ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਸਰਕਾਰੀ ਨੌਕਰੀਆਂ ‘ਚ ਮਿਲੇਗਾ 35% ਰਾਖਵਾਂਕਰਨ – News18 ਪੰਜਾਬੀ

ਸਰਕਾਰ ਨੇ ਔਰਤਾਂ ਨੂੰ ਮਜ਼ਬੂਤ ਅਤੇ ਸਸ਼ਕਤ ਬਣਾਉਣ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਜਿਸ ਤੋਂ ਬਾਅਦ ਹੁਣ ਰਾਜ ਦੀਆਂ ਸਰਕਾਰੀ ਸੇਵਾਵਾਂ ਵਿੱਚ ਔਰਤਾਂ ਲਈ ਮਿਲਣ ਵਾਲਾ ਰਾਖਵਾਂਕਰਨ ਹੁਣ 33 ਫੀਸਦੀ ਤੋਂ ਵਧਾ ਕੇ 35 ਫੀਸਦੀ ਕਰ ਦਿੱਤਾ ਗਿਆ ਹੈ।
ਮੱਧ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਮੋਹਨ ਯਾਦਵ ਦੀ ਪ੍ਰਧਾਨਗੀ ‘ਚ ਕੈਬਨਿਟ ਦੀ ਬੈਠਕ ਕੀਤੀ, ਜਿਸ ‘ਚ ਸੂਬੇ ਦੇ ਕਈ ਅਹਿਮ ਫੈਸਲੇ ਲਏ ਗਏ। ਇਸ ਮੀਟਿੰਗ ਵਿੱਚ ਸਰਕਾਰੀ ਸੇਵਾਵਾਂ ਵਿੱਚ ਔਰਤਾਂ ਲਈ ਰਾਖਵਾਂਕਰਨ ਵਧਾਉਣ ਅਤੇ ਅਧਿਆਪਕਾਂ ਦੀ ਭਰਤੀ ਦੀ ਉਮਰ ਹੱਦ ਵਧਾਉਣ ਵਰਗੇ ਅਹਿਮ ਫੈਸਲੇ ਲਏ ਗਏ।
ਔਰਤਾਂ ਲਈ ਰਾਖਵਾਂਕਰਨ ਵਧਾਇਆ ਗਿਆ ਕੈਬਨਿਟ ਮੀਟਿੰਗ ਤੋਂ ਬਾਅਦ, ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਰਾਜੇਂਦਰ ਸ਼ੁਕਲਾ ਨੇ ਐਲਾਨ ਕੀਤਾ ਕਿ ਰਾਜ ਵਿੱਚ ਸਰਕਾਰੀ ਸੇਵਾਵਾਂ ਵਿੱਚ ਔਰਤਾਂ ਲਈ ਰਾਖਵਾਂਕਰਨ 33 ਫ਼ੀਸਦੀ ਤੋਂ ਵਧਾ ਕੇ 35 ਫ਼ੀਸਦੀ ਕਰ ਦਿੱਤਾ ਗਿਆ ਹੈ। ਸ਼ੁਕਲਾ ਨੇ ਕਿਹਾ, “ਇਹ ਫੈਸਲਾ ਪਹਿਲਾਂ ਲਿਆ ਗਿਆ ਸੀ ਅਤੇ ਅੱਜ ਇਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਮਹਿਲਾ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।” ਇਸ ਕਦਮ ਨਾਲ ਔਰਤਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਵਧੇਰੇ ਮੌਕੇ ਮਿਲਣਗੇ ਅਤੇ ਉਨ੍ਹਾਂ ਦੇ ਰੁਜ਼ਗਾਰ ਵਿੱਚ ਵਾਧਾ ਹੋਵੇਗਾ, ਜੋ ਕਿ ਸੂਬੇ ਵਿੱਚ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਵੱਡਾ ਸੁਧਾਰ ਸਾਬਤ ਹੋਵੇਗਾ।
ਅਧਿਆਪਕਾਂ ਦੀ ਭਰਤੀ ਵਿੱਚ ਉਮਰ ਸੀਮਾ ਵਿੱਚ ਬਦਲਾਅ ਮੰਤਰੀ ਮੰਡਲ ਵੱਲੋਂ ਲਿਆ ਗਿਆ ਇੱਕ ਹੋਰ ਅਹਿਮ ਫੈਸਲਾ ਹੈ। ਸ਼ੁਕਲਾ ਨੇ ਦੱਸਿਆ ਕਿ ਹੁਣ ਮੈਡੀਕਲ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਦੀ ਭਰਤੀ ਲਈ ਉਮਰ ਹੱਦ 40 ਸਾਲ ਤੋਂ ਵਧਾ ਕੇ 50 ਸਾਲ ਕਰ ਦਿੱਤੀ ਗਈ ਹੈ। ਇਹ ਫੈਸਲਾ ਸੀਨੀਅਰ ਅਤੇ ਤਜਰਬੇਕਾਰ ਅਧਿਆਪਕਾਂ ਨੂੰ ਵਧੀਆ ਮੌਕਾ ਪ੍ਰਦਾਨ ਕਰੇਗਾ ਅਤੇ ਵਿਦਿਅਕ ਖੇਤਰ ਵਿੱਚ ਸੁਧਾਰ ਦੀਆਂ ਸੰਭਾਵਨਾਵਾਂ ਨੂੰ ਵਧਾਏਗਾ ।
ਖੇਤਰੀ ਉਦਯੋਗਿਕ ਕਾਨਫਰੰਸ ਦੀ ਸਫਲਤਾ..
