ਇਜ਼ਰਾਈਲ ਨੇ ਗਾਜ਼ਾ ‘ਚ ਫਿਰ ਮਚਾਈ ਤਬਾਹੀ, 34 ਲੋਕਾਂ ਦੀ ਗਈ ਜਾਨ, ਇਜ਼ਰਾਈਲੀ ਬਲਾਂ ਨੇ 100 ਸ਼ੱਕੀ ਅੱਤਵਾਦੀਆਂ ਨੂੰ ਕੀਤਾ ਕਾਬੂ

ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ‘ਚ ਗਾਜ਼ਾ ਜੰਗ ਦਾ ਮੈਦਾਨ ਬਣ ਗਿਆ ਹੈ। ਇਜ਼ਰਾਈਲ ਨੇ ਗਾਜ਼ਾ ‘ਚ ਇਕ ਵਾਰ ਫਿਰ ਵੱਡੀ ਫੌਜੀ ਕਾਰਵਾਈ ਕੀਤੀ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਨੇ ਮੰਗਲਵਾਰ ਤੜਕੇ ਉੱਤਰੀ ਗਾਜ਼ਾ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ‘ਤੇ ਹਮਲਾ ਕੀਤਾ। ਇਸ ਹਮਲੇ ‘ਚ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚੋਂ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਸਨ। ਇਸ ਇਮਾਰਤ ਵਿੱਚ ਵਿਸਥਾਪਿਤ ਫਲਸਤੀਨੀ ਲੋਕਾਂ ਨੇ ਸ਼ਰਨ ਲਈ ਸੀ।
ਸਿਹਤ ਮੰਤਰਾਲੇ ਦੀ ਐਮਰਜੈਂਸੀ ਸਰਵਿਸ ਨੇ ਕਿਹਾ ਕਿ ਇਜ਼ਰਾਈਲ ਨਾਲ ਲੱਗਦੀ ਸਰਹੱਦ ਦੇ ਨੇੜੇ ਉੱਤਰੀ ਕਸਬੇ ਬੀਤ ਲਾਹੀਆ ਵਿੱਚ ਹੋਏ ਹਮਲੇ ਵਿੱਚ 20 ਲੋਕ ਜ਼ਖਮੀ ਹੋਏ ਹਨ। ਇਜ਼ਰਾਇਲੀ ਫੌਜ ਨੇ ਇਸ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਗਾਜ਼ਾ ਵਿੱਚ ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹਮਾਸ ਅਤੇ ਇਜ਼ਰਾਈਲ ਵਿਚਾਲੇ ਸਾਲ ਭਰ ਤੋਂ ਚੱਲੀ ਜੰਗ ਵਿੱਚ 43,000 ਫਲਸਤੀਨੀ ਮਾਰੇ ਗਏ ਹਨ।
ਇਸ ਦੌਰਾਨ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਹਮਾਸ ਦੇ ਖਿਲਾਫ ਜੰਗ ਲੜ ਰਹੀ ਇਜ਼ਰਾਇਲੀ ਫੌਜ ਨੂੰ ਵੱਡੀ ਸਫਲਤਾ ਮਿਲੀ ਹੈ। ਇਜ਼ਰਾਈਲੀ ਬਲਾਂ ਨੇ ਉੱਤਰੀ ਗਾਜ਼ਾ ਦੇ ਕਮਾਲ ਅਦਵਾਨ ਹਸਪਤਾਲ ‘ਤੇ ਛਾਪੇਮਾਰੀ ਦੌਰਾਨ ਹਮਾਸ ਦੇ ਕਰੀਬ 100 ਸ਼ੱਕੀ ਅੱਤਵਾਦੀਆਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ‘ਚ ਉਹ ਅੱਤਵਾਦੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਨਾਗਰਿਕਾਂ ਨੂੰ ਕੱਢਣ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਫੌਜ ਨੂੰ ਹਸਪਤਾਲ ਦੇ ਅੰਦਰ ਹਥਿਆਰ, ਅੱਤਵਾਦੀ ਫੰਡ ਅਤੇ ਖੁਫੀਆ ਦਸਤਾਵੇਜ਼ ਵੀ ਮਿਲੇ ਹਨ।
ਸੰਯੁਕਤ ਰਾਸ਼ਟਰ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਈ ਵਾਰ ਇਸ ਜੰਗ ਨੂੰ ਰੋਕਣ ਲਈ ਕਿਹਾ ਹੈ। ਕਈ ਅਜਿਹੇ ਮੌਕੇ ਆਏ ਜਦੋਂ ਜੰਗਬੰਦੀ ਨੂੰ ਲੈ ਕੇ ਮੀਟਿੰਗਾਂ ਹੋਈਆਂ। ਪਰ ਇਹ ਕੰਮ ਨਹੀਂ ਆਇਆ। ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਜੰਗਬੰਦੀ ਦੀ ਦਿਸ਼ਾ ‘ਚ ਸਫਲਤਾ ਮਿਲ ਸਕਦੀ ਹੈ। ਸੀਆਈਏ ਦੇ ਡਾਇਰੈਕਟਰ ਬਿਲ ਬਰਨਜ਼ ਨੇ ਗਾਜ਼ਾ ਜੰਗਬੰਦੀ ਬਾਰੇ ਇੱਕ ਨਵੇਂ ਪ੍ਰਸਤਾਵ ‘ਤੇ ਚਰਚਾ ਕੀਤੀ ਹੈ।
ਉਨ੍ਹਾਂ ਨੇ ਆਪਣੇ ਇਜ਼ਰਾਈਲੀ ਅਤੇ ਕਤਾਰੀ ਹਮਰੁਤਬਾ ਨਾਲ ਇਸ ਪ੍ਰਸਤਾਵ ‘ਤੇ ਚਰਚਾ ਕੀਤੀ। ਇਹ ਪ੍ਰਸਤਾਵ ਹਮਾਸ ਲਈ ਅੱਠ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਅਤੇ ਗਾਜ਼ਾ ਵਿੱਚ 28 ਦਿਨਾਂ ਦੀ ਜੰਗਬੰਦੀ ਨੂੰ ਲਾਗੂ ਕਰਨ ਲਈ ਹੈ। ਜੇਕਰ ਇਸ ਪ੍ਰਸਤਾਵ ‘ਤੇ ਸਹਿਮਤੀ ਹੋ ਜਾਂਦੀ ਹੈ ਤਾਂ ਜੰਗਬੰਦੀ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਡੈੱਡਲਾਕ ਖਤਮ ਹੋ ਜਾਵੇਗਾ।