ਕੀ ਦੁੱਧ ਪੀਣ ਨਾਲ ਆ ਸਕਦੈ ਹਾਰਟ ਅਟੈਕ? ਰਿਸਰਚ ‘ਚ ਹੋਇਆ ਵੱਡਾ ਖੁਲਾਸਾ
Heart Attack Causes: ਦੁੱਧ ਤੋਂ ਬਣੇ ਪਦਾਰਥ ਮੁੱਖ ਤੌਰ ‘ਤੇ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਇਹ ਕੈਲਸ਼ੀਅਮ ਪ੍ਰਦਾਨ ਕਰਦੇ ਹਨ, ਜੋ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਅਜੋਕੇ ਸਮੇਂ ਵਿੱਚ ਦਿਲ ਦੀਆਂ ਬਿਮਾਰੀਆਂ ਵਿੱਚ ਕਾਫੀ ਵਾਧਾ ਹੋਇਆ ਹੈ।
ਹਾਲਾਂਕਿ ਇਹ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਨਾਲ ਜੁੜੀ ਬਿਮਾਰੀ ਹੈ, ਪਰ ਖਾਣ-ਪੀਣ ਦੀਆਂ ਕੁਝ ਆਦਤਾਂ ਵੀ ਇਸ ਦੇ ਹੋਣ ਦਾ ਖ਼ਤਰਾ ਵਧਾ ਸਕਦੀਆਂ ਹਨ। ਪਰ ਕੀ ਦੁੱਧ ਪੀਣ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ? ਇਹ ਥੋੜਾ ਅਜੀਬ ਲੱਗ ਸਕਦਾ ਹੈ, ਪਰ ਇੱਕ ਖੋਜ ਅਜਿਹਾ ਦਾਅਵਾ ਕਰਦੀ ਹੈ। ਦਰਅਸਲ, ਬ੍ਰਿਟੇਨ ਵਿੱਚ ਕੀਤੀ ਗਈ ਇੱਕ ਖੋਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੁੱਧ ਪੀਣ ਨਾਲ ਕੁਝ ਲੋਕਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਸਕਦਾ ਹੈ। ਆਓ ਜਾਣਦੇ ਹਾਂ ਨਵੀਂ ਖੋਜ ਵਿੱਚ ਕੀ ਪਾਇਆ ਗਿਆ।
ਖੋਜ ਕੀ ਕਹਿੰਦੀ ਹੈ?
ਖੋਜ ਵਿਚ ਵਿਗਿਆਨੀਆਂ ਨੇ ਪਾਇਆ ਕਿ ਦੁੱਧ, ਜੋ ਕਿ ਲੈਕਟੋਜ਼ ਦਾ ਸਰੋਤ ਹੈ, ਸਾਡੇ ਦਿਲ ਲਈ ਨੁਕਸਾਨਦੇਹ ਹੋ ਸਕਦਾ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਘੱਟ ਫੈਟ ਵਾਲਾ ਦੁੱਧ ਪੀਣ ਨਾਲ ਵੀ ਦਿਲ ਦਾ ਦੌਰਾ ਪੈ ਸਕਦਾ ਹੈ। ਹਾਲਾਂਕਿ, ਇਹ ਖੋਜ ਦੁੱਧ ਜਾਂ ਦੁੱਧ ਤੋਂ ਬਣੇ ਉਤਪਾਦਾਂ ਦੀ ਖਪਤ ਨੂੰ ਰੋਕਣ ਬਾਰੇ ਕੋਈ ਪੁਸ਼ਟੀ ਨਹੀਂ ਕਰਦੀ ਹੈ। ਦ ਸਨ ਯੂਕੇ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਇਹ ਦਿਲ ਦੇ ਰੋਗੀਆਂ ਅਤੇ ਉਨ੍ਹਾਂ ਲੋਕਾਂ ਨੂੰ ਜੋ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਕੰਟਰੋਲ ਜਾਂ ਸ਼ੂਗਰ ਵਰਗੀਆਂ ਹੋਰ ਸਮੱਸਿਆਵਾਂ ਤੋਂ ਪੀੜਤ ਹਨ, ਨੂੰ ਦੁੱਧ ਦੇ ਸੇਵਨ ਬਾਰੇ ਜਾਗਰੂਕਤਾ ਪ੍ਰਦਾਨ ਕਰਦਾ ਹੈ, ਕਿਉਂਕਿ ਸਿਹਤਮੰਦ ਰਹਿਣ ਲਈ ਇਨ੍ਹਾਂ ਚੀਜ਼ਾਂ ਦਾ ਸੇਵਨ ਜ਼ਰੂਰੀ ਵੀ ਹੈ, ਪਰ ਕਿਸੇ ਵੀ ਖਾਣ ਵਾਲੀ ਚੀਜ਼ ਦਾ ਜ਼ਿਆਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ। ਰਿਪੋਰਟ ਮੁਤਾਬਕ ਦੁੱਧ ਨਾਲ ਹੋਣ ਵਾਲੇ ਹਾਰਟ ਅਟੈਕ ਦਾ ਖਤਰਾ ਔਰਤਾਂ ਨੂੰ ਜ਼ਿਆਦਾ ਹੁੰਦਾ ਹੈ ਕਿਉਂਕਿ ਦੁੱਧ ਤੋਂ ਸਰੀਰ ਨੂੰ ਜੋ ਚਰਬੀ ਮਿਲਦੀ ਹੈ, ਉਹ ਔਰਤਾਂ ਦੇ ਦਿਲ ਦੀਆਂ ਧਮਨੀਆਂ ‘ਚ ਆਸਾਨੀ ਨਾਲ ਜਮ੍ਹਾ ਹੋ ਜਾਂਦੀ ਹੈ, ਕਿਉਂਕਿ ਔਰਤਾਂ ਮਰਦਾਂ ਦੇ ਮੁਕਾਬਲੇ ਘੱਟ ਐਕਟਿਵ ਜਾਂ ਕਸਰਤ ਕਰਦੀਆਂ ਹਨ।ਅਜਿਹੀ ਸਥਿਤੀ ਵਿੱਚ, ਧਮਨੀਆਂ ਵਿੱਚ ਰੁਕਾਵਟ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੀ ਹੈ।
ਖੋਜ ਵਿੱਚ ਹੋਰ ਕੀ ਪਾਇਆ ਗਿਆ?
