ਆਪਣੇ ਬੈਟ ਕਰਕੇ ਚਰਚਾ/ਵਿਵਾਦਾਂ ‘ਚ ਰਹੇ ਇਹ ਖਿਡਾਰੀ, ਇੱਕ ਨੇ ਤਾਂ ਵਰਤਿਆ ਸੀ ਮੈਟਲ ਦਾ ਬੈਟ

ਕ੍ਰਿਕਟ ਖੇਡ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਵਰਤੇ ਜਾਣ ਵਾਲੇ ਬੱਲੇ ਨੂੰ ਲੈ ਕੇ ਕਈ ਵਾਰ ਵਿਵਾਦ ਪੈਦਾ ਹੋ ਚੁੱਕੇ ਹਨ। ਸ਼ੁਰੂ ਵਿੱਚ ਕ੍ਰਿਕਟ ਬੱਲੇ ਦੇ ਆਕਾਰ ਬਾਰੇ ਕੋਈ ਲਿਖਤੀ ਨਿਯਮ ਨਹੀਂ ਸਨ। 1771 ਵਿੱਚ ਇੱਕ ਕ੍ਰਿਕਟ ਮੈਚ ਦੌਰਾਨ, ਇੱਕ ਖਿਡਾਰੀ ਬੱਲਾ ਇੰਨਾ ਚੌੜਾ ਲੈ ਕੇ ਬੱਲੇਬਾਜ਼ੀ ਕਰਨ ਆਇਆ ਕਿ ਇਸ ਨੇ ਤਿੰਨੋਂ ਸਟੰਪ ਢੱਕ ਲਏ। ਅਜਿਹੇ ‘ਚ ਵਿਵਾਦ ਹੋਣਾ ਤੈਅ ਸੀ। ਵਿਰੋਧੀ ਟੀਮ ਵੱਲੋਂ ਇਤਰਾਜ਼ ਉਠਾਏ ਜਾਣ ਤੋਂ ਬਾਅਦ ਬੱਲੇ ਦਾ ਆਕਾਰ (ਲੰਬਾਈ, ਚੌੜਾਈ ਅਤੇ ਮੋਟਾਈ) ਤੈਅ ਕਰਨ ਦੀ ਲੋੜ ਮਹਿਸੂਸ ਕੀਤੀ ਗਈ। ਬੱਲੇ ਦਾ ਆਕਾਰ ਤੈਅ ਕੀਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਨਿਯਮਾਂ ਵਿੱਚ ਅਜਿਹਾ ਕੋਈ ਜ਼ਿਕਰ ਨਹੀਂ ਸੀ ਕਿ ਬੱਲਾ ਸਿਰਫ਼ ਲੱਕੜ ਦਾ ਹੀ ਹੋਣਾ ਚਾਹੀਦਾ ਹੈ। ਅਜਿਹੇ ‘ਚ ਜਦੋਂ ਇਕ ਖਿਡਾਰੀ ਐਲੂਮੀਨੀਅਮ ਦਾ ਬੱਲਾ ਲੈ ਕੇ ਮੈਦਾਨ ‘ਚ ਪਹੁੰਚਿਆ ਤਾਂ ਫਿਰ ਬਹਿਸ ਛਿੜ ਗਈ, ਆਖਿਰਕਾਰ ਕ੍ਰਿਕਟ ਦੇ ਨਿਯਮ ਬਣਾਉਣ ਵਾਲੀ ਬਾਡੀ ਨੂੰ ਬੱਲੇ ਦੇ ਆਕਾਰ ਦੇ ਨਾਲ-ਨਾਲ ਇਹ ਵੀ ਦੱਸਣਾ ਪਿਆ ਕਿ ਬੱਲਾ ਲੱਕੜ ਦਾ ਹੋਣਾ ਚਾਹੀਦਾ ਹੈ। ਕਿਸੇ ਵੀ ਹਾਲਾਤ ਵਿੱਚ ਕਿਸੇ ਹੋਰ ਧਾਤ ਦੇ ਬੱਲੇ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ।
ਆਓ ਇੱਕ ਨਜ਼ਰ ਮਾਰੀਏ ਕ੍ਰਿਕਟਰਾਂ ਦੀਆਂ ਬੱਲੇ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ‘ਤੇ ਜਿਨ੍ਹਾਂ ਨੇ ਸੁਰਖੀਆਂ ਬਟੋਰੀਆਂ:
