Diljit Dosanjh ਦੇ ਕੰਸਰਟ ‘ਚ ਮਚਿਆ ਹੰਗਾਮਾ, ਫੈਨਜ਼ ਨੇ ਮੰਗੀ ਦੋਸਾਂਝਾਵਾਲਾ ਤੋਂ ਮਦਦ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ਐਤਵਾਰ ਨੂੰ ਜੈਪੁਰ ‘ਚ ਕੰਸਰਟ ਕੀਤਾ। ਦਿਲਜੀਤ ਦੇ ਕੰਸਰਟ ‘ਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਕੰਸਰਟ ਵਿੱਚੋਂ ਚੋਰਾਂ ਨੇ 32 ਮੋਬਾਈਲ ਫ਼ੋਨ ਚੋਰੀ ਕਰ ਲਏ। ਸੰਗਾਨੇਰ ਥਾਣੇ ਵਿੱਚ ਇੱਕੋ ਦਿਨ ਵਿੱਚ ਮੋਬਾਈਲ ਫੋਨ ਚੋਰੀ ਦੀਆਂ 32 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ 100 ਤੋਂ ਵੱਧ ਫੋਨ ਚੋਰੀ ਹੋਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ 32 ਕੇਸ ਹੀ ਦਰਜ ਹੋਏ ਹਨ।
ਇਸ ਨਾਲ ਈਵੈਂਟ ‘ਚ ਮੌਜੂਦ ਸੁਰੱਖਿਆ, ਪੁਲਿਸ ਅਤੇ ਬਾਊਂਸਰਾਂ ਦੀ ਸਖ਼ਤੀ ਦਾ ਪਰਦਾਫਾਸ਼ ਹੋਣ ਲੱਗਾ ਹੈ। ਜਦੋਂ ਸ਼ੋਅ ਖਤਮ ਹੋਇਆ ਤਾਂ ਮੋਬਾਈਲ ਚੋਰੀ ਹੋਣ ਨੂੰ ਲੈ ਕੇ ਦਰਸ਼ਕਾਂ ਵਿੱਚ ਹੰਗਾਮਾ ਮਚ ਗਿਆ।
ਜਿਨ੍ਹਾਂ ਲੋਕਾਂ ਦੇ ਫ਼ੋਨ ਚੋਰੀ ਹੋ ਗਏ ਹਨ, ਉਨ੍ਹਾਂ ਨੇ ਨਾ ਸਿਰਫ਼ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ, ਸਗੋਂ ਹੁਣ ਉਹ ਆਪਣੇ ਚੋਰੀ ਹੋਏ ਮੋਬਾਈਲ ਵਾਪਸ ਕਰਵਾਉਣ ਲਈ ਦਿਲਜੀਤ ਤੋਂ ਮਦਦ ਵੀ ਮੰਗ ਰਹੇ ਹਨ। ਦਿਲਜੀਤ ਦੇ ਕੁਝ ਪ੍ਰਸ਼ੰਸਕਾਂ ਨੇ ਇੱਕ ਵੀਡੀਓ ਬਣਾ ਕੇ ਉਨ੍ਹਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਲਈ ਜੈਪੁਰ ਦੇ ਸੀਤਾਪੁਰਾ ਸਥਿਤ ਜੈਪੁਰ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ (ਜੇਈਸੀਸੀ) ‘ਚ ਹਜ਼ਾਰਾਂ ਲੋਕ ਪਹੁੰਚੇ ਸਨ। ਪ੍ਰੋਗਰਾਮ ਦੇ ਦੋ ਦਿਨ ਬਾਅਦ ਜੈਪੁਰ ਪੁਲਿਸ ਨੇ ਦੱਸਿਆ ਕਿ ਉੱਥੇ ਕਈ ਲੋਕਾਂ ਦੇ ਮੋਬਾਈਲ ਫ਼ੋਨ ਚੋਰੀ ਹੋ ਗਏ ਹਨ ਅਤੇ ਉਨ੍ਹਾਂ ਨੇ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕਰ ਲਿਆ ਹੈ।