ਰਿਸਰਚ ਵਿਚ ਸਾਹਮਣੇ ਆਇਆ ਮਰਦਾਂ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਘੱਟ ਹੁੰਦਾ ਹੈ ਕਿਉਂਕਿ ਉਹ ਸ਼ੂਗਰ ਤੋਂ ਹੋਣ ਵਾਲੇ ਨੁਕਸਾਨ ਤੋਂ ਘੱਟ ਪ੍ਰਭਾਵਿਤ ਹੁੰਦੇ ਹਨ ਅਤੇ ਮਰਦ ਸ਼ੂਗਰ ਨੂੰ ਆਸਾਨੀ ਨਾਲ ਹਜ਼ਮ ਕਰ ਲੈਂਦੇ ਹਨ। ਇਸ ਲਈ, ਉਨ੍ਹਾਂ ਨੂੰ ਦੁੱਧ ਜਾਂ ਲੈਕਟੋਜ਼ ਵਾਲੇ ਉਤਪਾਦਾਂ ਦੇ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ। ਰਿਪੋਰਟ ਮੁਤਾਬਕ ਇਹ ਰਿਸਰਚ ਕਰੀਬ 10 ਲੱਖ ਲੋਕਾਂ ‘ਤੇ ਕੀਤੀ ਗਈ, ਜਿਸ ‘ਚ ਜ਼ਿਆਦਾਤਰ ਲੋਕਾਂ ‘ਚ ਅਜਿਹੇ ਉਤਪਾਦਾਂ ਤੋਂ ਪੈਦਾ ਹੋਣ ਵਾਲੀ ਖਰਾਬ ਫੈਟ ਦੀ ਮਾਤਰਾ ਜ਼ਿਆਦਾ ਪਾਈ ਗਈ। ਖੋਜ ਵਿੱਚ ਕਿਹਾ ਗਿਆ ਹੈ ਕਿ 600 ਮਿਲੀਲੀਟਰ ਦੁੱਧ ਪੀਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ 12% ਵੱਧ ਸਕਦਾ ਹੈ, ਜਦੋਂ ਕਿ ਜੇਕਰ ਪਹਿਲਾਂ ਤੋਂ ਹੀ ਬਿਮਾਰ ਵਿਅਕਤੀ ਹਰ ਰੋਜ਼ 800 ਮਿਲੀਲੀਟਰ ਦੁੱਧ ਪੀਂਦਾ ਹੈ, ਤਾਂ ਉਸ ਨੂੰ ਦਿਲ ਦੇ ਦੌਰੇ ਦਾ ਖ਼ਤਰਾ 21% ਵੱਧ ਜਾਂਦਾ ਹੈ।
ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾਉਣ ਦੇ ਤਰੀਕੇ
1. ਘੱਟ ਤੋਂ ਘੱਟ ਚਰਬੀ ਵਾਲਾ ਭੋਜਨ ਖਾਓ।
2. ਸਕਿਮਡ ਦੁੱਧ ਜਾਂ ਘੱਟ ਫੈਟ ਵਾਲਾ ਦੁੱਧ ਪੀ ਸਕਦੇ ਹੋ।
3. ਪੌਦੇ ਆਧਾਰਿਤ ਭੋਜਨਾਂ ਦਾ ਜ਼ਿਆਦਾ ਸੇਵਨ ਕਰੋ।
4. ਰੋਜ਼ਾਨਾ ਕਸਰਤ ਕਰੋ।
5. ਸਿਗਰਟਨੋਸ਼ੀ ਅਤੇ ਸ਼ਰਾਬ ਦੇ ਸੇਵਨ ਤੋਂ ਬਚੋ।
ਬੇਦਾਅਵਾ: ਉੱਪਰ ਦਿੱਤੀ ਜਾਣਕਾਰੀ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਮਾਹਰਾਂ ਦੀ ਸਲਾਹ ਲਓ। ਨਿਊਜ਼ 18 ਪੰਜਾਬ ਵੱਲੋਂ ਇਸ ਸਬੰਧੀ ਕੋਈ ਦਾਅਵਾ ਨਹੀਂ ਕੀਤਾ ਜਾ ਰਿਹਾ ਹੈ।