ਨੰਬਰ 162 ‘ਤੇ ਹੋਏ ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਚਾਰ ਲੋਕ ਇੱਕੋ ਪਰਿਵਾਰ ਨਾਲ ਸਬੰਧਤ ਸਨ। ਇਨ੍ਹਾਂ ਵਿੱਚ ਜੋੜਾ ਅਤੇ ਉਨ੍ਹਾਂ ਦਾ ਬੇਟਾ ਅਤੇ ਬੇਟੀ ਸ਼ਾਮਲ ਹਨ। ਇਹ ਹਾਦਸਾ ਹਾਈਵੇ ਉਤੇ ਇਕ ਪਸ਼ੂ ਆਉਣ ਕਾਰਨ ਵਾਪਰਿਆ। ਹਾਦਸੇ ‘ਚ ਪੂਰਾ ਪਰਿਵਾਰ ਇਕੋ ਝਟਕੇ ‘ਚ ਖਤਮ ਹੋ ਗਿਆ। ਹਾਦਸੇ ਤੋਂ ਬਾਅਦ ਇਹ ਲੋਕ ਕੋਈ ਅੱਧਾ ਘੰਟਾ ਕਾਰ ਵਿੱਚ ਫਸੇ ਰਹੇ। ਹਾਦਸੇ ਦਾ ਸ਼ਿਕਾਰ ਹੋਣ ਵਾਲਾ ਪਰਿਵਾਰ ਮਹਾਰਾਸ਼ਟਰ ਦੇ ਕੋਲਹਾਪੁਰ ਇਲਾਕੇ ਦਾ ਰਹਿਣ ਵਾਲਾ ਸੀ।
ਪੁਲਿਸ ਮੁਤਾਬਕ ਇਹ ਦਰਦਨਾਕ ਹਾਦਸਾ ਪਾਲੀ ਜ਼ਿਲੇ ਦੇ ਸੰਦੇਰਾਓ ਥਾਣਾ ਖੇਤਰ ‘ਚ ਨੈਸ਼ਨਲ ਹਾਈਵੇਅ ਨੰਬਰ 162 ‘ਤੇ ਟੋਲ ਬੂਥ ਤੋਂ 1 ਕਿਲੋਮੀਟਰ ਦੀ ਦੂਰੀ ਉਤੇ ਰਾਤ ਕਰੀਬ 11.30 ਵਜੇ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਉਸ ਸਮੇਂ ਕਾਰ ਰਾਹੀਂ ਜੋਧਪੁਰ ਤੋਂ ਵਾਪਸ ਆ ਰਿਹਾ ਸੀ। ਇਹ ਸਾਰੇ ਲੋਕ ਮਹਾਰਾਸ਼ਟਰ ਦੇ ਕੋਲਹਾਪੁਰ ਦੇ ਹੁਪਰੀ ਦੇ ਰਹਿਣ ਵਾਲੇ ਸਨ। ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦਾ ਮੁਖੀ ਬਾਬੂਰਾਓ (50) ਸੋਨੇ-ਚਾਂਦੀ ਦਾ ਕਾਰੋਬਾਰ ਕਰਦਾ ਸੀ।
ਹਾਦਸਾ ਜੋਧਪੁਰ ਤੋਂ ਪਰਤਦੇ ਸਮੇਂ ਵਾਪਰਿਆ
ਉਹ ਕਾਰੋਬਾਰ ਦੇ ਸਿਲਸਿਲੇ ‘ਚ ਸ਼ਿਵਗੰਜ, ਸਿਰੋਹੀ ‘ਚ ਜੌਹਰੀ ਦੋਸਤ ਕਿਸ਼ੋਰ ਪ੍ਰਜਾਪਤ ਕੋਲ ਆਇਆ ਸੀ। ਉਸੇ ਤੋਂ ਹੀ ਕਾਰ ਮੰਗ ਕੇ ਜੋਧਪੁਰ ਗਿਆ ਸੀ। ਵੀਰਵਾਰ ਰਾਤ ਨੂੰ ਉਥੋਂ ਵਾਪਸ ਪਰਤਦੇ ਸਮੇਂ ਕਾਰ ਦੇ ਅੱਗੇ ਇੱਕ ਪਸ਼ੂ ਆ ਗਿਆ। ਇਸ ਕਾਰਨ ਕਾਰ ਚਲਾ ਰਿਹਾ ਬਾਬੂਰਾਓ ਦਾ ਰਿਸ਼ਤੇਦਾਰ ਪ੍ਰਮੋਦ ਜੈਨ ਡਰ ਗਿਆ ਅਤੇ ਕਾਰ ਬੇਕਾਬੂ ਹੋ ਗਈ। ਇਸ ਤੋਂ ਬਾਅਦ ਕਾਰ ਸੜਕ ਤੋਂ ਕਰੀਬ 50 ਫੁੱਟ ਦੂਰ ਸਥਿਤ ਇੱਕ ਦਰੱਖਤ ਵਿੱਚ ਜਾ ਵੱਜੀ। ਇਲਾਕਾ ਸੁੰਨਸਾਨ ਹੋਣ ਕਾਰਨ ਸਾਰੇ ਕਾਰ ਵਿੱਚ ਹੀ ਫਸੇ ਰਹੇ। ਅੱਧੇ ਘੰਟੇ ਤੱਕ ਇੱਕ ਕਿਲੋਮੀਟਰ ਦੂਰ ਸਥਿਤ ਟੋਲ ਪਲਾਜ਼ਾ ਤੋਂ ਨਾ ਤਾਂ ਕੋਈ ਐਂਬੂਲੈਂਸ ਆਈ ਅਤੇ ਨਾ ਹੀ ਗਸ਼ਤ ਕਰਨ ਵਾਲੀ ਟੀਮ ਨੇ ਉਨ੍ਹਾਂ ਨੂੰ ਦੇਖਿਆ।
ਜਦੋਂ ਤੱਕ ਪੁਲਿਸ ਪਹੁੰਚੀ, ਚਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ
ਫਿਰ ਹਾਦਸੇ ਦੀ ਸੂਚਨਾ ਮਿਲਣ ‘ਤੇ ਅੱਧੇ ਘੰਟੇ ਬਾਅਦ ਪੁਲਿਸ ਟੋਲ ਟੀਮਾਂ ਨਾਲ ਮੌਕੇ ‘ਤੇ ਪਹੁੰਚ ਗਈ। ਉਦੋਂ ਤੱਕ ਕਾਰ ਵਿੱਚ ਸਵਾਰ ਛੇ ਵਿਅਕਤੀਆਂ ਵਿੱਚੋਂ ਚਾਰ ਦੇ ਸਾਹ ਰੁਕ ਚੁੱਕੇ ਸਨ। ਇਸ ਹਾਦਸੇ ‘ਚ ਬਾਬੂਰਾਵ ਦੇ ਨਾਲ ਉਨ੍ਹਾਂ ਦੀ ਪਤਨੀ ਸਾਰਿਕਾ, ਬੇਟੀ ਸਾਕਸ਼ੀ ਅਤੇ ਬੇਟੇ ਸੰਸਕਾਰ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਬਾਬੂਰਾਓ ਦਾ ਭਤੀਜਾ ਚਿਨਮਯ ਅਤੇ ਕਾਰ ਚਾਲਕ ਰਿਸ਼ਤੇਦਾਰ ਪ੍ਰਮੋਦ ਜ਼ਖਮੀ ਹੋ ਗਏ। ਉਸ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਚਾਰਾਂ ਦੀਆਂ ਲਾਸ਼ਾਂ ਸੰਡੇਰਾਓ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤੀਆਂ ਹਨ। ਪ੍ਰਮੋਦ ਜੈਨ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਪਾਲੀ ਦੇ ਬੰਗੜ ਹਸਪਤਾਲ ਰੈਫਰ ਕਰ ਦਿੱਤਾ ਗਿਆ।
- First Published :