ਰੋਜ਼ਾਨਾ ਖਾਓ ਇਹ ਇੱਕ ਚੀਜ਼, ਸਾਲ ਦੇ 365 ਦਿਨ ਬਣੀ ਰਹੇਗੀ ਊਰਜਾ ਤੇ ਦਿਮਾਗ਼ ਵੀ ਹੋਵੇਗਾ ਤੇਜ਼

ਕੁੱਝ ਸਮਾਂ ਪਹਿਲਾਂ ਇੱਕ ਐਡ ਬਹੁਤ ਮਸ਼ਹੂਰ ਹੋਈ ਸੀ ਕਿ “ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ।” ਇਹ ਐਡ National Egg Coordination Committee (NECC) ਵੱਲੋਂ ਬਣਾਈ ਗਈ ਸੀ ਤੇ ਇਸ ਨੂੰ ਕਈ ਫ਼ਿਲਮੀ ਸਿਤਾਰਿਆਂ ਨੇ ਵੀ ਪ੍ਰਮੋਟ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਰੋਜ਼ਾਨਾ ਅੰਡੇ ਖਾਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਕਈ ਸਿਹਤ ਮਾਹਿਰ ਵੀ ਅੰਡੇ ਨੂੰ ਸਰੀਰ ਲਈ ਫ਼ਾਇਦੇਮੰਦ ਮੰਨਦੇ ਹਨ।
ਖਾਸ ਕਰਕੇ ਸਰਦੀਆਂ ਵਿੱਚ ਅੰਡਾ ਖਾਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ, ਕਿਉਂਕਿ ਇਹ ਸਰੀਰ ਨੂੰ ਨਿੱਘ ਪ੍ਰਦਾਨ ਕਰਦਾ ਹੈ। ਸਰਦੀਆਂ ਦਾ ਮੌਸਮ ਕਈ ਤਰੀਕਿਆਂ ਨਾਲ ਚੁਣੌਤੀਪੂਰਨ ਹੋ ਸਕਦਾ ਹੈ, ਪਰ ਜੇਕਰ ਤੁਸੀਂ ਆਪਣੀ ਖੁਰਾਕ ਵਿੱਚ ਅੰਡੇ ਨੂੰ ਸ਼ਾਮਲ ਕਰਦੇ ਹੋ, ਤਾਂ ਇਹ ਠੰਡ ਦੇ ਪ੍ਰਕੋਪ ਤੋਂ ਬਚਣ ਵਿੱਚ ਮਦਦ ਕਰ ਸਕਦਾ ਹੈ। ਅੰਡੇ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਫੈਟੀ ਐਸਿਡ ਵਰਗੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ।
ਵੈੱਬ ਐਮਡੀ ਦੀ ਰਿਪੋਰਟ ਮੁਤਾਬਕ ਸਰਦੀਆਂ ਦੇ ਮੌਸਮ ਵਿੱਚ ਇਨਫੈਕਸ਼ਨ ਅਤੇ ਜ਼ੁਕਾਮ ਅਤੇ ਖਾਂਸੀ ਵਰਗੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ। ਅੰਡਾ ਇੱਕ ਵਧੀਆ ਇਮਿਊਨ ਬੂਸਟਰ ਹੈ, ਕਿਉਂਕਿ ਇਸ ਵਿੱਚ ਵਿਟਾਮਿਨ ਡੀ ਅਤੇ ਬੀ12 ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾ ਸਕਦੇ ਹਨ। ਅੰਡੇ ਵਿੱਚ ਵਿਟਾਮਿਨ ਡੀ ਦੇ ਨਾਲ-ਨਾਲ ਜ਼ਿੰਕ, ਸੇਲੇਨਿਅਮ ਅਤੇ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਸਰੀਰ ਨੂੰ ਇਨਫੈਕਸ਼ਨ ਤੋਂ ਬਚਣ ਲਈ ਮਜ਼ਬੂਤ ਬਣਾਉਂਦੇ ਹਨ। ਰੋਜ਼ਾਨਾ ਇੱਕ ਜਾਂ ਦੋ ਅੰਡੇ ਖਾਣ ਨਾਲ ਇਮਿਊਨ ਸਿਸਟਮ ਐਕਟਿਵ ਰਹਿੰਦਾ ਹੈ ਅਤੇ ਸਰੀਰ ਸਰਦੀ-ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਰਹਿੰਦਾ ਹੈ। ਅੰਡੇ ਖਾ ਕੇ ਤੁਸੀਂ ਮੌਸਮੀ ਫਲੂ ਤੋਂ ਵੀ ਬਚ ਸਕਦੇ ਹੋ।
ਪ੍ਰੋਟੀਨ ਦਾ ਵਧੀਆ ਸਰੋਤ ਹੈ ਅੰਡਾ
