Schools Closed- ਹਵਾ ਪ੍ਰਦੂਸ਼ਣ ਕਾਰਨ ਲਹਿੰਦੇ ਪੰਜਾਬ ਦੇ ਸਕੂਲ ਹਫਤੇ ਲਈ ਬੰਦ…

Primary schools closed- ਲਹਿੰਦੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਵਿਗੜਦੀ ਹਵਾ ਦੀ ਗੁਣਵੱਤਾ ਅਤੇ ਧੂੰਏਂ ਦੇ ਕਾਰਨ ਪ੍ਰਾਇਮਰੀ ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ ਸੂਬੇ ਅਤੇ ਲਾਹੌਰ ਵਿੱਚ ਪੰਜਵੀਂ ਜਮਾਤ ਤੱਕ ਦੇ ਸਾਰੇ ਸਕੂਲ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਹੈ। ਸੀਨੀਅਰ ਸੂਬਾਈ ਮੰਤਰੀ ਮਰੀਅਮ ਔਰੰਗਜ਼ੇਬ ਨੇ ਇਹ ਐਲਾਨ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਇਸ ਲਈ ਚੜ੍ਹਦੇ ਪੰਜਾਬ ਨੂੰ ਜ਼ਿੰਮੇਵਾਰ ਦੱਸਿਆ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਮੁੱਦਾ ਉਠਾਉਣ ਦੀ ਗੱਲ ਵੀ ਕਹੀ ਸੀ।
ਸੂਬਾਈ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ‘ਚ ਲਿਆ ਹੈ ਜਦੋਂ ਲਾਹੌਰ ਅਤੇ ਪੰਜਾਬ ਸੂਬੇ ਹਵਾ ਪ੍ਰਦੂਸ਼ਣ ਦੇ ਗੰਭੀਰ ਪੱਧਰ ਨਾਲ ਜੂਝ ਰਹੇ ਹਨ। ਇੱਥੇ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਯਾਨੀ ਖ਼ਤਰਨਾਕ ਪੱਧਰ ਤੱਕ ਵਧ ਗਈ ਹੈ। ਇਸ ਕਾਰਨ ਇਲਾਕਾ ਨਿਵਾਸੀਆਂ ਖਾਸ ਕਰਕੇ ਬੱਚਿਆਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਦੇ ਨਾਲ ਹੀ ਸੂਬਾਈ ਮੰਤਰੀ ਮਰੀਅਮ ਔਰੰਗਜ਼ੇਬ ਨੇ ਇਸ ਸੰਕਟ ਦੌਰਾਨ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।
ਬੱਚਿਆਂ ਨੂੰ ਘਰ ਦੇ ਅੰਦਰ ਰੱਖੋ- ਮਰੀਅਮ
ਪਾਕਿਸਤਾਨ ਦੀ ਹਵਾ ਦੀ ਗੁਣਵੱਤਾ ਦੀਆਂ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਲਾਹੌਰ ਲਗਾਤਾਰ ਵਿਸ਼ਵ ਪੱਧਰ ‘ਤੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਕਾਰਨ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸੂਬਾਈ ਮੰਤਰੀ ਮਰੀਅਮ ਔਰੰਗਜ਼ੇਬ ਨੇ ਹਵਾ ਦੇ ਵਿਗੜਦੇ ਪੱਧਰ ਕਾਰਨ ਮਾਪਿਆਂ ਨੂੰ ਇਸ ਸਮੇਂ ਦੌਰਾਨ ਬੱਚਿਆਂ ਨੂੰ ਘਰ ਦੇ ਅੰਦਰ ਰੱਖਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਇਸ ਸਮੇਂ ਦੌਰਾਨ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਖਾਸ ਕਰਕੇ ਛੋਟੇ ਬੱਚਿਆਂ ਲਈ ਜ਼ਰੂਰੀ ਕਦਮ ਚੁੱਕਣ ‘ਤੇ ਜ਼ੋਰ ਦਿੱਤਾ ਗਿਆ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਸਥਿਤੀ ਦੀ ਨਿਗਰਾਨੀ ਕਰਨ ਅਤੇ ਧੂੰਏਂ ਨਾਲ ਨਜਿੱਠਣ ਲਈ ਉਪਾਅ ਲਾਗੂ ਕਰਨ ਲਈ ਵਾਤਾਵਰਣ ਸੁਰੱਖਿਆ ਵਿਭਾਗ ਨਾਲ ਮਿਲ ਕੇ ਕੰਮ ਕਰ ਰਹੀ ਹੈ।
‘ਸਕੂਲਾਂ ਨੂੰ ਬੰਦ ਕਰਨਾ ਇੱਕ ਅਸਥਾਈ ਉਪਾਅ ਹੈ’
ਮਰੀਅਮ ਔਰੰਗਜ਼ੇਬ ਨੇ ਅੱਗੇ ਕਿਹਾ ਕਿ ਵਿਗੜਦੀ ਹਵਾ ਦੀ ਗੁਣਵੱਤਾ ਅਤੇ ਧੂੰਏਂ ਦੀ ਸਥਿਤੀ ਕਾਰਨ ਸਕੂਲਾਂ ਨੂੰ ਬੰਦ ਕਰਨਾ ਇੱਕ ਅਸਥਾਈ ਉਪਾਅ ਹੈ। ਜਦਕਿ ਸਰਕਾਰ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਘੱਟ ਕਰਨ ਲਈ ਯਤਨਸ਼ੀਲ ਹੈ। ਇਸ ਦੇ ਨਾਲ ਹੀ ਧੂੰਏਂ ਦੀ ਵਿਗੜਦੀ ਸਥਿਤੀ ਕਾਰਨ ਸੂਬਾਈ ਸਰਕਾਰ ਨੇ ਇਸ ਨੂੰ ‘ਸਮੌਗ ਆਫ਼ਤ’ ਕਰਾਰ ਦਿੱਤਾ ਹੈ।
- First Published :