ਜਨਮ ਦਿਨ ਤੋਂ 4 ਦਿਨ ਪਹਿਲਾਂ ਮਸ਼ਹੂਰ ਅਦਾਕਾਰ ਦੀ ਮੌਤ, ਕਈ ਰਿਐਲਿਟੀ ਸ਼ੋਅ ਦਾ ਹਿੱਸਾ ਰਹਿ ਚੁਕਿਆ ਸੀ ਨਿਤਿਨ

ਨਵੀਂ ਦਿੱਲੀ। ਟੀਵੀ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ‘ਸਪਲਿਟਸਵਿਲਾ 5’, ‘ਕ੍ਰਾਈਮ ਪੈਟਰੋਲ’ ਅਤੇ ‘ਫ੍ਰੈਂਡਜ਼’ ਵਰਗੇ ਸ਼ੋਅਜ਼ ‘ਚ ਨਜ਼ਰ ਆਏ ਟੀਵੀ ਐਕਟਰ ਨਿਤਿਨ ਚੌਹਾਨ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਵੀਰਵਾਰ ਨੂੰ ਮੁੰਬਈ ‘ਚ ਆਖਰੀ ਸਾਹ ਲਿਆ। ਉਹ ਸਿਰਫ਼ 35 ਸਾਲਾਂ ਦੇ ਸੀ। ਨਿਤਿਨ ਦੇ ਦਿਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪੂਰੀ ਟੀਵੀ ਇੰਡਸਟਰੀ ਸੋਗ ਦੀ ਲਹਿਰ ਹੈ।
ਨਿਤਿਨ ਨੇ ਮਹਿਜ਼ 35 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਹ ਯੂਪੀ ਦੇ ਅਲੀਗੜ੍ਹ ਦਾ ਰਹਿਣ ਵਾਲਾ ਸੀ। ‘ਦਾਦਾਗਿਰੀ 2’ ਜਿੱਤਣ ਤੋਂ ਬਾਅਦ ਨਿਤਿਨ ਨੂੰ ਵੱਡੀ ਪਛਾਣ ਮਿਲੀ। ਅਦਾਕਾਰ ਦੇ ਅਚਾਨਕ ਦਿਹਾਂਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਕੋ-ਸਟਾਰ ਵਿਭੂਤੀ ਠਾਕੁਰ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।
ਸਾਥੀ ਕਲਾਕਾਰਾਂ ਨੇ ਮੌਤ ਦੀ ਪੁਸ਼ਟੀ ਕੀਤੀ ਹੈ
ਸਾਲ 2022 ਵਿੱਚ, ਨਿਤਿਨ ਨੂੰ ਆਖਰੀ ਵਾਰ ਸਬ ਟੀਵੀ ਦੇ ਸ਼ੋਅ ‘ਤੇਰੇ ਯਾਰ ਹੂੰ ਮੈਂ’ ਵਿੱਚ ਦੇਖਿਆ ਗਿਆ ਸੀ। ਸ਼ੋਅ ਦੇ ਉਨ੍ਹਾਂ ਦੇ ਸਹਿ ਕਲਾਕਾਰ ਸੁਦੀਪ ਸਾਹਿਰ ਅਤੇ ਸਯੰਤਾਨੀ ਘੋਸ਼ ਨੇ ਉਨ੍ਹਾਂ ਦੇ ਦੇਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੀ ਕੋ-ਸਟਾਰ ਵਿਭੂਤੀ ਠਾਕੁਰ ਦੀ ਪੋਸਟ ਮੁਤਾਬਕ ਨਿਤਿਨ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ।
‘ਕਾਸ਼ ਤੁਸੀਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ…’
ਵਿਭੂਤੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਨਿਤਿਨ ਦੇ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ‘ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ… ਮੈਂ ਸੱਚਮੁੱਚ ਹੈਰਾਨ ਅਤੇ ਦੁਖੀ ਹਾਂ, ਕਾਸ਼ ਤੁਹਾਨੂੰ ਇੰਨੀ ਤਾਕਤ ਮਿਲਦੀ ਕਿ ਤੁਸੀਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ… ਕਾਸ਼ ਤੁਸੀਂ ਮਾਨਸਿਕ ਤੌਰ ‘ਤੇ ਮਜ਼ਬੂਤ ਹੁੰਦੇ – ਤੁਹਾਡੇ ਸਰੀਰ ਵਾਂਗ।
ਪਰਿਵਾਰ ਅਤੇ ਪੁਲਿਸ ਨੇ ਕੋਈ ਬਿਆਨ ਨਹੀਂ ਦਿੱਤਾ
ਜਾਣਕਾਰੀ ਮੁਤਾਬਕ ਨਿਤਿਨ ਦੇ ਪਿਤਾ ਆਪਣੇ ਬੇਟੇ ਦੀ ਮ੍ਰਿਤਕ ਦੇਹ ਨੂੰ ਲੈਣ ਲਈ ਮੁੰਬਈ ਪਹੁੰਚ ਗਏ ਹਨ। ਲਾਸ਼ ਨੂੰ ਅਲੀਗੜ੍ਹ ਲਿਆਂਦਾ ਜਾਵੇਗਾ, ਜਿੱਥੇ ਅਦਾਕਾਰ ਦਾ ਸਸਕਾਰ ਕੀਤਾ ਜਾਵੇਗਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਨਿਤਿਨ ਦੇ ਪਰਿਵਾਰ ਜਾਂ ਪੁਲਿਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।