ਨੋ-ਬਾਲ ਵਿਵਾਦ ‘ਤੇ ਸਾਲਾਂ ਬਾਅਦ MS Dhoni ਨੇ ਤੋੜੀ ਚੁੱਪੀ, ਕਿਹਾ- ਗੁੱਸੇ ‘ਚ ਮੈਦਾਨ ‘ਤੇ ਜਾਣਾ ਮੇਰੀ ਗਲਤੀ…
ਸਾਬਕਾ ਭਾਰਤੀ ਕਪਤਾਨ MS Dhoni ਨੇ ਆਈਪੀਐਲ 2019 ਦੀ ਉਸ ਘਟਨਾ ਨੂੰ ਯਾਦ ਕੀਤਾ ਜਦੋਂ ਉਹ ਆਪਣਾ ਆਪਾ ਗੁਆ ਬੈਠੇ ਸੀ ਅਤੇ ਇੱਕ ਵਿਵਾਦਪੂਰਨ ਨੋ-ਬਾਲ ਫੈਸਲੇ ‘ਤੇ ਅੰਪਾਇਰਾਂ ਨਾਲ ਬਹਿਸ ਕਰਨ ਲਈ ਮੈਦਾਨ ‘ਤੇ ਚਲੇ ਗਏ ਸੀ। ਇਹ ਘਟਨਾ 11 ਅਪ੍ਰੈਲ, 2019 ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਖੇਡੇ ਗਏ ਮੈਚ ਦੇ ਆਖਰੀ ਓਵਰ ਵਿੱਚ ਵਾਪਰੀ। ਚੇਨਈ ਸੁਪਰ ਕਿੰਗਜ਼ ਨੂੰ 3 ਗੇਂਦਾਂ ‘ਤੇ 8 ਦੌੜਾਂ ਦੀ ਲੋੜ ਸੀ ਜਦੋਂ ਬੇਨ ਸਟੋਕਸ ਨੇ ਨੋ-ਬਾਲ ਸੁੱਟੀ।
ਅੰਪਾਇਰ ਨੇ ਪਹਿਲਾਂ ਇਸ ਨੂੰ ਨੋ-ਬਾਲ ਘੋਸ਼ਿਤ ਕੀਤਾ, ਪਰ ਬਾਅਦ ਵਿੱਚ ਆਪਣਾ ਫੈਸਲਾ ਬਦਲ ਦਿੱਤਾ। ਜਿਸ ਕਾਰਨ ਧੋਨੀ ਗੁੱਸੇ ਵਿੱਚ ਆ ਗਏ ਅਤੇ ਮੈਦਾਨ ਵਿੱਚ ਜਾ ਕੇ ਅੰਪਾਇਰਾਂ ਨਾਲ ਬਹਿਸ ਕਰਨ ਲੱਗ ਪਏ। ਇਸ ਹੈਰਾਨ ਕਰਨ ਵਾਲੇ ਵਿਵਹਾਰ ਕਾਰਨ, ਧੋਨੀ ਨੂੰ ਆਪਣੀ ਮੈਚ ਫੀਸ ਦਾ 50% ਜੁਰਮਾਨਾ ਲਗਾਇਆ ਗਿਆ।
ਹਾਲ ਹੀ ਵਿੱਚ ਇੱਕ ਪ੍ਰੋਗਰਾਮ ਦੌਰਾਨ, ਇਸ ਘਟਨਾ ਨੂੰ ਯਾਦ ਕਰਦੇ ਹੋਏ, ਜਦੋਂ ਮੰਦਿਰਾ ਬੇਦੀ ਨੇ MS Dhoni ਨੂੰ ਪੁੱਛਿਆ, ‘ਕੀ ਤੁਹਾਨੂੰ ਕਦੇ ਬਹੁਤ ਜ਼ਿਆਦਾ ਗੁੱਸਾ ਆਇਆ ਹੈ?’ ਧੋਨੀ ਦਾ ਜਵਾਬ ਸੀ, ‘ਕਈ ਵਾਰ। ਇਹ ਇੱਕ ਵਾਰ ਆਈਪੀਐਲ ਮੈਚ ਦੌਰਾਨ ਹੋਇਆ ਹੈ। ਮੇਰੇ ਲਈ ਗਰਾਊਂਡ ‘ਤੇ ਜਾਣਾ ਬਹੁਤ ਵੱਡੀ ਗਲਤੀ ਸੀ। ਪਰ ਇਸ ਤੋਂ ਇਲਾਵਾ, ਕਈ ਵਾਰ ਚੀਜ਼ਾਂ ਆਪੇ ਤੋਂ ਬਾਹਰ ਹੋ ਜਾਂਦੀਆਂ ਹਨ ਕਿਉਂਕਿ ਅਸੀਂ ਇੱਕ ਅਜਿਹੀ ਖੇਡ ਖੇਡਦੇ ਹਾਂ ਜਿੱਥੇ ਬਹੁਤ ਕੁਝ ਦਾਅ ‘ਤੇ ਲੱਗਿਆ ਹੁੰਦਾ ਹੈ। ਤੁਹਾਨੂੰ ਹਰ ਮੈਚ ਜਿੱਤਣਾ ਹੁੰਦਾ ਹੈ।’
