ਮਨੋਜ ਕੁਮਾਰ ਨਾ ਹੁੰਦੇ ਤਾਂ ਅਮਿਤਾਭ ਅੱਜ ਮਹਾਨਾਇਕ ਨਾ ਹੁੰਦੇ…ਸ਼ਾਹਰੁਖ ਨਾਲ ਵੀ ਇਸ ਗੱਲ ਤੋਂ ਹੋ ਗਏ ਸਨ ਨਾਰਾਜ਼

‘ਹੈ ਪ੍ਰੀਤ ਜਹਾਂ ਕੀ ਰੀਤ…’ ਸ਼ਾਇਦ ਹੀ ਕਿਸੇ ਨੇ ਇਹ ਗੀਤ ਨਾ ਸੁਣਿਆ ਹੋਵੇ। ਮਨੋਜ ਕੁਮਾਰ (Manoj Kumar) ਉਰਫ਼ ਭਰਤ ਕੁਮਾਰ ਨੂੰ ਕੌਣ ਨਹੀਂ ਜਾਣਦਾ ਜਿਨ੍ਹਾਂ ਨੇ ਦੇਸ਼ ਭਗਤੀ ਵਾਲੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ। ‘ਪੂਰਬ ਔਰ ਪੱਛਮ’, ‘ਰੋਟੀ, ਕਪੜਾ ਔਰ ਮਕਾਨ’ ਅਤੇ ‘ਕ੍ਰਾਂਤੀ’ ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇਣ ਵਾਲੇ ਉੱਘੇ ਅਦਾਕਾਰ ਮਨੋਜ ਕੁਮਾਰ (Manoj Kumar) ਦਾ 87 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਅੱਜ ਅਸੀਂ ਤੁਹਾਨੂੰ ਮਨੋਜ ਕੁਮਾਰ ਦੇ ਜੀਵਨ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਬਾਰੇ ਦੱਸਾਂਗੇ…
ਕੀ ਤੁਸੀਂ ਜਾਣਦੇ ਹੋ ਮਨੋਜ ਕੁਮਾਰ ਨੇ ਆਪਣਾ ਨਾਮ ਦਿਲੀਪ ਕੁਮਾਰ ਦੇ ਕਿਰਦਾਰ ਦੇ ਨਾਮ ‘ਤੇ ਰੱਖਿਆ ਸੀ
ਮਨੋਜ ਕੁਮਾਰ ਯਾਨੀ ਹਰੀ ਕਿਸ਼ਨ ਗਿਰੀ ਗੋਸਵਾਮੀ, ਜੀ ਹਾਂ, ਇਹ ਮਨੋਜ ਕੁਮਾਰ (Manoj Kumar) ਦਾ ਅਸਲੀ ਨਾਮ ਸੀ। ਬਿਨਾਂ ਦਿਲੀਪ ਕੁਮਾਰ ਦੇ ਜ਼ਿਕਰ ਦੇ ਮਨੋਜ ਕੁਮਾਰ (Manoj Kumar) ਦਾ ਪਰਿਚੈ ਅਧੂਰਾ ਰਹੇਗਾ। ਇਹ ਕਿੱਸਾ ਮਨੋਜ ਦੇ ਬਚਪਨ ਦਾ ਹੈ। ਸਕੂਲ ਪੜ੍ਹਦੇ ਸਮੇਂ, ਮਨੋਜ ਦਿਲੀਪ ਕੁਮਾਰ ਦੀ ਫਿਲਮ ‘ਸ਼ਬਨਮ’ ਦੇਖਣ ਗਏ ਅਤੇ ਉਸ ਫਿਲਮ ਦੇ ਕਿਰਦਾਰ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣਾ ਨਾਮ ਉਸੇ ਕਿਰਦਾਰ ਦੇ ਨਾਮ ‘ਤੇ ਮਨੋਜ ਕੁਮਾਰ ਰੱਖ ਲਿਆ।
