ਅੰਮ੍ਰਿਤਪਾਲ ਸਿੰਘ ‘ਤੇ NSA ਤੋਂ ਬਾਅਦ ਹੁਣ ਲੱਗਾ UAPA

ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਵਿਦੇਸ਼ ’ਚ ਬੈਠੇ ਅੱਤਵਾਦੀ ਅਰਸ਼ਦੀਪ ਸਿੰਘ ਡੱਲਾ ’ਤੇ ਯੂਏਪੀਏ UAPA (ਗ਼ੈਰ ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ) ਲੱਗ ਗਿਆ ਹੈ। ਇਹ ਕਾਰਵਾਈ ਫ਼ਰੀਦਕੋਟ ਪੁਲਸ ਨੇ ਪੰਥਕ ਜਥੇਬੰਦੀਆਂ ਨਾਲ ਸਬੰਧਤ ਫ਼ਰੀਦਕੋਟ ਦੇ ਪਿੰਡ ਹਰੀ ਨੌ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਕੀਤੀ ਹੈ।
ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਇਸ ਮਾਮਲੇ ’ਚ ਯੂ.ਏ.ਪੀ.ਏ. ਲਗਾਉਣ ਬਾਰੇ ਫਰੀਦਕੋਟ ਦੀ ਅਦਾਲਤ ਨੂੰ ਲਿਖਤੀ ਜਾਣਕਾਰੀ ਦਿਤੀ ਹੈ। ਯੂ.ਏ.ਪੀ.ਏ. ਲਾਗੂ ਹੋਣ ਤੋਂ ਬਾਅਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ, ਜੋ ਪਹਿਲਾਂ ਹੀ ਐਨ.ਐਸ.ਏ. ਤਹਿਤ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਨ, ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸਾਬਕਾ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਹਰੀਨੌ ਦੀ ਪਿਛਲੇ (2024) ਸਾਲ 9 ਅਕਤੂਬਰ ਨੂੰ ਉਨ੍ਹਾਂ ਦੇ ਪਿੰਡ ’ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਾਰਿਸ ਪੰਜਾਬ ਸੰਸਥਾ ਦੇ ਮੁਖੀ ਅਦਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਸੰਸਥਾ ਦੀ ਕਮਾਨ ਸੰਭਾਲੀ ਸੀ, ਜਿਸ ਤੋਂ ਬਾਅਦ ਵਿੱਤ ਸਕੱਤਰ ਰਹੇ ਗੁਰਪ੍ਰੀਤ ਸਿੰਘ ਹਰੀਨੌ ਨੇ ਸੰਸਥਾ ਛੱਡ ਦਿਤੀ ਸੀ।
ਗੁਰਪ੍ਰੀਤ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵਿਚਾਲੇ ਸੰਗਠਨ ਦੀਆਂ ਗਤੀਵਿਧੀਆਂ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ ਅਤੇ ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਵਿਦੇਸ਼ ’ਚ ਬੈਠੇ ਅਰਸ਼ ਡੱਲਾ ਦੀ ਇਸ ਕਤਲ ਨੂੰ ਅੰਜਾਮ ਦੇਣ ’ਚ ਭੂਮਿਕਾ ਹੈ। ਇਸ ਤੋਂ ਬਾਅਦ ਪੁਲਿਸ ਨੇ ਉਕਤ ਕੇਸ ’ਚ ਅੰਮ੍ਰਿਤਪਾਲ ਸਿੰਘ ਅਤੇ ਅਰਸ਼ ਡੱਲਾ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ।
ਇਸ ਮਾਮਲੇ ’ਚ ਪੁਲਿਸ ਵਲੋਂ ਕਤਲ ਕੀਤੇ ਗਏ ਦੋਵੇਂ ਸ਼ੂਟਰਾਂ, ਰੇਕੀ ਕਰਨ ਵਾਲੇ 3 ਮੁਲਜ਼ਮਾਂ ਸਮੇਤ ਕੁੱਝ ਹੋਰ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਪੁਲਿਸ ਨੇ ਮਾਮਲੇ ਦੀ ਚਾਰਜਸ਼ੀਟ ਦਾਇਰ ਕਰਨ ਤੋਂ ਪਹਿਲਾਂ ਹੀ ਮਾਮਲੇ ’ਚ ਯੂ.ਏ.ਪੀ.ਏ. ਦੀ ਧਾਰਾ ਵੀ ਲਗਾ ਦਿਤੀ ਹੈ।