ਅੰਡੇ ਨੂੰ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ ਅਤੇ ਇਸ ਦਾ ਸੇਵਨ ਮਾਸਪੇਸ਼ੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪ੍ਰੋਟੀਨ ਤੋਂ ਇਲਾਵਾ ਅੰਡੇ ਵਿੱਚ ਚੰਗੀ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਅੰਡੇ ਨੂੰ ਨਿਯਮਿਤ ਤੌਰ ‘ਤੇ ਖਾਣ ਨਾਲ ਹੱਡੀਆਂ ਵਿੱਚ ਲਚਕੀਲਾਪਣ ਬਰਕਰਾਰ ਰਹਿੰਦਾ ਹੈ ਅਤੇ ਮਾਸਪੇਸ਼ੀਆਂ ਦੀ ਤਾਕਤ ਵੀ ਵਧਦੀ ਹੈ। ਅੰਡੇ ‘ਚ ਮੌਜੂਦ ਵਿਟਾਮਿਨ ਡੀ ਹੱਡੀਆਂ ਦੀ ਸਿਹਤ ਨੂੰ ਬਣਾਈ ਰੱਖਣ ‘ਚ ਮਦਦ ਕਰਦਾ ਹੈ, ਜਿਸ ਨਾਲ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਅੰਡਾ ਦਿਲ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾ ਸਕਦਾ ਹੈ।
ਸਰਦੀਆਂ ਵਿੱਚ ਸਕਿਨ ਦਾ ਖੁਸ਼ਕ ਹੋਣਾ ਇੱਕ ਆਮ ਸਮੱਸਿਆ ਹੈ। ਅੰਡੇ ਵਿੱਚ ਵਿਟਾਮਿਨ ਏ, ਡੀ ਅਤੇ ਈ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਸਕਿਨ ਨੂੰ ਨਮੀ ਪ੍ਰਦਾਨ ਕਰਦੇ ਹਨ ਅਤੇ ਇਸ ਨੂੰ ਨਰਮ ਰੱਖਦੇ ਹਨ। ਇਹ ਵਿਟਾਮਿਨ ਸਕਿਨ ਨੂੰ ਪੋਸ਼ਣ ਦਿੰਦੇ ਹਨ ਅਤੇ ਇਸ ਦੀ ਕੁਦਰਤੀ ਚਮਕ ਨੂੰ ਬਰਕਰਾਰ ਰੱਖਦੇ ਹਨ। ਅੰਡੇ ਦਾ ਸੇਵਨ ਕਰਨ ਨਾਲ ਸਕਿਨ ਨੂੰ ਅੰਦਰੋਂ ਹਾਈਡ੍ਰੇਟ ਕੀਤਾ ਜਾ ਸਕਦਾ ਹੈ, ਜਿਸ ਨਾਲ ਸਰਦੀਆਂ ‘ਚ ਸਕਿਨ ‘ਤੇ ਖੁਸ਼ਕੀ ਅਤੇ ਝੁਰੜੀਆਂ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਅੰਡੇ ਵਿੱਚ ਭਰਪੂਰ ਪ੍ਰੋਟੀਨ ਹੁੰਦਾ ਹੈ, ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਇਸ ਕਾਰਨ ਲੋਕ ਘੱਟ ਖਾਣਾ ਖਾਂਦੇ ਹਨ। ਅੰਡੇ ਵਿੱਚ ਘੱਟ ਕੈਲੋਰੀ ਹੁੰਦੀ ਹੈ ਅਤੇ ਇਹ ਭਾਰ ਘਟਾਉਣ ਵਿੱਚ ਮਦਦਗਾਰ ਹੋ ਸਕਦੀ ਹੈ।
ਮਾਨਸਿਕ ਸਿਹਤ ਨੂੰ ਬਿਹਤਰ ਬਣਾਉਂਦਾ ਹੈ ਅੰਡਾ
ਕਈ ਰਿਸਰਚ ਤੋਂ ਪਤਾ ਲੱਗਾ ਹੈ ਕਿ ਅੰਡੇ ਦਾ ਸੇਵਨ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਅੰਡੇ ਵਿੱਚ ਬੀ12 ਅਤੇ ਫੋਲਿਕ ਐਸਿਡ ਵਰਗੇ ਤੱਤ ਹੁੰਦੇ ਹਨ, ਜੋ ਦਿਮਾਗ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਅੰਡੇ ਵਿੱਚ ਮੌਜੂਦ ਪੋਸ਼ਕ ਤੱਤ ਮਾਨਸਿਕ ਸਿਹਤ ਨੂੰ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ। ਅੰਡੇ ਖਾਣ ਨਾਲ ਚਿੰਤਾ ਅਤੇ ਡਿਪਰੈਸ਼ਨ ਤੋਂ ਰਾਹਤ ਮਿਲਦੀ ਹੈ। ਰੋਜ਼ਾਨਾ ਅੰਡੇ ਖਾਣ ਨਾਲ ਮਾਨਸਿਕ ਥਕਾਵਟ ਨੂੰ ਘੱਟ ਕੀਤਾ ਜਾ ਸਕਦਾ ਹੈ। ਇੱਕ ਤਾਜ਼ਾ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਰੋਜ਼ਾਨਾ ਇੱਕ ਅੰਡਾ ਖਾਣ ਨਾਲ ਲੋਕਾਂ ਦੀ ਯਾਦਦਾਸ਼ਤ ਮਜ਼ਬੂਤ ਹੁੰਦੀ ਹੈ ਅਤੇ ਉਨ੍ਹਾਂ ਦੇ ਦਿਮਾਗ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।