ਧੋਨੀ ਦੀ ਟੀਮ ਦਾ ਇੰਨਾ ਮਾੜਾ ਪ੍ਰਦਰਸ਼ਨ, ਬਣਾ ਦਿੱਤਾ IPL ਇਤਿਹਾਸ ਦਾ ਸਭ ਤੋਂ ਸ਼ਰਮਨਾਕ ਰਿਕਾਰਡ

ਇੰਡੀਅਨ ਪ੍ਰੀਮੀਅਰ ਲੀਗ (IPL 2025) ਦੇ ਨਵੇਂ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦਾ ਪ੍ਰਦਰਸ਼ਨ ਬਹੁਤ ਮਾੜਾ ਦਿਖਾਈ ਦੇ ਰਿਹਾ ਹੈ। ਟੀਮ ਨੇ 5 ਵਿੱਚੋਂ ਸਿਰਫ਼ 1 ਮੈਚ ਜਿੱਤਿਆ ਹੈ ਅਤੇ ਇਸ ਸਮੇਂ ਮਹਿੰਦਰ ਸਿੰਘ ਧੋਨੀ (MS Dhoni) ਦੀ ਟੀਮ ਅੰਕ ਸੂਚੀ ਵਿੱਚ 9ਵੇਂ ਸਥਾਨ ‘ਤੇ ਹੈ। ਪੰਜਾਬ ਕਿੰਗਜ਼ ਖ਼ਿਲਾਫ਼ ਮੈਚ ‘ਤੇ ਆਪਣੀ ਪਕੜ ਮਜ਼ਬੂਤ ਕਰਨ ਦੇ ਬਾਵਜੂਦ, ਟੀਮ ਹਾਰ ਗਈ। ਪ੍ਰਿਯਾਂਸ਼ ਆਰੀਆ (Priyansh Arya) ਨੇ ਮੁਸ਼ਕਲ ਹਾਲਾਤਾਂ ਵਿੱਚ ਤੂਫਾਨੀ ਸੈਂਕੜਾ ਲਗਾਇਆ ਅਤੇ 83 ਦੌੜਾਂ ‘ਤੇ 5 ਵਿਕਟਾਂ ਗੁਆ ਚੁੱਕੀ ਟੀਮ ਨੇ 6 ਵਿਕਟਾਂ ‘ਤੇ 219 ਦੌੜਾਂ ਬਣਾਈਆਂ। ਚੇਨਈ 5 ਵਿਕਟਾਂ ‘ਤੇ ਸਿਰਫ਼ 201 ਦੌੜਾਂ ਹੀ ਬਣਾ ਸਕੀ। ਇਸ ਮੈਚ ਵਿੱਚ ਕੁੱਲ 9 ਕੈਚਾਂ ਵਿੱਚੋਂ ਸੀਐਸਕੇ ਨੇ 5 ਛੱਡ ਦਿੱਤੇ,ਜੋ ਉਨ੍ਹਾਂ ਲਈ ਕਾਫੀ ਨੁਕਸਾਨਦੇਹ ਸਾਬਤ ਹੋਇਆ।
ਮਹਿੰਦਰ ਸਿੰਘ ਧੋਨੀ (MS Dhoni) ਦੀ ਟੀਮ ਚੇਨਈ ਸੁਪਰ ਕਿੰਗਜ਼ ਕਦੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਦਬਦਬਾ ਰੱਖਦੀ ਸੀ ਪਰ ਹੁਣ ਇਹ ਟੀਮ ਮੈਚ ਜਿੱਤਣ ਲਈ ਸੰਘਰਸ਼ ਕਰਦੀ ਦਿਖਾਈ ਦੇ ਰਹੀ ਹੈ। ਚੇਨਈ ਦੀ ਟੀਮ ਟੀਚੇ ਦਾ ਪਿੱਛਾ ਕਰਨ ਵਿੱਚ ਲਗਾਤਾਰ ਅਸਫਲ ਰਹੀ ਹੈ ਅਤੇ ਗੇਂਦਬਾਜ਼ ਦੌੜਾਂ ਦੇਣ ਵਿੱਚ ਮੋਹਰੀ ਰਹੇ ਹਨ। ਗੇਂਦਬਾਜ਼ੀ ਅਤੇ ਬੱਲੇਬਾਜ਼ੀ ਫਲਾਪ ਹੋਈ ਹੈ ਪਰ ਫੀਲਡਿੰਗ ਨੇ ਸਭ ਤੋਂ ਵੱਧ ਨਿਰਾਸ਼ ਕੀਤਾ ਹੈ। ਸੀਐਸਕੇ ਨੇ ਆਈਪੀਐਲ 2025 ਵਿੱਚ 12 ਕੈਚ ਛੱਡੇ ਹਨ। ਮੰਗਲਵਾਰ ਨੂੰ ਪੀਬੀਕੇਐਸ ਵਿਰੁੱਧ ਪੰਜ ਕੈਚ ਛੱਡੇ ਗਏ ਸਨ।
ਇਸ ਟੂਰਨਾਮੈਂਟ ਵਿੱਚ ਕਿਸੇ ਵੀ ਟੀਮ ਦੁਆਰਾ ਛੱਡੇ ਗਏ ਸਭ ਤੋਂ ਵੱਧ ਕੈਚ। ਲਖਨਊ ਸੁਪਰ ਜਾਇੰਟਸ ਅਤੇ ਪੀਬੀਕੇਐਸ ਛੇ ਕੈਚ ਛੱਡ ਕੇ ਦੂਜੇ ਸਥਾਨ ‘ਤੇ ਹਨ। ਮੰਗਲਵਾਰ ਨੂੰ ਮੁੱਲਾਂਪੁਰ ਵਿੱਚ ਨੌਂ ਕੈਚ ਛੱਡੇ ਗਏ। ਮੈਚ ਦੌਰਾਨ ਇੰਝ ਲੱਗ ਰਿਹਾ ਸੀ ਕਿ ਦੋਵਾਂ ਟੀਮਾਂ ਵਿਚਕਾਰ ਕੈਚ ਛੱਡਣ ਦਾ ਮੁਕਾਬਲਾ ਚੱਲ ਰਿਹਾ ਹੋਵੇ। ਪੰਜ ਕੈਚ ਸੀਐਸਕੇ ਦੇ ਖਿਡਾਰੀਆਂ ਨੇ ਛੱਡੇ ਤੇ ਪੀਬੀਕੇਐਸ ਦੇ ਖਿਡਾਰੀਆਂ ਨੇ ਚਾਰ ਕੈਚ ਛੱਡੇ । ਇਹ ਕਿਸੇ ਵੀ ਆਈਪੀਐਲ ਮੈਚ ਵਿੱਚ ਸਭ ਤੋਂ ਵੱਧ ਕੈਚ ਛੱਡਣ ਦਾ ਇੱਕ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ 2023 ਵਿੱਚ, ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਨੇ ਈਡਨ ਗਾਰਡਨਜ਼ ਵਿੱਚ ਅੱਠ ਕੈਚ ਛੱਡੇ ਸਨ।