Punjab ਦੇ ਇਸ ਪਿੰਡ ‘ਚ 60 ਸਾਲਾਂ ਤੋਂ ਨਹੀਂ ਹੋਈ ਸਰਪੰਚੀ ਦੀ ਚੋਣ, ਫਿਰ ਵੀ ਚੁਣੀ ਜਾਂਦੀ ਹੈ ਪੰਚਾਇਤ, ਜਾਣੋ ਕਿਵੇਂ?
ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਚੋਣਾਂ ਜਿੱਤਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਕੁਝ ਲੋਕ ਵਿਵਾਦ ਵੀ ਪੈਦਾ ਕਰਦੇ ਹਨ, ਪਰ ਕੁਝ ਸਥਾਨ ਅਜਿਹੇ ਹਨ ਜਿੱਥੇ ਚੋਣਾਂ ਵਿਚ ਏਕਤਾ ਅਤੇ ਸਮੂਹਿਕ ਭਾਵਨਾ ਦੀ ਮਿਸਾਲ ਪੇਸ਼ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਾਂਗੇ ਜਿੱਥੇ ਪਿਛਲੇ 60 ਸਾਲਾਂ ਤੋਂ ਪੰਚਾਇਤੀ ਚੋਣਾਂ ਸਰਬਸੰਮਤੀ ਨਾਲ ਹੁੰਦੀਆਂ ਆ ਰਹੀਆਂ ਹਨ। ਇਸ ਪਿੰਡ ਦੇ ਲੋਕ ਬਿਨਾਂ ਕਿਸੇ ਵਿਵਾਦ ਦੇ ਰਲ ਕੇ ਆਪਣੀ ਲੀਡਰਸ਼ਿਪ ਚੁਣਦੇ ਹਨ। ਪਿੰਡ ਵਾਸੀ ਇਸ ਆਸ ਨਾਲ ਆਪਣਾ ਸਰਪੰਚ ਚੁਣਦੇ ਹਨ ਕਿ ਉਨ੍ਹਾਂ ਦਾ ਚੁਣਿਆ ਆਗੂ ਪਿੰਡ ਦੇ ਵਿਕਾਸ ਵਿੱਚ ਯੋਗਦਾਨ ਪਾਵੇਗਾ।
60 ਸਾਲਾਂ ਤੋਂ ਸਰਬਸੰਮਤੀ ਨਾਲ ਹੁੰਦੀਆਂ ਆ ਰਹੀਆਂ ਹਨ ਪੰਚਾਇਤੀ ਚੋਣਾਂ
ਦਰਅਸਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੋਹੜਵਾਲਾ ਵਿੱਚ ਪਿਛਲੇ 60 ਸਾਲਾਂ ਤੋਂ ਜਨਤਾ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਦੀ ਆ ਰਹੀ ਹੈ। ਇਸ ਵਾਰ ਵੀ ਪਿੰਡ ਦੇ ਲੋਕਾਂ ਨੇ ਵੱਡਾ ਕਦਮ ਚੁੱਕਦਿਆਂ ਸਰਬਸੰਮਤੀ ਨਾਲ ਮਨਪ੍ਰੀਤ ਸਿੰਘ “ਮੰਨੂ ਮੱਲੀ” ਨੂੰ ਸਰਪੰਚ ਚੁਣ ਲਿਆ ਹੈ। ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ।
ਸਰਪੰਚ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ
ਤੁਹਾਨੂੰ ਦੱਸ ਦੇਈਏ ਕਿ ਪਿੰਡ ਵਾਸੀਆਂ ਨੇ ਨਵੇਂ ਸਰਪੰਚ ਮਨਪ੍ਰੀਤ ਸਿੰਘ ਨੂੰ ਅਸ਼ੀਰਵਾਦ ਦਿੰਦੇ ਹੋਏ ਆਸ ਪ੍ਰਗਟਾਈ ਕਿ “ਮੰਨੂ ਮੱਲੀ” ਪਿੰਡ ਦੇ ਵਿਕਾਸ ਲਈ ਕੰਮ ਕਰਨਗੇ ਅਤੇ ਪਿੰਡ ਨੂੰ ਹੋਰ ਸੁੰਦਰ ਬਣਾਉਣਗੇ। ਇਸ ਮੌਕੇ ਸਰਪੰਚ ਮਨਪ੍ਰੀਤ ਸਿੰਘ ਮੰਨੂ ਮੱਲੀ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਕਜੁੱਟਤਾ ਸਦਕਾ ਅੱਜ ਮੈਂ ਪਿੰਡ ਦਾ ਸਰਪੰਚ ਬਣਿਆ ਹਾਂ।
ਪਿੰਡ ਦੇ ਵਿਕਾਸ ਲਈ ਮਿਲ ਕੇ ਕੰਮ ਕਰਨਗੇ
ਨਵੇਂ ਸਰਪੰਚ ਮਨਪ੍ਰੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਪਿੰਡ ਦੇ ਵਿਕਾਸ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਪਿੰਡ ਵਿੱਚ ਖਾਸ ਕਰਕੇ ਨੌਜਵਾਨਾਂ ਲਈ ਜਿੰਮ ਬਣਾਉਣ ਦਾ ਵਾਅਦਾ ਕੀਤਾ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਰਹਿ ਸਕਣ। ਇਸ ਤਰ੍ਹਾਂ ਪਿੰਡ ਬੋਹੜਵਾਲਾ ਨੇ ਇੱਕ ਵਾਰ ਫਿਰ ਵਿਕਾਸ ਪ੍ਰਤੀ ਆਪਣੀ ਏਕਤਾ ਅਤੇ ਸਮਰਪਣ ਦੀ ਮਿਸਾਲ ਕਾਇਮ ਕੀਤੀ ਹੈ।
- First Published :