ਲਿਲੀ ਦੇ ਐਲੂਮੀਨੀਅਮ ਦੇ ਬੱਲੇ ਕਾਰਨ ਗੇਂਦ ਹੋ ਗਈ ਸੀ ਖਰਾਬ
ਆਸਟ੍ਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਡੇਨਿਸ ਲਿਲੀ ਇੱਕ ਐਗ੍ਰੈਸਿਵ ਖਡਾਰੀ ਰਹੇ ਹਨ। ਕਦੇ ਉਹ ਪਾਕਿਸਤਾਨ ਦੇ ਜਾਵੇਦ ਮਿਆਂਦਾਦ ਨਾਲ ਮੈਦਾਨ ‘ਤੇ ਲੜਾਈ ਅਤੇ ਕਦੇ ਮੈਟਲ ਦੇ ਬੱਲੇ ਦੀ ਵਰਤੋਂ ਨੂੰ ਲੈ ਕੇ ਵਿਵਾਦਾਂ ‘ਚ ਰਹੇ। ਦਸੰਬਰ 1979 ਵਿਚ, ਇੰਗਲੈਂਡ ਦੇ ਖਿਲਾਫ ਐਸ਼ੇਜ਼ ਦੌਰਾਨ, ਉਹ ਐਲੂਮੀਨੀਅਮ ਦੇ ਬੱਲੇ ਨਾਲ ਬੱਲੇਬਾਜ਼ੀ ਕਰਨ ਆਏ ਅਤੇ ਇਸ ਨਾਲ ਕੁਝ ਗੇਂਦਾਂ ਦਾ ਸਾਹਮਣਾ ਵੀ ਕੀਤਾ। ਇਸ ਸਮੇਂ ਤੱਕ ਵਿਰੋਧੀ ਖਿਡਾਰੀਆਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਬੱਲਾ ਧਾਤੂ ਦਾ ਬਣਿਆ ਹੋਇਆ ਹੈ। ਜਦੋਂ ਇੰਗਲੈਂਡ ਦੇ ਤਤਕਾਲੀ ਕਪਤਾਨ ਮਾਈਕ ਬਰੇਰਲੇ ਨੇ ਗੇਂਦ ਨੂੰ ਆਪਣੇ ਹੱਥ ਵਿਚ ਲਿਆ ਤਾਂ ਉਸ ਨੂੰ ਇਸ ਦੀ ਸ਼ਕਲ ਵਿਗੜੀ ਦਿਖੀ। ਫਿਰ ਇਸ ਬਾਰੇ ਪਤਾ ਲੱਗਾ। ਬ੍ਰੇਰਲੇ ਨੇ ਇਸ ਮਾਮਲੇ ਦੀ ਸ਼ਿਕਾਇਤ ਅੰਪਾਇਰਾਂ ਨੂੰ ਕੀਤੀ। ਇਸ ਕਾਰਨ ਕੁਝ ਮਿੰਟਾਂ ਲਈ ਮੈਚ ਨੂੰ ਰੋਕਣਾ ਪਿਆ। ਅੰਪਾਇਰਾਂ ਦੇ ਕਹਿਣ ਦੇ ਬਾਵਜੂਦ ਲਿਲੀ ਆਪਣਾ ਬੱਲਾ ਬਦਲਣ ਲਈ ਤਿਆਰ ਨਹੀਂ ਸਨ। ਬਾਅਦ ਵਿੱਚ ਆਸਟਰੇਲੀਆਈ ਕਪਤਾਨ ਗ੍ਰੇਗ ਚੈਪਲ ਨੇ ਦਖਲ ਦਿੱਤਾ ਅਤੇ ਲਿਲੀ ਨੇ ਗੁੱਸਾ ਜ਼ਾਹਰ ਪਰ ਬਾਅਧ ਵਿੱਚ ਬੱਲਾ ਬਦਲ ਦਿੱਤਾ। ਇਸ ਘਟਨਾ ਨੇ ਕ੍ਰਿਕਟ ਦੀ ਸਿਖਰਲੀ ਸੰਸਥਾ ਨੂੰ ਇਹ ਨਿਯਮ ਜੋੜਨ ਲਈ ਮਜਬੂਰ ਕਰ ਦਿੱਤਾ ਕਿ ਬੱਲਾ ਸਿਰਫ਼ ਲੱਕੜ ਦਾ ਹੀ ਹੋਣਾ ਚਾਹੀਦਾ ਹੈ।
ਪੋਟਿੰਗ ਦੇ ਬੈਟ ‘ਤੇ ਲਗਾਈ ਗਈ ਸੀ ਕਾਰਬਨ ਗ੍ਰੇਫਾਈਟ ਸਟ੍ਰਿਪ
