ਰਤਨ ਟਾਟਾ ਦੀ ਵਸੀਅਤ ‘ਚ ਪਾਲਤੂ ਕੁੱਤੇ ਟੀਟੋ ਦਾ ਵੀ ਜ਼ਿਕਰ, ਜਾਣੋ 10,000 ਕਰੋੜ ਦੀ ਜਾਇਦਾਦ ‘ਚੋਂ ਕੀ ਮਿਲੇਗਾ…

ਉਦਯੋਗਪਤੀ ਰਤਨ ਟਾਟਾ ਦਾ 9 ਅਕਤੂਬਰ 2024 ਨੂੰ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਮੌਤ ਤੋਂ ਬਾਅਦ ਉਨ੍ਹਾਂ ਵੱਲੋਂ ਛੱਡੀ ਗਈ ਵਸੀਅਤ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਜਾਇਦਾਦ ਆਪਣੇ ਪਰਿਵਾਰ ਅਤੇ ਕੁਝ ਨਜ਼ਦੀਕੀ ਲੋਕਾਂ ਵਿਚ ਵੰਡਣ ਦਾ ਜ਼ਿਕਰ ਕੀਤਾ ਹੈ। ਇਸ ਵਿੱਚ ਉਨ੍ਹਾਂ ਦੇ ਪਾਲਤੂ ਕੁੱਤੇ ਟੀਟੋ ਦਾ ਵੀ ਵਿਸ਼ੇਸ਼ ਤੌਰ ਉਤੇ ਜ਼ਿਕਰ ਕੀਤਾ ਗਿਆ ਹੈ।
ਉਨ੍ਹਾਂ ਦੀ ਸੰਪਤੀ ਦਾ ਅੰਦਾਜ਼ਾ 10,000 ਕਰੋੜ ਰੁਪਏ ਤੋਂ ਵੱਧ ਹੈ, ਜਿਸ ਵਿੱਚ ਅਲੀਬਾਗ ਵਿੱਚ 2,000 ਵਰਗ ਫੁੱਟ ਦਾ ਬੀਚ ਬੰਗਲਾ, ਮੁੰਬਈ ਵਿੱਚ ਜੁਹੂ ਤਾਰਾ ਰੋਡ ‘ਤੇ ਇੱਕ ਦੋ ਮੰਜ਼ਿਲਾ ਘਰ, 350 ਕਰੋੜ ਰੁਪਏ ਤੋਂ ਵੱਧ ਦੀ ਫਿਕਸਡ ਡਿਪਾਜ਼ਿਟ ਅਤੇ ਟਾਟਾ ਸੰਨਜ਼ ਵਿੱਚ 0.83% ਹਿੱਸੇਦਾਰੀ ਸ਼ਾਮਲ ਹੈ।
ਵਸੀਅਤ ਵਿੱਚ ਟੀਟੋ ਲਈ ਵਿਸ਼ੇਸ਼ ਵਿਵਸਥਾ
ਰਤਨ ਟਾਟਾ ਨੇ ਆਪਣੀ ਵਸੀਅਤ ਵਿਚ ਆਪਣੇ ਜਰਮਨ ਸ਼ੈਫਰਡ ਕੁੱਤੇ ਟੀਟੋ ਨੂੰ ‘ਬਿਨਾਂ ਸ਼ਰਤ ਪਿਆਰ’ ਦੇਣ ਦਾ ਜ਼ਿਕਰ ਕੀਤਾ ਹੈ। ਟੀਟੋ ਦੀ ਦੇਖਭਾਲ ਉਸ ਦੇ ਲੰਬੇ ਸਮੇਂ ਤੋਂ ਰਸੋਈਏ ਰਾਜਨ ਸ਼ਾਅ ਕਰਨਗੇ। ਇਸ ਤੋਂ ਇਲਾਵਾ ਵਸੀਅਤ ‘ਚ ਟਾਟਾ ਦੇ ਬਟਲਰ, ਸੁਬੱਈਆ ਦਾ ਵੀ ਜ਼ਿਕਰ ਹੈ, ਜੋ ਪਿਛਲੇ 30 ਸਾਲਾਂ ਤੋਂ ਉਨ੍ਹਾਂ ਦੇ ਨਾਲ ਸੀ। ਰਾਜਨ ਅਤੇ ਸੁਬੱਈਆ ਦੋਵੇਂ ਰਤਨ ਟਾਟਾ ਦੇ ਬਹੁਤ ਕਰੀਬੀ ਮੰਨੇ ਜਾਂਦੇ ਸਨ।
ਸ਼ਾਂਤਨੂ ਨਾਇਡੂ ਨੂੰ ਵੀ ਜਗ੍ਹਾ ਮਿਲੀ ਹੈ
ਟਾਟਾ ਦੇ ਕਰੀਬੀ ਸਲਾਹਕਾਰ ਸ਼ਾਂਤਨੂ ਨਾਇਡੂ, ਜਿਨ੍ਹਾਂ ਨਾਲ ਉਹ ਅਕਸਰ ਦੇਖੇ ਜਾਂਦੇ ਸੀ, ਦਾ ਵੀ ਵਸੀਅਤ ਵਿਚ ਜ਼ਿਕਰ ਮਿਲਦਾ ਹੈ। ਰਤਨ ਟਾਟਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਸੌਤੇਲੇ ਭਰਾ ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ, ਜੋ ਟਾਟਾ ਸੰਨਜ਼ ਵਿੱਚ 66% ਹਿੱਸੇਦਾਰੀ ਦਾ ਮਾਲਕ ਹੈ। ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਗਰੁੱਪ ਕੰਪਨੀ ਦੇ ਬੋਰਡ ‘ਤੇ ਨਵੇਂ ਚੇਅਰਮੈਨ ਦੀ ਨਿਯੁਕਤੀ ਦੀ ਸੰਭਾਵਨਾ ਹੈ, ਜੋ ਟਾਟਾ ਟਰੱਸਟ ਦੀ ਪ੍ਰਧਾਨਗੀ ਵੀ ਕਰੇਗਾ।