ਲਗਾਤਾਰ ਬਾਰਡਰ-ਗਾਵਸਕਰ ਟਰਾਫ਼ੀ ਹਾਰਨ ਦਾ ਸਿਲਸਿਲਾ ਤੋੜਨਾ ਚਾਹੁੰਦੇ ਹਨ Pat Cummins, 22 ਨਵੰਬਰ ਨੂੰ ਸ਼ੁਰੂ ਹੋਵੇਗੀ ਸੀਰੀਜ਼

Pat Cummins ਨੇ ਆਸਟ੍ਰੇਲੀਆ ਟੀਮ ਦੇ ਕਪਤਾਨ ਵਜੋਂ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ, ਜਿਨ੍ਹਾਂ ਵਿੱਚ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਜਿੱਤਣਾ, ਵਨਡੇ ਵਿਸ਼ਵ ਕੱਪ ਅਤੇ ਏਸ਼ੇਜ਼ ਸੀਰੀਜ਼ ਤੋਂ ਇਲਾਵਾ ਲਗਭਗ ਸਾਰੀਆਂ ਦੁਵੱਲੀਆਂ ਸੀਰੀਜ਼ ਜਿੱਤੀਆਂ ਹਨ। ਹਾਲਾਂਕਿ Pat Cummins ਨੂੰ ਅਜੇ ਵੀ ਇਸ ਗੱਲ ਦਾ ਅਫਸੋਸ ਹੈ ਕਿ ਉਹ ਅਜੇ ਤੱਕ ਭਾਰਤ ਦੇ ਖਿਲਾਫ ਟੈਸਟ ਸੀਰੀਜ਼ ਯਾਨੀ ਬਾਰਡਰ-ਗਾਵਸਕਰ ਟਰਾਫੀ ਨਹੀਂ ਜਿੱਤ ਸਕੇ ਹਨ। ਭਾਰਤ ਖਿਲਾਫ ਟੈਸਟ ਸੀਰੀਜ਼ ਜਿੱਤਣਾ ਵੱਡੀ ਗੱਲ ਹੈ। Pat Cummins ਇਹ ਹਾਸਲ ਕਰਨਾ ਚਾਹੁੰਦੇ ਹਨ। ਇਸੇ ਕਰਕੇ ਲੱਗ ਰਿਹਾ ਹੈ ਕਿ ਆਗਾਮੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਬਹੁਤ ਰੋਮਾਂਚਕ ਹੋਣ ਵਾਲੀ ਹੈ।
Pat Cummins ਨੇ ਅਜੇ ਤੱਕ ਭਾਰਤ ਦੇ ਖਿਲਾਫ ਟੈਸਟ ਸੀਰੀਜ਼ ਜਿੱਤਣ ਦਾ ਅਨੁਭਵ ਨਹੀਂ ਕੀਤਾ ਹੈ। ਆਸਟ੍ਰੇਲੀਆ ਨੇ ਪਿਛਲੇ 10 ਸਾਲਾਂ ਤੋਂ ਬਾਰਡਰ-ਗਾਵਸਕਰ ਟਰਾਫੀ ਨਹੀਂ ਜਿੱਤੀ ਹੈ। ਅਜਿਹੇ ‘ਚ ਇਹ ਅਜਿਹਾ ਸਿਲਸਿਲਾ ਹੈ ਜਿਸ ਨੂੰ ਆਸਟ੍ਰੇਲੀਆਈ ਕਪਤਾਨ Pat Cummins ਇਸ ਸਾਲ ਘਰੇਲੂ ਮੈਦਾਨ ‘ਤੇ ਤੋੜਨਾ ਚਾਹੁੰਦੇ ਹਨ। Pat Cummins ਨੇ ਮੰਗਲਵਾਰ ਨੂੰ ਇੱਕ ਮੀਡੀਆ ਹਾਊਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ “ਇਹ ਇੱਕ ਵੱਡੀ ਚੀਜ਼ ਹੈ ਜੋ ਮੈਂ ਪੂਰੀ ਕਰਨਾ ਚਾਹੁੰਦਾ ਹਾਂ। ਖਾਸ ਤੌਰ ‘ਤੇ ਘਰੇਲੂ ਮੈਦਾਨ ‘ਤੇ ਜਿੱਤਣਾ ਮੇਰੇ ਲਈ ਖਾਸ ਹੈ। ਜਦੋਂ ਵੀ ਅਸੀਂ ਘਰੇਲੂ ਮੈਦਾਨ ਉੱਤੇ ਖੇਡਦੇ ਹਾਂ ਤਾਂ ਮੇਰੇ ਸਮੇਤ ਜ਼ਿਆਦਾਤਰ ਆਸਟ੍ਰੇਲੀਅਨ ਸਾਡੇ ਤੋਂ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਕਰਦੇ ਹਨ।”
Pat Cummins ਨੇ ਅੱਗੇ ਕਿਹਾ, “ਅਸੀਂ (ਆਸਟ੍ਰੇਲੀਆ ਵਿੱਚ) ਭਾਰਤ ਦੇ ਖਿਲਾਫ (ਆਖਰੀ) ਦੋ ਸੀਰੀਜ਼ ਹਾਰ ਚੁੱਕੇ ਹਾਂ, ਇਸ ਲਈ ਇਹ ਇੱਕ ਵੱਡੀ ਗੱਲ ਹੈ। ਸਾਨੂੰ ਲੱਗਦਾ ਹੈ ਕਿ ਸਾਡੀ ਟੀਮ ਅਸਲ ਵਿੱਚ ਚੰਗੀ ਸਥਿਤੀ ਵਿੱਚ ਹੈ, ਇਸ ਲਈ ਸਾਡੇ ਕੋਲ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਨਾ ਕਰੀਏ। ਅਸੀਂ ਜਿਸ ਕਿਸੇ ਦੇ ਵੀ ਖਿਲਾਫ ਖੇਡੀਏ, ਉਸ ਦੇ ਖਿਲਾਫ ਹਮੇਸ਼ਾ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਕਰਦੇ ਹਾਂ, ਪਰ ਭਾਰਤ ਦੇ ਖਿਲਾਫ ਚੰਗਾ ਪ੍ਰਦਰਸ਼ਨ ਕਰਨ ਲਈ ਇਹ ਇਕ ਵੱਡਾ ਸਾਲ ਅਤੇ ਵੱਡਾ ਸੀਜ਼ਨ ਹੈ।
Pat Cummins ਨੇ ਮੰਨਿਆ ਹੈ ਕਿ ਆਸਟ੍ਰੇਲੀਆਈ ਟੀਮ ‘ਤੇ ਦਬਾਅ ਰਹੇਗਾ। Cummins ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਟੀਮ ਦਬਾਅ ‘ਚ ਹੁੰਦੀ ਹੈ, ਜੇਕਰ ਤੁਸੀਂ ਉਨ੍ਹਾਂ ਦੇ ਖਿਲਾਫ ਖੇਡ ਰਹੇ ਹੋ ਤਾਂ ਇਹ ਕੋਈ ਮਾੜੀ ਗੱਲ ਨਹੀਂ ਹੈ, ਪਰ ਉਹ ਇੱਥੇ ਪਹਿਲਾਂ ਵੀ ਖੇਡੇ ਹਨ ਅਤੇ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਸਾਡਾ ਕੰਮ ਉਨ੍ਹਾਂ ਨੂੰ ਸ਼ਾਂਤ ਰੱਖਣਾ ਹੈ ਤੇ ਇਹ ਦੇਖਣਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ।” ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ, ਜੋ ਨਵੰਬਰ ਦੇ ਤੀਜੇ ਹਫ਼ਤੇ ਸ਼ੁਰੂ ਹੋਵੇਗੀ ਅਤੇ ਆਖਰੀ ਮੈਚ ਜਨਵਰੀ 2025 ‘ਚ ਖੇਡਿਆ ਜਾਵੇਗਾ।
ਖੇਡ ਦਾ Schedule: ਸੀਰੀਜ਼ ਦਾ ਪਹਿਲਾ ਮੈਚ 22 ਨਵੰਬਰ ਤੋਂ ਪਰਥ ‘ਚ ਖੇਡਿਆ ਜਾਵੇਗਾ। ਸੀਰੀਜ਼ ਦਾ ਦੂਜਾ ਟੈਸਟ ਮੈਚ ਐਡੀਲੇਡ ‘ਚ 6 ਤੋਂ 10 ਦਸੰਬਰ ਤੱਕ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਸੀਰੀਜ਼ ਦਾ ਤੀਜਾ ਮੈਚ 14 ਤੋਂ 18 ਦਸੰਬਰ ਵਿਚਾਲੇ ਬ੍ਰਿਸਬੇਨ ‘ਚ ਖੇਡਿਆ ਜਾਵੇਗਾ। ਸੀਰੀਜ਼ ਦਾ ਚੌਥਾ ਮੈਚ 26 ਤੋਂ 30 ਦਸੰਬਰ ਦਰਮਿਆਨ ਮੈਲਬੋਰਨ ‘ਚ ਖੇਡਿਆ ਜਾਣਾ ਹੈ, ਜਦਕਿ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ ਮੈਚ 3 ਤੋਂ 7 ਜਨਵਰੀ ਦਰਮਿਆਨ ਸਿਡਨੀ ‘ਚ ਖੇਡਿਆ ਜਾਵੇਗਾ।