MS Dhoni ਨੇ ਆਪਣੀ ਕਪਤਾਨੀ ਵਿੱਚ ਸੀਐਸਕੇ ਨੂੰ ਪੰਜ ਆਈਪੀਐਲ ਖਿਤਾਬ ਦਿਵਾਏ ਹਨ। ਉਹ ਆਈਪੀਐਲ ਦੇ ਆਉਣ ਵਾਲੇ 18ਵੇਂ ਐਡੀਸ਼ਨ ਵਿੱਚ ਵੀ ਨਜ਼ਰ ਆਉਣਗੇ। ਉਨ੍ਹਾਂ ਨੂੰ ਆਈਪੀਐਲ 2025 ਦੀ ਮੈਗਾ ਨਿਲਾਮੀ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ 4 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਸੀ। ਆਈਪੀਐਲ 2025 ਵਿੱਚ ਸੀਐਸਕੇ ਦਾ ਪਹਿਲਾ ਮੈਚ ਐਤਵਾਰ (23 ਮਾਰਚ) ਨੂੰ ਆਪਣੇ ਕੱਟੜ ਵਿਰੋਧੀ ਮੁੰਬਈ ਇੰਡੀਅਨਜ਼ ਵਿਰੁੱਧ ਹੋਵੇਗਾ। ਟੂਰਨਾਮੈਂਟ ਦੇ ਇਤਿਹਾਸ ਦੀਆਂ ਦੋ ਸਭ ਤੋਂ ਸਫਲ ਟੀਮਾਂ ਵਿਚਕਾਰ ਇਹ ਹਾਈ-ਵੋਲਟੇਜ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਧੋਨੀ ਰੈਨਾ ਦਾ ਰਿਕਾਰਡ ਤੋੜ ਦੇਣਗੇ: ਆਉਣ ਵਾਲੇ ਆਈਪੀਐਲ ਸੀਜ਼ਨ ਵਿੱਚ, ਧੋਨੀ ਕੋਲ ਸੁਰੇਸ਼ ਰੈਨਾ ਦੇ ਦੌੜਾਂ ਦੇ ਰਿਕਾਰਡ ਨੂੰ ਤੋੜਨ ਦਾ ਮੌਕਾ ਹੋਵੇਗਾ। ਸੁਰੇਸ਼ ਰੈਨਾ ਨੇ ਆਈਪੀਐਲ ਵਿੱਚ 4687 ਦੌੜਾਂ ਬਣਾਈਆਂ ਹਨ ਜੋ ਕਿ ਕਿਸੇ ਵੀ ਸੀਐਸਕੇ ਖਿਡਾਰੀ ਦੁਆਰਾ ਸਭ ਤੋਂ ਵੱਧ ਦੌੜਾਂ ਹਨ। ਧੋਨੀ ਨੇ ਸੀਐਸਕੇ ਲਈ 234 ਆਈਪੀਐਲ ਮੈਚਾਂ ਵਿੱਚ 4669 ਦੌੜਾਂ ਬਣਾਈਆਂ ਹਨ ਅਤੇ ਉਸ ਨੂੰ ਰੈਨਾ ਦੇ ਅੰਕੜੇ ਨੂੰ ਪਾਰ ਕਰਨ ਲਈ 18 ਹੋਰ ਦੌੜਾਂ ਦੀ ਲੋੜ ਹੈ।