ਰਾਜਿੰਦਰ ਸ਼ੁਕਲਾ ਨੇ ਕਿਹਾ ਕਿ ਹਾਲ ਹੀ ਵਿੱਚ ਰੀਵਾ ਵਿੱਚ ਆਯੋਜਿਤ ਖੇਤਰੀ ਉਦਯੋਗਿਕ ਕਾਨਫਰੰਸ ਬਹੁਤ ਸਫਲ ਰਹੀ। ਇਸ ਕਾਨਫਰੰਸ ਵਿੱਚ ਲਗਭਗ 4,000 ਨਿਵੇਸ਼ਕਾਂ ਅਤੇ ਵਪਾਰੀਆਂ ਨੇ ਭਾਗ ਲਿਆ। ਕਾਨਫਰੰਸ ਵਿੱਚ ਕੁੱਲ 31,000 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ, ਜੋ ਕਿ ਸੂਬੇ ਵਿੱਚ ਵਪਾਰ ਅਤੇ ਉਦਯੋਗ ਦੇ ਵਿਕਾਸ ਲਈ ਮਹੱਤਵਪੂਰਨ ਹਨ। ਇਸ ਦੇ ਨਾਲ ਹੀ ਇਸ ਸੰਮੇਲਨ ਨਾਲ ਲਗਭਗ 28,000 ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਜੋ ਨਾਲ ਮੱਧ ਪ੍ਰਦੇਸ਼ ਦੇ ਆਰਥਿਕ ਵਿਕਾਸ ਨੂੰ ਤੇਜ਼ੀ ਦੇਣਗੇ।
GIS-2025 ਸੰਮੇਲਨ ਦੀ ਤਿਆਰੀ ਮੱਧ ਪ੍ਰਦੇਸ਼ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ‘ਇਨਵੈਸਟ ਮੱਧ ਪ੍ਰਦੇਸ਼ – ਗਲੋਬਲ ਨਿਵੇਸ਼ਕ ਸੰਮੇਲਨ-2025’ ਆਯੋਜਿਤ ਕੀਤਾ ਜਾਵੇਗਾ। ਇਸ ਸੰਮੇਲਨ ਦਾ ਉਦੇਸ਼ ਸੂਬੇ ਨੂੰ ਨਿਵੇਸ਼ ਲਈ ਇੱਕ ਪ੍ਰਮੁੱਖ ਸਥਾਨ ਵਜੋਂ ਸਥਾਪਿਤ ਕਰਨਾ ਹੈ। ਜੀਆਈਐਸ-2025 ਸੰਮੇਲਨ ਅਗਲੇ ਸਾਲ 7 ਅਤੇ 8 ਫਰਵਰੀ ਨੂੰ ਭੋਪਾਲ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਸੰਮੇਲਨ ਵਿੱਚ ਸੂਬੇ ਦੀਆਂ ਸਮਰੱਥਾਵਾਂ, ਸਾਧਨਾਂ ਅਤੇ ਉਦਯੋਗਿਕ ਮਾਹੌਲ ਨੂੰ ਉਜਾਗਰ ਕੀਤਾ ਜਾਵੇਗਾ, ਜਿਸ ਸਦਕਾ ਮੱਧ ਪ੍ਰਦੇਸ਼ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਲ ਹੋ ਸਕੇਗਾ।