ਪੁਲਿਸ ਐਨਕਾਊਂਟਰ ‘ਚ ਮਾਰਿਆ ਗਿਆ ਡੇਢ ਲੱਖ ਦਾ ਇਨਾਮੀ ਗੈਂਗਸਟਰ, ਦਰਜ ਸਨ 48 ਕੇਸ…

ਬੁਲੰਦਸ਼ਹਿਰ ਵਿਚ ਪੁਲਿਸ ਅਤੇ SOG (ਸਪੈਸ਼ਲ ਆਪਰੇਸ਼ਨ ਗਰੁੱਪ) ਦੇ ਸਾਂਝੇ ਆਪਰੇਸ਼ਨ ‘ਚ ਇਕ ਵੱਡਾ ਅਪਰਾਧੀ ਮਾਰਿਆ ਗਿਆ। ਡੇਢ ਲੱਖ ਰੁਪਏ ਦਾ ਇਨਾਮੀ ਰਾਜੇਸ਼ ਨਾਮ ਦਾ ਇਹ ਅਪਰਾਧੀ ਐਨਕਾਊਂਟਰ ਦੌਰਾਨ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਇਸ ਮੁਕਾਬਲੇ ਵਿਚ ਆਹਾਰ ਥਾਣਾ ਇੰਚਾਰਜ ਵਾਈ ਡੀ ਸ਼ਰਮਾ ਅਤੇ ਇੱਕ ਐਸਓਜੀ ਕਾਂਸਟੇਬਲ ਵੀ ਜ਼ਖ਼ਮੀ ਹੋ ਗਏ।
ਰਾਜੇਸ਼ ਬੁਲੰਦਸ਼ਹਿਰ ਅਤੇ ਅਲੀਗੜ੍ਹ ਪੁਲਿਸ ਲਈ ਸਿਰਦਰਦੀ ਬਣ ਗਿਆ ਸੀ। ਉਸ ਖ਼ਿਲਾਫ਼ ਲੁੱਟ-ਖੋਹ, ਕਤਲ ਦੀ ਕੋਸ਼ਿਸ਼, ਗੈਂਗਸਟਰ ਐਕਟ ਅਤੇ ਹੋਰ ਗੰਭੀਰ ਅਪਰਾਧਾਂ ਦੇ 48 ਕੇਸ ਦਰਜ ਹਨ। ਬੁਲੰਦਸ਼ਹਿਰ ਪੁਲਿਸ ਨੇ ਉਸ ਉਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ, ਜਦਕਿ ਅਲੀਗੜ੍ਹ ਪੁਲਿਸ ਨੇ ਵੀ ਉਸ ‘ਤੇ 50,000 ਰੁਪਏ ਦਾ ਇਨਾਮ ਰੱਖਿਆ ਸੀ।
ਦਰਅਸਲ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ਉਤੇ ਸੀਓ ਅਨੂਪਸ਼ਹਿਰ ਗਿਰਜਾ ਸ਼ੰਕਰ ਤ੍ਰਿਪਾਠੀ ਦੀ ਅਗਵਾਈ ‘ਚ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜੇਸ਼ ਅਤੇ ਉਸ ਦਾ ਸਾਥੀ ਬਾਈਕ ‘ਤੇ ਸਵਾਰ ਹੋ ਕੇ ਇਲਾਕੇ ‘ਚ ਘੁੰਮ ਰਹੇ ਹਨ। ਪੁਲਿਸ ਨੇ ਮੋਮਨ ਚੁੰਗੀ ਚੌਰਾਹੇ ਕੋਲ ਸ਼ੱਕੀ ਵਿਅਕਤੀਆਂ ਦਾ ਬਾਈਕ ਦੇਖਿਆ ਪਰ ਪੁਲਿਸ ਨੂੰ ਦੇਖ ਕੇ ਉਨ੍ਹਾਂ ਨੇ ਥਾਂਦੀ ਪਿਆਉ ਰੋਡ ਵੱਲ ਭੱਜਣ ਦੀ ਕੋਸ਼ਿਸ਼ ਕੀਤੀ |
ਪੁਲਿਸ ਨੇ ਤੁਰੰਤ ਪਿੱਛਾ ਕੀਤਾ ਅਤੇ ਬਦਮਾਸ਼ਾਂ ਨੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਰਾਜੇਸ਼ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਦੂਸਰਾ ਅਪਰਾਧੀ ਹਨੇਰੇ ਦਾ ਫਾਇਦਾ ਉਠਾ ਕੇ ਨੇੜਲੇ ਗੰਨੇ ਦੇ ਖੇਤਾਂ ਵਿਚ ਫਰਾਰ ਹੋ ਗਿਆ। ਉਸ ਦੀ ਭਾਲ ਜਾਰੀ ਹੈ।
ਮੁਕਾਬਲੇ ਦੌਰਾਨ ਥਾਣਾ ਇੰਚਾਰਜ ਵਾਈਡੀ ਸ਼ਰਮਾ ਅਤੇ ਐਸਓਜੀ ਕਾਂਸਟੇਬਲ ਆਰਿਫ਼ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਬੁਲੇਟ ਪਰੂਫ ਜੈਕਟ ਨੇ ਉਸ ਨੂੰ ਕਈ ਗੋਲੀਆਂ ਤੋਂ ਬਚਾਇਆ। ਯੂਪੀ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਰਾਜੇਸ਼ ਦੇ ਖਿਲਾਫ ਬੁਲੰਦਸ਼ਹਿਰ ਅਤੇ ਅਲੀਗੜ੍ਹ ਜ਼ਿਲਿਆਂ ‘ਚ 48 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ‘ਚ ਕਤਲ, ਡਕੈਤੀ, ਗੈਂਗਸਟਰ ਐਕਟ ਅਤੇ ਆਰਮਜ਼ ਐਕਟ ਵਰਗੇ ਗੰਭੀਰ ਅਪਰਾਧ ਸ਼ਾਮਲ ਹਨ।