ਜ਼ਿਆਦਾਤਰ ਫਿਲਮਾਂ ਵਿੱਚ ‘ਭਾਰਤ’ ਨਾਮ ਦਾ ਕਿਰਦਾਰ ਨਿਭਾਇਆ:ਇੱਕ ਸਮੇਂ ਜਦੋਂ ਲੋਕ ਇੱਕ ਅਦਾਕਾਰ ਨੂੰ ਰੋਮਾਂਟਿਕ ਭੂਮਿਕਾ ਵਿੱਚ ਦੇਖਣਾ ਪਸੰਦ ਕਰਦੇ ਸਨ, ਮਨੋਜ ਕੁਮਾਰ ਦੇਸ਼ ਭਗਤੀ ਵਾਲੀਆਂ ਫਿਲਮਾਂ ਵੱਲ ਮੁੜੇ। ਜ਼ਿਆਦਾਤਰ ਫਿਲਮਾਂ ਵਿੱਚ, ਉਨ੍ਹਾਂ ਦੇ ਕਿਰਦਾਰ ਦਾ ਨਾਮ ਭਾਰਤ ਸੀ, ਜਿਸ ਕਾਰਨ ਲੋਕ ਉਨ੍ਹਾਂ ਨੂੰ ‘ਭਾਰਤ ਕੁਮਾਰ’ ਵੀ ਕਹਿਣ ਲੱਗ ਪਏ। ਉਨ੍ਹਾਂ ਨੇ 1957 ਵਿੱਚ ਫਿਲਮ ‘ਫੈਸ਼ਨ’ ਨਾਲ ਇੱਕ ਅਦਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਮਨੋਜ ਕੁਮਾਰ (Manoj Kumar), ਜੋ ਹਿੰਦੀ ਸਿਨੇਮਾ ਵਿੱਚ ਭਾਰਤ ਕੁਮਾਰ ਦੇ ਨਾਮ ਨਾਲ ਮਸ਼ਹੂਰ ਸਨ, ਆਪਣੇ ਸਮੇਂ ਵਿੱਚ ਇੱਕ ਮਹਾਨ ਅਦਾਕਾਰ ਹੋਣ ਦੇ ਨਾਲ ਨਾਲ ਫਿਲਮ ਨਿਰਮਾਣ ਦਾ ਵੀ ਚੰਗਾ ਗਿਆਨ ਰੱਖਦੇ ਸਨ। ਮਨੋਜ ਕੁਮਾਰ ਵਿੱਚ ਦੇਸ਼ ਭਗਤੀ ਦਾ ਇੰਨਾ ਜਨੂੰਨ ਸੀ ਕਿ ਉਨ੍ਹਾਂ ਨੇ ਇਸਨੂੰ ਆਪਣੀਆਂ ਫਿਲਮਾਂ ਰਾਹੀਂ ਲੋਕਾਂ ਦੇ ਸਾਹਮਣੇ ਲਿਆਂਦਾ। ਮਨੋਜ ਕੁਮਾਰ (Manoj Kumar) ਨੇ ਦੇਸ਼ ਭਗਤੀ ਵਾਲੀਆਂ ਫਿਲਮਾਂ ਬਣਾ ਕੇ ਸਾਬਤ ਕਰ ਦਿੱਤਾ ਕਿ ਅਜਿਹੀਆਂ ਫਿਲਮਾਂ ਤੋਂ ਵੀ ਪੈਸਾ ਕਮਾਇਆ ਜਾ ਸਕਦਾ ਹੈ।
ਸ਼ਹੀਦ ਭਗਤ ਸਿੰਘ ਦੀ ਮਾਂ ਨੂੰ ਵੀ ਮਿਲਣ ਪਹੁੰਚੇ:ਫਿਲਮ ‘ਸ਼ਹੀਦ’ ਬਾਰੇ ਕਿਹਾ ਜਾਂਦਾ ਹੈ ਕਿ ਮਨੋਜ ਕੁਮਾਰ ਇਸ ਫਿਲਮ ਵਿੱਚ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਸਨ, ਇਸ ਫਿਲਮ ਲਈ ਮਨੋਜ ਸ਼ਹੀਦ ਭਗਤ ਸਿੰਘ ਦੀ ਮਾਂ ਨੂੰ ਮਿਲਣ ਵੀ ਗਏ ਸਨ। ਸਾਰੀ ਜ਼ਰੂਰੀ ਜਾਣਕਾਰੀ ਤੋਂ ਬਾਅਦ, ਜਦੋਂ ਮਨੋਜ ਕੁਮਾਰ ਨੇ ਇਸ ਵਿੱਚ ਕੰਮ ਕੀਤਾ ਅਤੇ ਫਿਲਮ ਰਿਲੀਜ਼ ਹੋਈ, ਤਾਂ 1965 ਦੀ ਸ਼ਹੀਦ ਬਾਕਸ ਆਫਿਸ ‘ਤੇ ਹਿੱਟ ਹੋ ਗਈ। ਲੋਕਾਂ ਨੂੰ ਮਨੋਜ ਕੁਮਾਰ (Manoj Kumar) ਦੀ ਅਦਾਕਾਰੀ ਬਹੁਤ ਪਸੰਦ ਆਈ, ਇਸ ਤੋਂ ਬਾਅਦ ਮਨੋਜ ਕੁਮਾਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇੱਥੋਂ ਤੱਕ ਕਿ ਫਿਲਮ ਸ਼ਹੀਦ ਦਾ ਗੀਤ ਵੀ ਮਨੋਜ ਕੁਮਾਰ ਦੇ ਕਹਿਣ ‘ਤੇ ਗੀਤਕਾਰ ਪ੍ਰੇਮ ਧਵਨ ਨੇ ਲਿਖਿਆ ਸੀ।
ਅਮਿਤਾਭ ਨੂੰ ਘਰ ਵਾਪਸ ਜਾਣ ਤੋਂ ਰੋਕਿਆ, ਦਿੱਤਾ ਇਹ ਕਿਰਦਾਰ
ਜਦੋਂ ਅਮਿਤਾਭ ਬੱਚਨ ਆਪਣੀਆਂ ਲਗਾਤਾਰ ਫਲਾਪ ਫਿਲਮਾਂ ਤੋਂ ਪਰੇਸ਼ਾਨ ਹੋ ਕੇ ਮੁੰਬਈ ਛੱਡ ਕੇ ਦਿੱਲੀ ਆਪਣੇ ਮਾਪਿਆਂ ਕੋਲ ਵਾਪਸ ਜਾ ਰਹੇ ਸਨ, ਤਾਂ ਮਨੋਜ ਕੁਮਾਰ ਨੇ ਹੀ ਅਮਿਤਾਭ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਆਪਣੀ ਫਿਲਮ ‘ਰੋਟੀ, ਕੱਪੜਾ ਔਰ ਮਕਾਨ’ ਵਿੱਚ ਮੌਕਾ ਦਿੱਤਾ। ਮਨੋਜ ਕੁਮਾਰ, ਜਿਨ੍ਹਾਂ ਨੇ ਕਹਾਣੀਕਾਰ ਵਜੋਂ ਸਿਰਫ਼ 11 ਰੁਪਏ ਲਏ ਸਨ, ਨੂੰ ਫਿਲਮਾਂ ਵਿੱਚ ਸ਼ਾਨਦਾਰ ਅਦਾਕਾਰੀ ਲਈ ਦਾਦਾ ਸਾਹਿਬ ਫਾਲਕੇ, ਪਦਮਸ਼੍ਰੀ, ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਸ਼ਾਹਰੁਖ ਨਾਲ ਇਸ ਗੱਲ ਕਰਕੇ ਗੁੱਸਾ ਹੋ ਗਏ ਸਨ ਮਨੋਜ ਕੁਮਾਰ
ਮਨੋਜ ਕੁਮਾਰ ਸ਼ਾਹਰੁਖ ਖਾਨ ਨਾਲ ਉਦੋਂ ਨਾਰਾਜ਼ ਹੋ ਗਏ ਜਦੋਂ ਸ਼ਾਹਰੁਖ ਨੇ ਆਪਣੀ ਫਿਲਮ ‘ਓਮ ਸ਼ਾਂਤੀ ਓਮ’ ਵਿੱਚ ਮਨੋਜ ਕੁਮਾਰ ਦੀ ਨਕਲ ਦਾ ਇੱਕ ਦ੍ਰਿਸ਼ ਸ਼ਾਮਲ ਕੀਤਾ। ਹਾਲਾਂਕਿ, ਬਾਅਦ ਵਿੱਚ ਸ਼ਾਹਰੁਖ ਨੇ ਉਨ੍ਹਾਂ ਤੋਂ ਮੁਆਫੀ ਮੰਗੀ ਅਤੇ ਮਨੋਜ ਕੁਮਾਰ ਨੇ ਵੀ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਸੀ।