21 ਸਾਲਾਂ ਬਾਅਦ ਖੁੱਲ੍ਹਿਆ ਦਿਵਿਆ ਭਾਰਤੀ ਦੀ ਮੌਤ ਦਾ ਰਾਜ਼, ਸਾਥੀ ਕਲਾਕਾਰ ਨੇ ਦੱਸੀ ਵਜ੍ਹਾ – News18 ਪੰਜਾਬੀ

1993 ਵਿੱਚ ਬਾਲੀਵੁੱਡ ਅਦਾਕਾਰਾ ਦਿਵਿਆ ਭਾਰਤੀ (Divya Bharti) ਦੀ ਮੌਤ ਨੇ ਪੂਰੇ ਦੇਸ਼ ਨੂੰ ਇੱਕ ਵੱਡਾ ਸਦਮਾ ਦਿੱਤਾ ਸੀ। 5 ਅਪ੍ਰੈਲ ਨੂੰ, 19 ਸਾਲ ਦੀ ਉਮਰ ਵਿੱਚ, ਮੁੰਬਈ ਵਿੱਚ ਆਪਣੇ ਅਪਾਰਟਮੈਂਟ ਦੀ ਪੰਜਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ।
ਸਾਜਿਦ ਨਾਡਿਆਡਵਾਲਾ (Sajid Nadiadwala), ਜਿਸ ਦਾ ਦਿਵਿਆ ਭਾਰਤੀ ਨਾਲ ਵਿਆਹ ਹੋਇਆ ਸੀ, ‘ਤੇ ਉਸ ਦੀ ਮੌਤ ਦਾ ਦੋਸ਼ ਲਗਾਇਆ ਗਿਆ ਸੀ, ਪਰ ਗੁੱਡੀ ਮਾਰੂਤੀ ਨੇ ਹੁਣ ਉਸ ਦੇ ਖਿਲਾਫ ਲਗਾਏ ਕਤਲ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸਿਧਾਰਥ ਕੰਨਨ ਨਾਲ ਗੱਲ ਕਰਦੇ ਹੋਏ ਗੁੱਡੀ ਮਾਰੂਤੀ (Guddi Maruti) ਨੇ ਖੁਲਾਸਾ ਕੀਤਾ ਕਿ ਦਿਵਿਆ ਭਾਰਤੀ ਇੱਕ ‘ਚੰਗੀ ਕੁੜੀ’ ਸੀ ਪਰ ‘ਥੋੜੀ ਗੜਬੜ’ ਸੀ। ਉਨ੍ਹਾਂ ਦੱਸਿਆ ਕਿ ਮਰਹੂਮ ਅਦਾਕਾਰਾ ਹਰ ਦਿਨ ਇਸ ਤਰ੍ਹਾਂ ਰਹਿੰਦੀ ਸੀ ਜਿਵੇਂ ਇਹ ਉਨ੍ਹਾਂ ਦਾ ਆਖਰੀ ਦਿਨ ਹੋਵੇ।
ਉਸ ਸਮੇਂ ਉਹ ਸਾਜਿਦ ਨਾਡਿਆਡਵਾਲਾ ਨੂੰ ਡੇਟ ਕਰ ਰਹੀ ਸੀ। ਇਹ ਉਹ ਸਮਾਂ ਸੀ ਜਦੋਂ ਅਸੀਂ ਸ਼ੋਲਾ ਔਰ ਸ਼ਬਨਮ ਦੀ ਸ਼ੂਟਿੰਗ ਕਰ ਰਹੇ ਸੀ। 5 ਅਪ੍ਰੈਲ ਦੀ ਰਾਤ ਨੂੰ ਉਸ ਦੀ ਮੌਤ ਹੋ ਗਈ ਸੀ ਅਤੇ 4 ਅਪ੍ਰੈਲ ਨੂੰ ਮੇਰਾ ਜਨਮ ਦਿਨ ਸੀ। ਇਸ ਲਈ ਅਸੀਂ ਸਾਰੇ ਇਕੱਠੇ ਪਾਰਟੀ ਕਰ ਰਹੇ ਸੀ। ਗੋਵਿੰਦਾ, ਸਾਜਿਦ ਅਤੇ ਹੋਰ ਬਹੁਤ ਸਾਰੇ ਲੋਕ ਪਾਰਟੀ ਵਿੱਚ ਠੀਕ ਸਨ, ਪਰ ਮੈਂ ਮਹਿਸੂਸ ਕੀਤਾ ਕਿ ਉਹ ਥੋੜੀ ਉਦਾਸ ਸੀ, ਉਸ ਨੇ ਆਊਟਡੋਰ ਸ਼ੂਟ ਲਈ ਜਾਣਾ ਸੀ, ਪਰ ਉਹ ਨਹੀਂ ਜਾਣਾ ਚਾਹੁੰਦੀ ਸੀ।
ਇਸ ਤੋਂ ਇਲਾਵਾ, ਉਸਨੇ ਇੱਕ ਅਜੀਬ ਘਟਨਾ ਦਾ ਜ਼ਿਕਰ ਕੀਤਾ। ਦਿਵਿਆ ਭਾਰਤੀ, ਜੋ ਕਿ ਜੁਹੂ ਵਿੱਚ ਇੱਕ ਬਿਲਡਿੰਗ ਦੀ 5ਵੀਂ ਮੰਜ਼ਿਲ ‘ਤੇ ਰਹਿੰਦੀ ਸੀ ਅਤੇ ਇੱਕ ਰਾਤ ਜਦੋਂ ਗੁੱਡੀ ਨੇੜਲੀ ਆਈਸਕ੍ਰੀਮ ਸਟੋਰ ਵੱਲ ਜਾ ਰਹੀ ਸੀ, ਤਾਂ ਉਨ੍ਹਾਂ ਨੂੰ ਲੱਗਿਆ ਕਿ ਕੋਈ ਉਨ੍ਹਾਂ ਨੂੰ ਬੁਲਾ ਰਿਹਾ ਹੈ, ਜਦੋਂ ਉਨ੍ਹਾਂ ਨੇ ਉੱਪਰ ਦੇਖਿਆ ਤਾਂ ਦਿਵਿਆ ਭਾਰਤੀ ਬਾਲਕੋਨੀ ਵਿੱਚ ਲੱਤਾਂ ਲਟਕਾਏ ਬੈਠੀ ਹੋਈ ਸੀ। ਗੁੱਡੀ ਨੇ ਕਿਹਾ- “ਮੈਂ ਉਸਨੂੰ ਕਿਹਾ ਕਿ ਅੰਦਰ ਜਾਓ, ਇੰਝ ਬੈਠਣਾ ਸੁਰੱਖਿਅਤ ਨਹੀਂ ਹੈ। ਉਸ ਨੇ ਮੈਨੂੰ ਕਿਹਾ, ‘ਕੁਝ ਨਹੀਂ ਹੋਵੇਗਾ।’ ਉਹ ਉਚਾਈਆਂ ਤੋਂ ਨਹੀਂ ਡਰਦੀ ਸੀ।”
ਦਿਵਿਆ ਭਾਰਤੀ ਨਾਲ ਹੋਏ ਹਾਦਸੇ ਬਾਰੇ ਗੱਲ ਕਰਦੇ ਹੋਏ ਗੁੱਡੀ ਨੇ ਦੱਸਿਆ ਕਿ ਉਹ ਆਪਣੀ ਖਿੜਕੀ ਤੋਂ ਹੇਠਾਂ ਝੁਕ ਕੇ ਦੇਖ ਰਹੀ ਸੀ ਕਿ ਸਾਜਿਦ ਦੀ ਕਾਰ ਆਈ ਹੈ ਕਿ ਨਹੀਂ, ਇਸ ਦੌਰਾਨ ਉਹ ਡਿੱਗ ਗਈ। ਗੁੱਡੀ ਨੇ ਦੱਸਿਆ ਕਿ ਡਿਜ਼ਾਈਨਰ ਨੀਤਾ ਲੁੱਲਾ (Neeta Lula) ਵੀ ਉੱਥੇ ਮੌਜੂਦ ਸੀ ਅਤੇ ਉਨ੍ਹਾਂ ਨੇ ਵੀ ਦਿਵਿਆ ਭਾਰਤੀ ਨੂੰ ਡਿੱਗਦੇ ਦੇਖਿਆ ਸੀ।