Badshah ਦੀਆਂ ਵਧੀਆਂ ਮੁਸ਼ਕਿਲਾਂ, ਰੈਪਰ ‘ਤੇ ਮਾਮਲਾ ਹੋਇਆ ਦਰਜ
ਭਾਰਤ ਦੇ ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਕ ਮੀਡੀਆ ਕੰਪਨੀ ਨੇ ਉਨ੍ਹਾਂ ‘ਤੇ ਕਾਨੂੰਨੀ ਸਮਝੌਤੇ ਦਾ ਸਨਮਾਨ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ‘ਤੇ ਕੇਸ ਦਾਇਰ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ‘ਬਾਵਲਾ’ ਨਾਂ ਦੇ ਟਰੈਕ ਦੇ ਨਿਰਮਾਣ ਅਤੇ ਪ੍ਰਚਾਰ ਨਾਲ ਸਬੰਧਤ ਸਾਰੀਆਂ ਸੇਵਾਵਾਂ ਪੂਰੀਆਂ ਕਰ ਲਈਆਂ ਗਈਆਂ ਹਨ, ਪਰ ਬਾਦਸ਼ਾਹ ਇਸ ਪ੍ਰਾਜੈਕਟ ਦੇ ਨਿਰਮਾਣ ਲਈ ਬਕਾਇਆ ਭੁਗਤਾਨ ਕਰਨ ਵਿੱਚ ਅਸਫਲ ਰਿਹਾ ਹੈ। ਗਾਇਕ ਵਿਰੁੱਧ ਕਰਨਾਲ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਰਜ ਹੈ।
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਾਦਸ਼ਾਹ ਖਿਲਾਫ ਕਈ ਵਾਰ ਰਿਮਾਇਡਰ ਦੇਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਬਾਦਸ਼ਾਹ ਨੇ ਨਾ ਸਿਰਫ਼ ਝੂਠੇ ਵਾਅਦੇ ਕੀਤੇ ਹਨ ਅਤੇ ਅਦਾਇਗੀ ਦੀ ਨਿਰਧਾਰਤ ਮਿਤੀ ਨੂੰ ਟਾਲ ਦਿੱਤਾ ਹੈ, ਸਗੋਂ ਇੱਕ ਪੈਸਾ ਵੀ ਅਦਾ ਨਹੀਂ ਕੀਤਾ ਹੈ। ਟਰੈਕ ‘ਬਾਵਲਾ’ ਵਿੱਚ ਬਾਦਸ਼ਾਹ ਅਤੇ ਅਮਿਤ ਉਚਾਨਾ ਹਨ। ਇਸ ਗੀਤ ਨੂੰ ਯੂਟਿਊਬ ‘ਤੇ 15.1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਸ ਨੂੰ ਬਾਦਸ਼ਾਹ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਪਿਛਲੇ ਸਾਲ ਬਾਦਸ਼ਾਹ ਆਨਲਾਈਨ ਸੱਟੇਬਾਜ਼ੀ ਕੰਪਨੀ ਐਪ ‘ਫੇਅਰਪਲੇ’ ਦਾ ਪ੍ਰਚਾਰ ਕਰਨ ਲਈ ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਦੇ ਸਾਹਮਣੇ ਪੇਸ਼ ਹੋਇਆ ਸੀ। ਰੈਪਰ ਸਮੇਤ ਘੱਟੋ-ਘੱਟ 40 ਹੋਰ ਮਸ਼ਹੂਰ ਹਸਤੀਆਂ ਫੇਅਰਪਲੇ ਐਪ ਨੂੰ ਕਥਿਤ ਤੌਰ ‘ਤੇ ਪ੍ਰਮੋਟ ਕਰਨ ਲਈ ਅਧਿਕਾਰੀਆਂ ਦੀ ਜਾਂਚ ਦੇ ਘੇਰੇ ਵਿਚ ਆਈਆਂ ਸਨ।
ਕਈ ਫਿਲਮਾਂ ਲਈ ਗਾਏ ਹਿੱਟ ਗੀਤ
ਬਾਦਸ਼ਾਹ ਦੇ ਵਰਕ ਫਰੰਟ ਬਾਰੇ ਗੱਲ ਕਰਦੇ ਹੋਏ, ਗਾਇਕ-ਰੈਪਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਦਿੱਤੀ ਹੈ। ਬਾਦਸ਼ਾਹ ਦਾ ਨਵਾਂ ਗੀਤ ‘ਮੋਰਨੀ’ ਰਿਲੀਜ਼ ਹੋਇਆ ਹੈ, ਜਿਸ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ। ਬਾਦਸ਼ਾਹ ਲੋਕਾਂ ਵਿੱਚ ਬਹੁਤ ਮਸ਼ਹੂਰ ਹਨ। ਉਨ੍ਹਾਂ ਨੇ ‘ਹੰਪਟੀ ਸ਼ਰਮਾ ਕੀ ਦੁਲਹਨੀਆ’, ‘ਖੂਬਸੂਰਤ’, ‘ਬਜਰੰਗੀ ਭਾਈਜਾਨ’, ‘ਸਨਮ ਰੇ’, ‘ਕਪੂਰ ਐਂਡ ਸੰਨਜ਼’, ‘ਸੁਲਤਾਨ’, ‘ਬਾਰ ਬਾਰ ਦੇਖੋ’, ‘ਐ ਦਿਲ ਹੈ ਮੁਸ਼ਕਿਲ’, ‘ਵੀਰੇ ਦੀ ਵੈਡਿੰਗ’ ‘ਚ ਕੰਮ ਕੀਤਾ ਹੈ।