ਲਿਲੀ ਨਾਲ ਜੁੜੇ ਵਿਵਾਦ ਤੋਂ 25 ਸਾਲ ਬਾਅਦ ਅਪ੍ਰੈਲ 2005 ‘ਚ ਇਕ ਹੋਰ ਆਸਟ੍ਰੇਲੀਆਈ ਕ੍ਰਿਕਟਰ ਬੱਲੇ ਨੂੰ ਲੈ ਕੇ ਵਿਵਾਦਾਂ ‘ਚ ਆਇਆ ਸੀ। ਕੂਕਾਬੁਰਾ ਬੱਲਾ ਜਿਸ ਨਾਲ ਆਸਟ੍ਰੇਲੀਆ ਦੇ ਤਤਕਾਲੀ ਕਪਤਾਨ ਰਿਕੀ ਪੋਂਟਿੰਗ ਨੇ ਪਾਕਿਸਤਾਨ ਦੇ ਖਿਲਾਫ ਦੋਹਰਾ ਸੈਂਕੜਾ ਲਗਾਇਆ ਸੀ, ਉਹ ਜਾਂਚ ਦੇ ਘੇਰੇ ‘ਚ ਆ ਗਿਆ ਸੀ। ਇਹ ਬੱਲਾ ਲੱਕੜ ਦਾ ਬਣਿਆ ਸੀ ਪਰ ਇਸ ਦੇ ਪਿਛਲੇ ਪਾਸੇ ਕਾਰਬਨ ਗ੍ਰੇਫਾਈਟ ਦੀਆਂ ਪੱਟੀਆਂ ਸਨ। ਮੰਨਿਆ ਜਾ ਰਿਹਾ ਸੀ ਕਿ ਇਨ੍ਹਾਂ ਪੱਟੀਆਂ ਕਾਰਨ ਪੋਟਿੰਗ ਦੇ ਸ਼ਾਟਾਂ ਨੂੰ ਵਾਧੂ ਗਤੀ ਮਿਲੀ। ਇਸ ਨਾਲ ਬੱਲੇ ਦੀ ਤਾਕਤ ਵਧਦੀ ਹੈ ਅਤੇ ਬੈਟਰ ਨੂੰ ਇਸ ਦਾ ਫਾਇਦਾ ਮਿਲਦਾ ਹੈ। ਪੋਂਟਿੰਗ ਨੇ ਦੱਸਿਆ ਸੀ ਕਿ ਉਹ ਪਿਛਲੇ ਪੰਜ-ਛੇ ਸਾਲਾਂ ਤੋਂ ਇਸ ਬੱਲੇ ਦੀ ਵਰਤੋਂ ਕਰ ਰਿਹਾ ਹੈ (ਇਸ ਦੌਰਾਨ ਵਿਸ਼ਵ ਕੱਪ 2003 ਵੀ ਹੋਇਆ ਸੀ)। MCC ਨੇ ICC ਨੂੰ ਇਸ ਬਾਰੇ ਦੱਸਿਆ। ਇਸ ਕਾਰਬਨ ਸਟ੍ਰਿਪ ਬੈਟ ਬਾਰੇ ਸਾਰੇ ਸਬੂਤਾਂ ਅਤੇ ਪੂਰੀ ਜਾਣਕਾਰੀ ਤੋਂ ਬਾਅਦ ਇਸ ਬੈਟ ਦੀ ਵਰਤੋਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ। ਅੰਕੜੇ ਦਰਸਾਉਂਦੇ ਹਨ ਕਿ ਦਸੰਬਰ 2003 ਤੋਂ ਅਪ੍ਰੈਲ 2005 ਤੱਕ, ਇਸ ਸਮੇਂ ਦੌਰਾਨ, ਪੋਂਟਿੰਗ ਨੇ ਇਸ ਬੱਲੇ ਦੀ ਵਰਤੋਂ ਕਰਕੇ ਬਹੁਤ ਸਾਰੀਆਂ ਦੌੜਾਂ ਬਣਾਈਆਂ, ਟੈਸਟ ਵਿੱਚ ਉਸਦੀ ਔਸਤ 70.57 ਅਤੇ ਵਨਡੇਅ ਵਿੱਚ 42.57 ਸੀ। ਮੰਨਿਆ ਜਾਂਦਾ ਹੈ ਕਿ ਇਸ ਪ੍ਰਦਰਸ਼ਨ ‘ਚ ਪੋਂਟਿੰਗ ਦੇ ਇਸ ‘ਬੱਲੇ’ ਦਾ ਵੀ ਯੋਗਦਾਨ ਸੀ।
ਮੈਥਿਊ ਹੇਡਨ ਦੇ ਮੂੰਗੂਜ਼ ਬੱਲੇ ਨੇ ਹਲਚਲ ਮਚਾ ਦਿੱਤੀ ਸੀ ਹਲਚਲ
ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਆਈਪੀਐਲ ਦੇ 2010 ਸੀਜ਼ਨ ਦੇ ਮੈਚਾਂ ਦੌਰਾਨ ਮੂੰਗੂਜ਼ ਬੈਟ ਦੀ ਵਰਤੋਂ ਨੂੰ ਲੈ ਕੇ ਸੁਰਖੀਆਂ ‘ਚ ਰਹੇ ਸਨ। ਇਸ ਬੱਲੇ ਨਾਲ ਉਨ੍ਹਾਂ ਨੇ ਦਿੱਲੀ ਡੇਅਰਡੇਵਿਲਜ਼ (ਨਵਾਂ ਨਾਂ ਦਿੱਲੀ ਕੈਪੀਟਲਜ਼) ਖ਼ਿਲਾਫ਼ 43 ਗੇਂਦਾਂ ਵਿੱਚ 93 ਦੌੜਾਂ ਦੀ ਪਾਰੀ ਖੇਡੀ ਸੀ। ਬੈਟ ਬਣਾਉਣ ਵਾਲੀ ਕੰਪਨੀ ਮੂੰਗੂਜ਼ ਦਾ ਇਹ ਬੈਟ ਆਮ ਬੈਟ ਤੋਂ ਕੁਝ ਵੱਖਰਾ ਹੈ। ਇਸ ਦਾ ਹੈਂਡਲ ਆਮ ਬੱਲੇ ਨਾਲੋਂ ਲੰਬਾ ਹੁੰਦਾ ਹੈ ਅਤੇ ਬਲੇਡ ਦਾ ਆਕਾਰ ਛੋਟਾ ਹੁੰਦਾ ਹੈ। ਇਸ ਬੱਲੇ ਦੀ ਵਰਤੋਂ ਸ਼ਕਤੀਸ਼ਾਲੀ ਹਿੱਟ ਦੇਣ ਲਈ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਇਸ ਬੱਲੇ ਦੇ ਬਲੇਡ ਦੇ ਹਰ ਹਿੱਸੇ ‘ਚ ‘ਸਵੀਟ ਸਪਾਟ’ ਹੁੰਦਾ ਹੈ ਅਤੇ ਇਸ ਨੂੰ ਹਿੱਟ ਲਈ ਢੁਕਵਾਂ ਮੰਨਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੂੰਗੂਜ਼ ਬੈਟ ਹਿੱਟ ਕਰਨ ਲਈ ਚੰਗੇ ਹੁੰਦੇ ਹਨ ਪਰ ਬਚਾਅ ਲਈ ਨਹੀਂ। ਬੱਲੇ ਦੇ ਆਪਣੇ ਫਾਇਦੇ ਅਤੇ ਨੁਕਸਾਨ ਵੀ ਹਨ। ਇਸ ਬੱਲੇ ਨਾਲ ਆਪਣੀ ਖੇਡ ਨੂੰ ਛੋਟੇ ਬਲੇਡ ਨਾਲ ਢਾਲਣਾ ਵੀ ਇੱਕ ਮੁੱਦਾ ਹੈ। ਸੁਰੇਸ਼ ਰੈਨਾ, ਸਾਇਮੰਡ, ਸਟੂਅਰਟ ਲਾਅ, ਡਵੇਨ ਸਮਿਥ ਅਤੇ ਅਸ਼ਰਫੁਲ ਵਰਗੇ ਬੱਲੇਬਾਜ਼ਾਂ ਨੇ ਮੂੰਗੂਜ਼ ਬੱਲੇ ਦੀ ਵਰਤੋਂ ਕੀਤੀ ਹੈ। ਰੈਨਾ ਨੇ ਜਲਦੀ ਹੀ ਇਸ ਬੱਲੇ ਨੂੰ ਛੱਡ ਦਿੱਤਾ ਅਤੇ ਆਮ ਬੱਲੇ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ।
ਬ੍ਰਹਿਮੰਡ ਬੌਸ ਦਾ ‘ਗੋਲਡਨ ਬੈਟ’
ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਕ੍ਰਿਸ ਗੇਲ ਨੂੰ ਸ਼ਾਹੀ ਅੰਦਾਜ਼ ਪਸੰਦ ਹੈ। ‘ਯੂਨੀਵਰਸ ਬੌਸ’ ਗੇਲ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ 2015 ਦੌਰਾਨ ਗੋਲਡਨ ਰੰਗ ਦਾ ਬੱਲਾ ਲੈ ਕੇ ਮੈਦਾਨ ‘ਚ ਉਤਰੇ ਸੀ। ਭਾਰਤੀ ਕੰਪਨੀ ਸਪਾਰਟਨ ਨੇ ਇਸ ਬੱਲੇ ਨੂੰ ਤਿਆਰ ਕਰਕੇ ਬੀਬੀਐਲ ਵਿੱਚ ਗੇਲ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਆਸਟਰੇਲੀਆ ਭੇਜਿਆ ਸੀ। ਗੇਲ ਇਸ ਖਾਸ ਬੱਲੇ ਦੀ ਵਰਤੋਂ ਕਰਨ ਵਾਲੇ ਪਹਿਲੇ ਬੱਲੇਬਾਜ਼ ਸਨ ਅਤੇ ਮੀਡੀਆ ਵਿੱਚ ਉਨ੍ਹਾਂ ਦੀ ਕਾਫੀ ਚਰਚਾ ਹੋਈ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਇਸ ਬੱਲੇ ਨੂੰ ਬਣਾਉਣ ਵਿੱਚ ਧਾਤ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ, ਸਪਾਰਟਨ ਨੇ ਇਨ੍ਹਾਂ ਦੋਸ਼ਾਂ ਨੂੰ ਬਕਵਾਸ ਕਰਾਰ ਦਿੱਤਾ ਸੀ। ਕੰਪਨੀ ਨੇ ਕਿਹਾ ਸੀ ਕਿ ਬੈਟ ਬਣਾਉਣ ‘ਚ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਹੈ ਅਤੇ ਇਸ ਨਾਲ ਬੈਟਰ ਨੂੰ ਕੋਈ ਵਾਧੂ ਫਾਇਦਾ ਨਹੀਂ ਮਿਲਦਾ।
ਰਸਲ ਨੇ ਕਾਲੇ ਅਤੇ ਗੁਲਾਬੀ ਬੈਟ ਦੀ ਕੀਤੀ ਸੀ ਵਰਤੋਂ
ਗੇਲ ਦੀ ਤਰਜ਼ ‘ਤੇ ਵੈਸਟਇੰਡੀਜ਼ ਦੇ ਆਂਦਰੇ ਰਸਲ ਨੇ ਬਿਗ ਬੈਸ਼ ਲੀਗ ਦੇ 2016 ਸੀਜ਼ਨ ‘ਚ ਜੈੱਟ ਬਲੈਕ ਰੰਗ ਦੇ ਬੱਲੇ ਦੀ ਵਰਤੋਂ ਕਰਕੇ ਹਲਚਲ ਮਚਾ ਦਿੱਤੀ ਸੀ। ਉਹ ਟੂਰਨਾਮੈਂਟ ‘ਚ ਸਿਡਨੀ ਥੰਡਰਸ ਦੇ ਪਹਿਲੇ ਮੈਚ ‘ਚ ਇਸ ਬੱਲੇ ਨਾਲ ਆਏ ਸਨ। BBL ਤੋਂ ਪਹਿਲਾਂ ਕ੍ਰਿਕਟ ਆਸਟ੍ਰੇਲੀਆ ਨੇ ਰਸੇਲ ਨੂੰ ਇਸ ਬੱਲੇ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਬਾਅਦ ‘ਚ ਪਤਾ ਲੱਗਾ ਕਿ ਇਸ ਬੱਲੇ ਨਾਲ ਟਕਰਾਉਣ ਤੋਂ ਬਾਅਦ ਗੇਂਦ ‘ਤੇ ਕਾਲੇ ਧੱਬੇ ਨਜ਼ਰ ਆ ਰਹੇ ਹਨ ਤਾਂ ਇਹ ਇਜਾਜ਼ਤ ਵਾਪਸ ਲੈ ਲਈ ਗਈ। ਰਸੇਲ ਨੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀ.ਪੀ.ਐੱਲ.) ‘ਚ ਬੱਲੇਬਾਜ਼ੀ ਲਈ ਗੁਲਾਬੀ ਰੰਗ ਦੇ ਬੱਲੇ ਦੀ ਵਰਤੋਂ ਕੀਤੀ ਹੈ।