ਕੈਨੇਡਾ ‘ਚ ਨਸ਼ੇ ਦੀ ਓਵਰਡੋਜ਼ ਕਾਰਨ 50 ਹਜ਼ਾਰ ਲੋਕਾਂ ਦੀ ਮੌਤ, ਪੁਲਿਸ ਦੇ ਹੈਰਾਨ ਕਰਨ ਵਾਲੇ ਅੰਕੜੇ…

ਜਸਟਿਨ ਟਰੂਡੋ ਸਰਕਾਰ ਦੇ ਜਾਣ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਰਾਇਲ ਕੈਨੇਡੀਅਨ ਪੁਲਿਸ ਅਨੁਸਾਰ ਪਿਛਲੇ 9 ਸਾਲਾਂ ਵਿੱਚ ਕੈਨੇਡਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 50 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੈਨੇਡਾ ਵਿਚ ਨਸ਼ਾ ਤਸਕਰਾਂ ਦੇ ਵਧਦੇ ਨੈੱਟਵਰਕ ਤੋਂ ਭਾਰਤ ਪਹਿਲਾਂ ਹੀ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ। ਹੁਣ ਇਸ ਸੂਚੀ ਵਿੱਚ ਅਮਰੀਕਾ ਦਾ ਨਾਂ ਵੀ ਜੁੜ ਗਿਆ ਹੈ। ਰਾਇਲ ਕੈਨੇਡੀਅਨ ਪੁਲਿਸ ਨੇ ਮੰਨਿਆ ਕਿ ਇਸ ਵੇਲੇ 4,000 ਸੰਗਠਿਤ ਗਰੋਹ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਡਰੱਗ ਡੀਲਰ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਲੋਕ ਏਸ਼ੀਆਈ ਮੂਲ ਦੇ ਹਨ ਅਤੇ ਮਾਫੀਆ ਦੇ ਇਕ ਵੱਡੇ ਸਰਗਨਾ ਦੇ ਤਾਰ ਚੀਨ ਨਾਲ ਵੀ ਜੁੜ ਰਹੇ ਹਨ।
ਪਿਛਲੀ ਟਰੂਡੋ ਸਰਕਾਰ ਦੀਆਂ ਨੀਤੀਆਂ ਨੇ ਕੈਨੇਡਾ ਨੂੰ ਅੰਤਰਰਾਸ਼ਟਰੀ ਡਰੱਗ ਹੱਬ ਬਣਾ ਦਿੱਤਾ ਹੈ। ਰਾਇਲ ਕੈਨੇਡੀਅਨ ਪੁਲਿਸ ਦੇ ਮੁਖੀ ਨੇ ਅਧਿਕਾਰਤ ਤੌਰ ‘ਤੇ ਮੰਨਿਆ ਹੈ ਕਿ ਕੈਨੇਡਾ ਵਿੱਚ ਨਸ਼ਾ ਤਸਕਰਾਂ ਦਾ ਦਬਦਬਾ ਹੈ। ਇਸ ਸਮੇਂ ਕੁੱਲ ਚਾਰ ਹਜ਼ਾਰ ਸੰਗਠਿਤ ਅਪਰਾਧੀ ਗਰੋਹ ਕੰਮ ਕਰ ਰਹੇ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਫੈਂਟਾਨਾਇਲ ਜ਼ਹਿਰੀਲੇ ਡਰੱਗ ਦੀ ਤਸਕਰੀ ਕਰ ਰਹੇ ਹਨ।
ਕੈਨੇਡਾ ਵਿਚ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਲੋਕ
ਕੈਨੇਡਾ ਵਿੱਚ ਪਿਛਲੇ ਅੱਠ ਸਾਲਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 200 ਫੀਸਦੀ ਵਾਧਾ ਹੋਇਆ ਹੈ। ਇੱਕ ਅਧਿਕਾਰਤ ਅੰਕੜੇ ਦੇ ਅਨੁਸਾਰ 2016 ਤੋਂ, ਲਗਭਗ 50,000 ਕੈਨੇਡੀਅਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਅੰਤਰਰਾਸ਼ਟਰੀ ਡਰੱਗ ਹੱਬ ਬਣਨ ਦਾ ਸਭ ਤੋਂ ਵੱਡਾ ਕਾਰਨ ਪਿਛਲੀ ਸਰਕਾਰ ਦੇ ਸ਼ੱਕੀ ਲੋਕਾਂ ਨਾਲ ਸਬੰਧ ਰਹੇ ਹਨ। ਜਿਸ ਕਾਰਨ ਉਹ ਸਖ਼ਤ ਕਾਨੂੰਨ ਵਿੱਚ ਢਿੱਲ ਦਿੰਦਾ ਰਿਹਾ। ਉਦਾਹਰਣ ਵਜੋਂ, ਪਿਛਲੀ ਸਰਕਾਰ ਨੇ ਨਸ਼ਾ ਤਸਕਰਾਂ ਲਈ ਲਾਜ਼ਮੀ ਜੇਲ੍ਹ ਦੀ ਸਜ਼ਾ ਖ਼ਤਮ ਕਰ ਦਿੱਤੀ ਸੀ। ਬਹੁਤੇ ਨਸ਼ਾ ਤਸਕਰਾਂ ਨੂੰ ਬੜੀ ਆਸਾਨੀ ਨਾਲ ਜ਼ਮਾਨਤ ਮਿਲਣ ਲੱਗੀ ਅਤੇ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਨਤੀਜੇ ਵਜੋਂ, ਕੈਨੇਡਾ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਕੇਂਦਰ ਬਣ ਗਿਆ।
ਚੀਨ ਕੈਨੇਡਾ ਰਾਹੀਂ ਅਮਰੀਕਾ ਭੇਜ ਰਿਹਾ ਹੈ ਨਸ਼ੇ!
ਕੈਨੇਡਾ ਦੇ ਡਰੱਗ ਹੱਬ ਬਣਨ ਤੋਂ ਅਮਰੀਕਾ ਵੀ ਕਾਫੀ ਚਿੰਤਤ ਹੈ। ਕਿਉਂਕਿ ਇਨ੍ਹਾਂ ਵਿੱਚੋਂ ਇੱਕ ਵੱਡੇ ਸਮੱਗਲਰ ਦੇ ਚੀਨੀ ਏਜੰਸੀਆਂ ਨਾਲ ਸਿੱਧੇ ਸਬੰਧ ਵੀ ਦੱਸੇ ਜਾਂਦੇ ਹਨ। ਅਮਰੀਕਾ ਨੇ ਕੈਨੇਡਾ ਤੋਂ ਜੋ ਗੁਪਤ ਸੂਚਨਾ ਮੰਗੀ ਸੀ, ਉਸ ਵਿਚ ਇਕ ਵੱਡੇ ਸਮਗਲਿੰਗ ਨੈੱਟਵਰਕ ਬਾਰੇ ਜਾਣਕਾਰੀ ਮੰਗੀ ਗਈ ਸੀ। ਇਹ ਤਸਕਰੀ ਦਾ ਨੈੱਟਵਰਕ ਅੰਤਰਰਾਸ਼ਟਰੀ ਪੱਧਰ ‘ਤੇ ਨਸ਼ਿਆਂ ਦੀ ਤਸਕਰੀ ਕਰਦਾ ਹੈ। ਕੈਨੇਡਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਵਿੱਚ ਜ਼ਿਆਦਾਤਰ ਏਸ਼ੀਆਈ ਲੋਕ ਸ਼ਾਮਲ ਹਨ।