ਪਾਕਿਸਤਾਨ ਪਹੁੰਚਿਆ ਰੂਸ ਦਾ ਵਫ਼ਦ, ਦੋਵੇਂ ਦੇਸ਼ਾਂ ਦੇ ਫੌਜੀ ਅਫ਼ਸਰਾਂ ਨੇ ਕੀਤੇ ਅਹਿਮ ਸਮਝੌਤੇ… – News18 ਪੰਜਾਬੀ
ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਰੂਸ (Russia-Pakistan relations) ਨਾਲ ਆਪਣੇ ਸੰਬੰਧ ਮਜ਼ਬੂਤ ਕਰ ਰਿਹਾ ਹੈ। ਹਾਲ ਹੀ ਵਿਚ ਦੋਵਾਂ ਦੇਸ਼ਾਂ ਦੇ ਉਚ-ਪੱਧਰੀ ਅਫ਼ਸਰਾਂ ਨੇ ਮੁਲਾਕਾਤ ਕੀਤੀ ਹੈ। ਰੂਸੀ ਉਪ ਰੱਖਿਆ ਮੰਤਰੀ ਕਰਨਲ ਜਨਰਲ ਅਲੈਗਜ਼ੈਂਡਰ ਵੀ. ਫੋਮਿਨ ਦੀ ਅਗਵਾਈ ਵਿਚ ਇੱਕ ਉੱਚ ਪੱਧਰੀ ਰੂਸੀ ਵਫ਼ਦ ਪਾਕਿਸਤਾਨ ਦੇ ਦੌਰੇ ‘ਤੇ ਹੈ। 29 ਅਕਤੂਬਰ ਨੂੰ, ਰੂਸ ਦੇ ਉਪ ਰੱਖਿਆ ਮੰਤਰੀ ਨੇ ਇਸਲਾਮਾਬਾਦ ਵਿਚ ਪਾਕਿਸਤਾਨ ਦੀਆਂ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਵੱਖਰੇ ਤੌਰ ‘ਤੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਨੇ ਸੁਰੱਖਿਆ ਅਤੇ ਰੱਖਿਆ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦਾ ਸੰਕਲਪ ਲਿਆ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਪਿੱਛੇ ਜਿਹੇ ਰੂਸ ਦੀ ਮੇਜ਼ਬਾਨੀ ਵਿਚ ਕਾਨਫਰੰਸ ਹੋਈ ਸੀ। ਜਿਸ ਵਿਚ ਪਾਕਿਸਤਾਨ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਪਰ ਇਸ ਸੰਮੇਲਨ ਤੋਂ ਕੁਝ ਦਿਨ ਮਗਰੋਂ ਹੀ ਰੂਸ ਦੇ ਵਫ਼ਦ ਨੇ ਪਾਕਿਸਤਾਨ ਦਾ ਦੌਰਾ ਕੀਤਾ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ‘ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼’ (ISPR) ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ‘ਫੌਜ ਮੁਖੀ ਜਨਰਲ ਅਸੀਮ ਮੁਨੀਰ ਨਾਲ ਮੁਲਾਕਾਤ ਦੌਰਾਨ ਦੋਹਾਂ ਪੱਖਾਂ ਨੇ ਖੇਤਰੀ ਸੁਰੱਖਿਆ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ ‘ਤੇ ਚਰਚਾ ਕੀਤੀ, ਜਿਸ ਵਿਚ ਦੁਵੱਲੀ ਰੱਖਿਆ ਵਧਾਉਣਾ ਅਤੇ ਸੁਰੱਖਿਆ ਸਹਿਯੋਗ ਸ਼ਾਮਿਲ ਹੈ।
ਜਨਰਲ ਮੁਨੀਰ ਦੁਆਰਾ ਰੂਸ ਦੇ ਵਫ਼ਦ ਨਾਲ ਹੋਈ ਮੀਟਿੰਗ ਸੰਬੰਧੀ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਮੀਟਿੰਗ ਵਿਚ ਸਾਂਝੇ ਫੌਜੀ ਅਭਿਆਸਾਂ ਅਤੇ ਪੀਏਐਫ ਉਪਕਰਣਾਂ ਨੂੰ ਤਕਨੀਕੀ ਸਹਾਇਤਾ ਦੁਆਰਾ ਮੌਜੂਦਾ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਵੇਂ ਤਰੀਕਿਆਂ ਬਾਰੇ ਵੀ ਚਰਚਾ ਕੀਤੀ ਗਈ।
ਦੋਵਾਂ ਦੇਸ਼ਾਂ ਵਿਚ ਵਪਾਰ ਦਾ ਵੀ ਹੋ ਰਿਹਾ ਵਾਧਾ…
ਜ਼ਿਕਰਯੋਗ ਹੈ ਕਿ ਰੂਸ ਅਤੇ ਪਾਕਿਸਤਾਨ ਵਿਚਾਲੇ ਹਾਲ ਹੀ ਦੇ ਸਾਲਾਂ ‘ਚ ਦੁਵੱਲੇ ਸਬੰਧਾਂ ਦਾ ਵਿਸਥਾਰ ਹੋਇਆ ਹੈ। ਬਿਜ਼ਨਸ ਰਿਕਾਰਡਰ ਰਿਪੋਰਟ ਕਰਦਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਸਾਲਾਨਾ ਦੁਵੱਲਾ ਵਪਾਰ ਪਿਛਲੇ ਸਾਲ ਲਗਭਗ 50 ਪ੍ਰਤੀਸ਼ਤ ਵਧ ਕੇ $1 ਬਿਲੀਅਨ ਤੋਂ ਵੱਧ ਹੋ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਵਪਾਰ ਹੁਣ ਤੱਕ ਦਾ ਸਭ ਤੋਂ ਵੱਧ ਹੈ।
ਇਸਦੇ ਨਾਲ ਹੀ ਰੂਸ ਦੇ ਇਕ ਅਧਿਕਾਰੀ ਨੇ ਬਿਜ਼ਨਸ ਰਿਕਾਰਡਰ ਨੂੰ ਦੱਸਿਆ ਕਿ ਰੂਸੀ ਕੱਚੇ ਤੇਲ ਦੀ ਪਹਿਲੀ ਖੇਪ ਪਿਛਲੇ ਸਾਲ ਕਰਾਚੀ ਬੰਦਰਗਾਹ ‘ਤੇ ਪਹੁੰਚੀ ਸੀ। ਸਾਲ ਦੇ ਅੰਤ ਤੱਕ ਪਾਕਿਸਤਾਨ ਨੂੰ ਰੂਸੀ ਨਿਰਯਾਤ ਵਿਚ ਇਸਦਾ ਹਿੱਸਾ 20 ਪ੍ਰਤੀਸ਼ਤ ਤੋਂ ਵੱਧ ਗਿਆ।
ਹਾਲਾਂਕਿ ਭਾਰਤ ਲਈ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ ਕਿਉਂਕਿ ਮਾਸਕੋ ਅਤੇ ਨਵੀਂ ਦਿੱਲੀ ਦੀ ਦੋਸਤੀ ਦਹਾਕਿਆਂ ਪੁਰਾਣੀ ਹੈ। ਰੂਸ ਨੇ ਇਸਲਾਮਾਬਾਦ ਨਾਲ ਕਿਸੇ ਅਜਿਹੇ ਰੱਖਿਆ ਸਮਝੌਤੇ ‘ਤੇ ਦਸਤਖਤ ਨਹੀਂ ਕੀਤੇ ਹਨ ਜੋ ਭਾਰਤ ਲਈ ਖਤਰਾ ਬਣ ਸਕਦਾ ਹੈ।