PUNJAB: ਅੱਜ ਤੋਂ ਮੁੜ ਬਦਲਿਆ ਸਕੂਲਾਂ ਦਾ ਸਮਾਂ…ਸਾਰੇ ਸਰਕਾਰੀ, ਪ੍ਰਾਈਵੇਟ ਤੇ ਹੋਰ ਸਕੂਲ ਹੁਣ ਨਵੇਂ ਸਮੇਂ ‘ਤੇ ਖੁੱਲਣਗੇ

ਵਧਦੀ ਠੰਢ ਦੇ ਮੱਦੇਨਜ਼ਰ ਪੰਜਾਬ ਸਰਕਾਰ (Punjab Govt) ਨੇ ਸਕੂਲਾਂ ਦੇ ਸਮੇਂ ‘ਚ ਮੁੜ ਬਦਲਾਅ ਕੀਤਾ ਹੈ। ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਨਵੰਬਰ ਤੋਂ ਬਦਲ ਗਿਆ ਹੈ। ਸਕੂਲ ਸਵੇਰੇ 9 ਵਜੇ ਸ਼ੁਰੂ ਹੋਣਗੇ ਤੇ ਦੁਪਹਿਰ 3 ਵਜੇ ਛੁੱਟੀ ਹੋਵੇਗੀ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਭਰ ‘ਚ 19 ਹਜ਼ਾਰ ਤੋਂ ਵੱਧ ਸਕੂਲ ਹਨ ਜਿਨ੍ਹਾਂ ‘ਤੇ ਉਪਰੋਕਤ ਹੁਕਮ ਲਾਗੂ ਹੋਣਗੇ।
ਇਹ ਹੁਕਮ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ‘ਤੇ ਲਾਗੂ ਹੋਵੇਗਾ। ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਵਿਦਿਆਰਥੀਆਂ ਨੂੰ ਠੰਢ ਤੋਂ ਬਚਾਉਣ ਅਤੇ ਸਵੇਰੇ ਜਲਦੀ ਉੱਠਣ ਦੇ ਦਬਾਅ ਤੋਂ ਮੁਕਤ ਕਰਨ ਲਈ ਇਹ ਤਬਦੀਲੀ ਕੀਤੀ ਗਈ ਹੈ।
ਪੰਜਾਬ ਵਿੱਚ ਸਕੂਲਾਂ ਦਾ ਸਮਾਂ ਹਰ ਸਾਲ ਤਿੰਨ ਵਾਰ ਬਦਲਿਆ ਜਾਂਦਾ ਹੈ। 1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਬਾਅਦ 1 ਅਕਤੂਬਰ ਤੋਂ 31 ਅਕਤੂਬਰ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਤੋਂ 2:30 ਵਜੇ ਤੱਕ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8:30 ਤੋਂ ਦੁਪਹਿਰ 2:50 ਵਜੇ ਤੱਕ ਹੋਵੇਗਾ।
1 ਨਵੰਬਰ ਤੋਂ 28 ਫਰਵਰੀ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਹੋਵੇਗਾ। ਇਹ ਬਦਲਾਅ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸੁਵਿਧਾਜਨਕ ਵਿਦਿਅਕ ਮਾਹੌਲ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।
- First Published :